ਅੰਮ੍ਰਿਤਸਰ – ਸ਼੍ਰੋ. ਗੁ. ਪ੍ਰ. ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਅਰੰਭ ਕੀਤੇ ਗਏ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਬਾਰੇ ਸ. ਹਰਜੀਤ ਸਿੰਘ ਐਡੀ. ਸਕੱਤਰ ਧਰਮ ਪ੍ਰਚਾਰ ਕਮੇਟੀ ਅਤੇ ਡਾਇਰੈਕਟਰ ਡਾ. ਜਸਬੀਰ ਸਿੰਘ ਸਾਬਰ ਨੇ ਅੱਜ ਦਫਤਰ ਪੱਤਰ ਵਿਹਾਰ ਕੋਰਸ ਵਿਖੇ ਪੱਤਰਕਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਹੈ ਕਿ ਜਿਨਾਂ ਜਿਗਿਆਸੂ (ਵਿਦਿਆਰਥੀਆਂ) ਨੇ ਇਸ ਕੋਰਸ ਵਿੱਚ ਦਾਖਲਾ ਪ੍ਰਾਪਤ ਕੀਤਾ ਹੋਇਆ ਹੈ ਉਨ੍ਹਾਂ ਦੀ ਸਲਾਨਾ ਪ੍ਰੀਖਿਆ ਮਿਤੀ 11 ਤੇ 12 ਦਸੰਬਰ ਨੂੰ ਹੋ ਰਹੀ ਹੈ।ਉਸ ਦੇ ਸੰਬੰਧ ਵਿੱਚ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ। ਇਸ ਕੋਰਸ ਦੀ ਪ੍ਰੀਖਿਆ ਲਈ ਪੰਜਾਬ, ਹਰਿਆਣਾ, ਰਾਜਸਥਾਨ, ਐਮ. ਪੀ, ਮਹਾਂਰਾਸ਼ਟਰ ਆਦਿ ਵਿੱਚ 35 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏੇ ਹਨ ਅਤ ਸੰਬੰਧਤ ਨਿਗਰਾਨ ਅਮਲਾ ਪ੍ਰੀਖਿਆ ਸਮੱਗਰੀ ਲੈ ਕੇ ਵੱਖ ਵੱਖ ਪ੍ਰੀਖਿਆ ਕੇਂਦਰ ਲਈ ਰਵਾਨਾ ਹੋ ਗਏ ਹਨ।ਉਨਾਂ ਹੋਰ ਦੱਸਿਆ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਡਾਕ ਰਾਹੀਂ ਰੋਲ ਨੰਬਰ ਭੇਜ ਦਿੱਤੇ ਗਏ ਹਨ ਅਤੇ ਐਸ. ਐਮ. ਐਸ ਵੀ ਕੀਤੇ ਗਏ ਹਨ।
ਡਾ. ਸਾਬਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਸਤਿਕਾਰਯੋਗ ਪ੍ਰਧਾਨ ਸਾਹਿਬ ਜਥੇ. ਅਵਤਾਰ ਸਿੰਘ ਜੀ ਵੱਲੋਂ ਸ਼ੁਰੂ ਕਰਵਾਏ ਗਏ ਇਸ ਕੋਰਸ ਦੀ ਦੇਸ਼ ਤੇ ਵਿਦੇਸ਼ ਦੇ ਕੋਨੇ-ਕੋਨੇ ਵਿੱਚ ਪ੍ਰਸ਼ੰਸਾ ਹੋ ਰਹੀ ਹੈ ਜਿਸ ਕਰਕੇ ਇਸ ਸਾਲ 4300 ਵਿਦਿਅਰਥੀਆਂ ਨੇ ਦਾਖਲਾ ਪ੍ਰਾਪਤ ਕੀਤਾ ਹੈ।ਇਸ ਕੋਰਸ ਵਿੱਚ ਦਾਖਲਾ ਪ੍ਰਾਪਤ ਕਰਨ ਵਾਲੇ 16 ਸਾਲ ਤੋਂ 90 ਸਾਲ ਦੀ ਉਮਰ ਦੇ ਵਿਦਿਆਰਥੀ ਪ੍ਰੋਫੇਸਰ ਅਤੇ ਪ੍ਰਿੰਸੀਪਲਾਂ ਤੋਂ ਇਲਾਵਾ ਵਕੀਲ, ਜੱਜ, ਪੁਲਸ ਅਤੇ ਫੋਜ ਦੇ ਅਫਸਰਾਂ ਤੋਂ ਇਲਾਵਾ ਪੱਤਰਕਾਰ ਵੀ ਸ਼ਾਮਲ ਹਨ।ਵਿਸ਼ੇਸ਼ਤਾ ਇਹ ਹੈ ਕਿ ਸਿੱਖਾਂ ਤੋਂ ਇਲਾਵਾ ਗੈਰ-ਸਿੱਖ ਵਿਦਿਆਰਥੀ ਵੀ ਵੱਡੀ ਗਿਣਤੀ ਵਿੱਚ ਇਸ ਕੋਰਸ ਵਿੱਚ ਡੂੰਘੀ ਦਿਲਚਸਪੀ ਲੈ ਰਹੇ ਹਨ।ਇਸ ਕੋਰਸ ਰਾਹੀਂ ਸਿੱਖ ਧਰਮ ਦੇ ਪਾਵਨ ਸ੍ਰੀ ਗੁਰੂ ਗੰਥ ਸਾਹਿਬ ਜੀ, ਦੱਸ ਗੁਰੂ ਸਾਹਿਬ ਦਾ ਜੀਵਨ ਤੇ ਸਿੱਖਿਆਵਾਂ, ਪ੍ਰਸਿੱਧ ਸਿੱਖ ਸ੍ਰੋਤ ਗ੍ਰੰਥ, ਸਿੱਖ ਰਹਿਤ ਮਰਯਾਦਾ ਤੋਂ ਇਲਾਵਾ ਸੰਸਾਰ ਦੇ ਪ੍ਰਸਿੱਧ ਪੰਜ ਧਰਮ ਅਤੇ ਉਨਾਂ ਦੇ ਧਰਮ ਗ੍ਰੰਥ, ਭਗਤਾਂ ਦਾ ਜੀਵਨ ਤੇ ਸਿਖਿਆਵਾਂ ਗੁਰਬਾਣੀ ਦੇ ਸਿੱਖ ਸੰਕਲਪ ਤੇ ਸੰਸਥਾਵਾਂ, ਪ੍ਰਸਿੱਧ ਸਿੱਖ ਸੰਪ੍ਰਦਾਵਾਂ ਤੇ ਲਹਿਰਾਂ ਆਦਿ ਬਾਰੇ ਮੁੱਢਲੀ ਭਾਵਪੂਰਤ ਤੇ ਪ੍ਰਮਾਣਕ ਜਾਣਕਾਰੀ ਦਿੱਤੀ ਜਾ ਰਹੀ ਹੈ। ਕੋਰਸ ਦਾ ਸਮਾਂ ਦੋ ਸਾਲ ਦਾ ਹੈ ਅਤੇ ਕੁੱਲ ਅੱਠ ਪੇਪਰ ਹਨ। ਹਰੇਕ ਸਾਲ ਚਾਰ ਪੇਪਰ ਹੁੰਦੇ ਹਨ ਜਿਨ੍ਹਾਂ ਦਾ ਰੀਡਿੰਗ ਮਟੀਰੀਅਲ ਹਰੇਕ ਪਰਚੇ ਲਈ 50-55 ਸਫਿਆਂ ਦਾ ਹੈ।ਸਮੁੱਚੇ ਕੋਰਸ ਲਈ ਕੇਵਲ ਇੱਕ ਵਾਰ ਹੀ ਦਾਖਲਾ ਫੀਸ 100 ਰੁਪਏ ਲਏ ਜਾਂਦੇ ਹਨ ਬਾਕੀ ਸਾਰਾ ਕੋਰਸ ਤੇ ਪਾਠ ਸਮੱਗਰੀ ਮੁਫਤ ਵਿਦਿਆਰਥੀਆਂ ਦੇ ਘਰ ਡਾਕ ਰਾਹੀਂ ਭੇਜੀ ਜਾਂਦੀ ਹੈ। ਪ੍ਰਧਾਨ ਸਾਹਿਬ ਜੀ ਦੇ ਆਦੇਸ਼ ਅਨੁਸਾਰ ਵਿਦੇਸ਼ੀ ਸਿੱਖਾਂ ਦੀ ਮੰਗ ਕਾਰਨ ਇਹ ਕੋਰਸ ਹੁਣ ਅੰਗ੍ਰੇਜੀ ਵਿੱਚ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਮੇਂ ਇਹ ਕੇਵਲ ਪੰਜਾਬੀ ਤੇ ਹਿੰਦੀ ਵਿੱਚ ਚੱਲ ਰਿਹਾ ਹੈ।ਇਸ ਮੌਕੇ ਤੇ ਸ੍ਰ: ਰਣਜੀਤ ਸਿੰਘ ਭੋਮਾ, ਭਾਈ ਪਰਮਜੀਤ ਸਿੰਘ ਸੰਗਰੂਰ, ਭਾਈ ਸਰੂਪ ਸਿੰਘ ਸਹੂਰ, ਡਾ:ਜੋਗੇਸ਼ਵਰ ਸਿੰਘ ਆਦਿ ਹਾਜ਼ਰ ਸਨ।
ਪੱਤਰ ਵਿਹਾਰ ਕੋਰਸ ਦੀ ਸਲਾਨਾ ਪ੍ਰੀਖਿਆ ਲਈ ਨਿਗਰਾਨ ਅਮਲਾ ਪ੍ਰੀਖਿਆ ਕੇਂਦਰਾਂ ਲਈ ਰਵਾਨਾ
This entry was posted in ਪੰਜਾਬ.