ਲੁਧਿਆਣਾ – ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਨੋਬਲ ਪੁਰਸਕਾਰ ਵਿਜੇਤਾ ਭਾਰਤੀ ਲੇਖਕ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀਆਂ ਲਿਖੀਆਂ 12 ਮਹੱਤਵਪੂਰਨ ਪੁਸਤਕਾਂ ਦਾ ਸੈੱਟ ਪੰਜਾਬੀ ਸਾਹਿਤ ਅਕੈਡਮੀਲੁਧਿਆਣਾ ਵੱਲੋਂ ਸ਼ਾਂਤੀ ਨਿਕੇਤਨ (ਪੱਛਮੀ ਬੰਗਾਲ) ਵਿਖੇ ਬੀਤੀ ਸ਼ਾਮ ਵਿਸ਼ਵ ਭਾਰਤੀ ਯੂਨੀਵਰਸਿਟੀ ਸ਼ਾਂਤੀ ਨਿਕੇਤਨ ਦੇ ਵਾਈਸ ਚਾਂਸਲਰ ਡਾ: ਰਜਿਤ ਕਾਂਤ ਰਾਏ ਵੱਲੋਂ ਲੋਕ ਅਰਪਣ ਕੀਤਾ ਗਿਆ।ਭਾਰਤੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਇਨ੍ਹਾਂ ਪੁਸਤਕਾਂ ਦਾ ਪ੍ਰਕਾਸ਼ਨ ਸੰਭਵ ਹੋ ਸਕਿਆ ਹੈ। ਭਾਰਤੀ ਸਾਹਿਤ ਅਕੈਡਮੀ ਦੇ ਮੀਤ ਪ੍ਰਧਾਨ ਡਾ: ਸਤਿੰਦਰ ਸਿੰਘ ਨੂਰ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਸਰਸਵਤੀ ਪੁਰਸਕਾਰ ਵਿਜੇਤਾ ਕਵੀ ਡਾ: ਸੁਰਜੀਤ ਪਾਤਰ, ਡਾ: ਰਵੇਲ ਸਿੰਘ ਸਕੱਤਰ ਪੰਜਾਬੀ ਅਕੈਡਮੀ ਦਿੱਲੀ ਅਤੇ ਵਿਸ਼ਵ ਪੰਜਾਬੀ ਕੇਂਦਰ ਦੇ ਨਿਰਦੇਸ਼ਕ ਡਾ: ਦੀਪਕ ਮਨਮੋਹਨ ਸਿੰਘ ਨੇ ਇਹ ਸੈੱਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਜਿਤ ਕਾਂਤ ਰਾਏ ਨੂੰ ਭੇਂਟ ਕੀਤਾ। ਯੂਨੀਵਰਸਿਟੀ ਵੱਲੋਂ ਬੋਲਦਿਆਂ ਡਾ: ਰਜਿਤ ਕਾਂਤ ਰਾਏ ਨੇ ਆਖਿਆ ਕਿ ਗੂਰੂ ਦੇਵ ਟੈਗੋਰ ਦਾ ਪੰਜਾਬ ਨਾਲ ਰਿਸ਼ਤਾ ਹਰਿਮੰਦਰ ਸਾਹਿਬ, ਜ਼ਲ੍ਹਿਆਂ ਵਾਲਾ ਬਾਗ, ਬਾਬਾ ਬੰਦਾ ਸਿੰਘ ਬਹਾਦਰ ਅਤੇ ਸ਼ਹੀਦ ਭਾਈ ਤਾਰੂ ਸਿੰਘ ਰਾਹੀਂ ਹੁੰਦਾ ਹੋਇਆ ਅੱਜ ਇਨ੍ਹਾਂ 12 ਪੁਸਤਕਾਂ ਰਾਹੀਂ ਮੁੜ ਸ਼ਾਂਤੀ ਨਿਕੇਤਨ ਨਾਲ ਜੁੜਿਆ ਹੈ। ਉਨ੍ਹਾਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਪੰਜਾਬ ਅਤੇ ਸ਼ਾਂਤੀ ਨਿਕੇਤਨ ਵਿਚਕਾਰ ਸ਼ਬਦਾਂ ਦਾ ਪੁਲ ਉਸਾਰਿਆ ਹੈ। ਯੂਨੀਵਰਸਿਟੀ ਦੇ ਪਰੋ ਵਾਈਸ ਚਾਂਸਲਰ ਡਾ: ਉਦੇ ਨਰਾਇਣ ਸਿੰਘ ਨੇ ਇਸ ਸਮਾਗਮ ਵਿੱਚ ਸ਼ਾਮਿਲ ਲੇਖਕਾਂ ਅਤੇ ਡੈਲੀਗੇਸ਼ਨ ਦਾ ਸੁਆਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਸੰਸਥਾ ਪੰਜਾਬ ਨਾਲ ਹੋਰ ਵੀ ਪੱਕਾ ਪੀਡਾ ਰਿਸ਼ਤਾ ਬਣਾਏਗੀ। ਭਾਰਤੀ ਸਾਹਿਤ ਅਕੈਡਮੀ ਦੇ ਮੀਤ ਪ੍ਰਧਾਨ ਡਾ: ਸਤਿੰਦਰ ਸਿੰਘ ਨੂਰ, ਸਕੱਤਰ ਡਾ: ਏ ਕ੍ਰਿਸ਼ਨਾ ਮੂਰਤੀ ਅਤੇ ਪ੍ਰਸਿੱਧ ਵਿਦਵਾਨ ਸ: ਅਮਰਜੀਤ ਸਿੰਘ ਗਰੇਵਾਲ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਇਸ ਡੈਲੀਗੇਸ਼ਨ ਵਿੱਚ 12 ਪੁਸਤਕਾਂ ਦੇ ਸੰਪਾਦਕਾਂ ਵਿਚੋਂ ਡਾ: ਸੁਰਜੀਤ ਪਾਤਰ, ਅਮਰਜੀਤ ਸਿੰਘ ਗਰੇਵਾਲ ਅਤੇ ਡਾ: ਰਵੀ ਰਵਿੰਦਰ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਵਜੋਂ ਗੁਰੂਦੇਵ ਟੈਗੋਰ ਦੇ ਚਿੱਤਰ ਭੇਂਟ ਕੀਤੇ ਗਏ।
ਇਸ ਵਫਦ ਵਿੱਚ ਸ਼ਾਮਿਲ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਵਿਸ਼ਵ ਭਾਰਤੀ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਗੁਰੂਦੇਵ ਟੈਗੋਰ ਦੀ ਕਰਮਭੂਮੀ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਜਨਮਾਂ ਪੁਰਣਾ ਸੁਪਨਾ ਪੂਰਾ ਕੀਤਾ ਹੈ। ਵਰਨਣਯੋਗ ਗੱਲ ਇਹ ਹੈ ਕਿ ਬਹੁਤੇ ਪੰਜਾਬੀ ਲੇਖਕ ਪਹਿਲੀ ਵਾਰ ਹੀ ਸ਼ਾਂਤੀ ਨਿਕੇਤਨ ਪੁੱਜੇ। ਇਸ ਮੌਕੇ 24 ਭਾਰਤੀ ਭਾਸ਼ਾਵਾਂ ਦੇ ਨੌਜਵਾਨ ਪੰਜਾਬੀ ਕਵੀ ਅਤੇ ਲੇਖਕ ਅੰਕੁਰਡੇਕਾ (ਅਸਾਮੀ), ਮੌਲੀ ਮਿਸ਼ਰਾ (ਬੰਗਾਲੀ), ਰੈਂਡਿਮ ਬਸੂ (ਬੰਗਾਲੀ), ਭਬਾਲੀ ਬਾਗਲੇਰੀ (ਬੋਡੋ), ਵਿਜੇ ਠਾਕੁਰ ਸਲੇਠੀਆ (ਡੋਗਰੀ), ਨੈਨਾ ਡੇ (ਅੰਗਰੇਜ਼ੀ), ਮਹਿੰਦਰ ਸਿੰਘ ਪਰਮਾਰ (ਗੁਜਰਾਤੀ), ਵਿਜੇ ਕੁਮਾਰ ਸਾਓ ਨਿਸ਼ਾਂਤ (ਹਿੰਦੀ), ਐਮ ਐਸ ਆਸ਼ਾਦੇਵੀ (ਕੰਨੜਾ), ਹਸਨ ਅਜ਼ਹਰ (ਕਸ਼ਮੀਰੀ), ਪੀ ਐਨ ਗੋਪੀ ਕ੍ਰਿਸ਼ਨਨ (ਮਲਿਆਲਮ), ਕਿਸ਼ੇਤਰੀ ਰਾਜਨ (ਮਨੀਪੁਰੀ), ਸ਼ਰਦ ਕੁਮਾਰ ਨਿੰਬਾਲੇ (ਮਰਾਠੀ), ਕਮਲ ਰੇਗਮੀ (ਨਿਪਾਲੀ), ਸਵੱਪਨ ਮਿਸ਼ਰਾ (ਉੜੀਆ), ਡਾ: ਰਵੀ ਰਵਿੰਦਰ (ਪੰਜਾਬੀ), ਰਮੇਸ਼ਵਰ ਗੁੰਦਾਰਾ (ਰਾਜਸਥਾਨੀ), ਮਧੂ ਸੂਦਨ ਪੈਨਾ(ਸੰਸਕ੍ਰਿਤ), ਦਿਲਾਜਪਾਰਾ ਹੰਸਦਾ (ਸੰਥਾਲੀ), ਡਾ: ਵਿਨੋਦ ਅਸੂਦਾਨੀ (ਸਿੰਧੀ), ਅਜਹਾ ਪੇਰੀਆਵਾਨ (ਤਾਮਿਲ), ਐਸ ਦਵਿੰਦਰ ਚਾਰੀ (ਤੇਲਗੂ), ਜਨਾਬ ਅਤਾ ਆਬਦੀ (ਉਰਦੂ), ਸੁਖਵਿੰਦਰ ਅੰਮ੍ਰਿਤ (ਪੰਜਾਬੀ), ਡਾ: ਵਨੀਤਾ (ਪੰਜਾਬੀ) ਵੀ ਸ਼ਾਮਿਲ ਸਨ। ਇਸ ਮੌਕੇ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਦੇਸ਼ ਭਰ ਤੋਂ ਆਏ ਨੌਜਵਾਨ ਪੰਜਾਬੀ ਕਵੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਚੋਣਵੀਆਂ ਪੰਜ ਪੰਜ ਕਵਿਤਾਵਾਂ ਸਾਨੂੰ ਭੇਜਣ ਤਾਂ ਜੋ ਵਿਸ਼ਵ ਭਾਰਤੀ ਨਾਮ ਹੇਠ ਇਕ ਆਜਿਹੇ ਕਾਵਿ ਸੰਗ੍ਰਿਹ ਦਾ ਸੰਪਾਦਕ ਕੀਤਾ ਜਾਵੇ ਜਿਸ ਵਿੱਚ ਫੁਲਕਾਰੀ ਦੇ ਧਾਗਿਆਂ ਵਾਂਗ ਸਭੇ ਰੰਗ ਪਰੋਏ ਹੋਣ। ਭਾਰਤੀ ਸਾਹਿਤ ਅਕੈਡਮੀ ਦੇ ਖੇਤਰੀ ਸਕੱਤਰ ਡਾ: ਰਾਮ ਕੁਮਾਰ ਮੁਖੋਪਾਧਿਆਏ ਨੇ ਦੇਸ਼ ਭਰ ਤੋਂ ਆਏ ਪੰਜਾਬੀ ਲੇਖਕਾਂ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਤੇ ਵਿਸ਼ਵ ਭਾਰਤੀ ਯੂਨੀਵਰਸਿਟੀ ਦਾ ਧੰਨਵਾਦ ਕੀਤਾ । ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬੰਗਾਲੀ ਅਤੇ ਮਨੀਪੁਰੀ ਲੋਕ ਨਾਚਾਂ ਨਾਲ ਸਰੋਤਿਆਂ ਅਤੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਉਘੇ ਲੋਕ ਗਾਇਕ ਤਰੁਨ ਖਾਪਾ ਬਾਊਲ ਨੇ ਲੋਕ ਕਵੀ ਲੱਲ੍ਹਣ ਦੀਆਂ ਰਚਨਾਵਾਂ ਸੁਣਾ ਕੇ ਆਪਣੇ ਲੋਕ ਸਾਜ ਬਾਊਲ ਦੀਆਂ ਤਰਬਾਂ ਛੇੜੀਆਂ। ਇਸ ਡੈਲੀਗੇਸ਼ਨ ਨੇ ਗੁਰੂਦੇਵ ਰਵਿੰਦਰ ਨਾਥ ਟੈਗੋਰ ਦਾ ਘਰ ਅਤੇ ਹੋਰ ਮਹੱਤਵਪੂਰਨ ਸਥਾਨਾਂ ਨੂੰ ਵੀ ਵੇਖਿਆ।
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਤ ਟੈਗੋਰ ਦੀਆਂ 12 ਪੁਸਤਕਾਂ ਦਾ ਸੈੱਟ ਸ਼ਾਂਤੀ ਨਿਕੇਤਨ ਵਿੱਚ ਲੋਕ ਅਰਪਣ
This entry was posted in ਸਰਗਰਮੀਆਂ.