ਅੰਮ੍ਰਿਤਸਰ -ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਜਨਤਾ ਨੂੰ ਕਾਂਗਰਸ ਵਿਰੁੱਧ ਇੱਕ ਮੁੱਠ ਹੋਣ ਦਾ ਸਦਾ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਗਾਂਧੀ ਪਰਿਵਾਰ ਨੂੰ ਸਿਆਸੀ ਸਫ਼ਾਂ ਤੋਂ ਬਾਹਰ ਕੀਤੇ ਬਿਨਾਂ ਦੇਸ਼ ਵਿੱਚ ਨਵ ਇਨਕਲਾਬ ਲਿਆਉਣਾ ਸੰਭਵ ਨਹੀਂ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ: ਰਵਨੀਤ ਸਿੰਘ ਬਿੱਟੂ ਵੱਲੋਂ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਹੋਈ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਸੰਬੰਧੀ ਕੀਤੀ ਗਈ ਟਿੱਪਣੀ ਦਾ ਮੋੜਵਾਂ ਜਵਾਬ ਦਿੰਦਿਆਂ ਸ: ਮਜੀਠੀਆ ਨੇ ਕਿਹਾ ਕਿ ਯੂਥ ਅਕਾਲੀ ਦਲ ਦੀ ਵਿਰੋਧੀਆਂ ਪ੍ਰਤੀ ਹਮਲਾਵਰਾਨਾ ਸ਼ੈਲੀ ਤੋਂ ਜਾਣੂ ਕਾਂਗਰਸ ਦੀ ਹਾਈ ਕਮਾਨ ਹੁਣ ਯੂਥ ਅਕਾਲੀ ਦਲ ਦੀਆਂ ਲੱਕ ਬੰਨ੍ਹ ਕੇ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਸਿਆਸੀ ਅਤੇ ਸਮਾਜਿਕ ਸਰਗਰਮੀਆਂ ਨੂੰ ਵੇਖ ਕੇ ਬੌਖਲਾਹਟ ਵਿੱਚ ਹਨ। ਉਹਨਾਂ ਕਿਹਾ ਕਿ ਆਜ਼ਾਦੀ ਉਪਰੰਤ ਦੇਸ਼ ਉੱਤੇ ਜ਼ਿਆਦਾ ਸਮਾਂ ਗਾਂਧੀ ਪਰਿਵਾਰ ਦਾ ਰਾਜ ਰਿਹਾ ਹੈ, ਅਤੇ ਗਾਂਧੀ ਪਰਿਵਾਰ ਹੀ ਦੇਸ਼ ’ਚ ਭ੍ਰਿਸ਼ਟਾਚਾਰ ਦੀ ਜਨਨੀ ਹੈ। ਉਹਨਾਂ ਦੋਸ਼ ਲਾਇਆ ਕਿ ਕੇਂਦਰ ਦੀ ਕਾਂਗਰਸ ਸਰਕਾਰ ਅਤੇ ਯੂ ਪੀ ਏ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਸਿਆਸੀ ਇੱਛਾ ਸ਼ਕਤੀ ਹੀ ਮੌਜੂਦ ਨਹੀਂ ਹੈ। ਉਹਨਾਂ ਕਿਹਾ ਕਿ ਆਮ ਜਨਤਾ ਨੂੰ ਪਹਿਲਾਂ ਅੰਗਰੇਜ਼ ਹਕੂਮਤ ਲੁੱਟਦੀ ਰਹੀ ਤੇ ਹੁਣ ਕਾਂਗਰਸ ਪਾਰਟੀ ਲੁੱਟਣ ਤੇ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੇ ਚਹੇਤੇ ਬਿੱਟੂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਕ੍ਰਿਸ਼ਨਾ ਮੈਨਨ ਵੱਲੋਂ ਬ੍ਰਿਟੇਨ ਤੋਂ ਖ਼ਰੀਦੇ ਗਏ ਜੀਪ ਸਕੈਂਡਲ, ਹਰੀਦਾਸ ਮੂੰਦੜਾ ਸਕੈਂਡਲ, ਮਾਲਵੀਆ-ਸਿਰਾਜੂਦੀਨ ਘਪਲਾ, ਸ੍ਰੀਮਤੀ ਇੰਦਰਾ ਗਾਂਧੀ ਦੇ ਸਮੇਂ ਤਾਂ ਉਹਨਾਂ ਵੱਲੋਂ ਬਣਾਏ ਗਏ ਰੇਲ ਮੰਤਰੀ ਲਲਿਤ ਨਰਾਇਣ ਮਿਸ਼ਰਾ ਰਾਹੀਂ ਵੱਡੇ ਵੱਡੇ ਉਦਯੋਗਪਤੀਆਂ ਤੋ ਪਾਰਟੀ ਫੰਡ ਦੇ ਨਾਮ ਤੇ ਵੱਡੀਆਂ ਰਕਮਾਂ ਲੈ ਕੇ ਉਹਨਾਂ ਦੇ ਕੰਮ ਕਰਨੇ, ਸ੍ਰੀ ਰਾਜੀਵ ਗਾਂਧੀ ਦੇ ਸਮੇਂ ਬੋ ਫੋਰਸ ਕਾਂਡ ਤੋਂ ਲੈ ਕੇ ਅੱਜ ਸੋਨੀਆ ਗਾਂਧੀ ਦੀ ਅਗਵਾਈ ’ਚ ਚਲ ਰਹੀ ਸਰਕਾਰ ਦੌਰਾਨ ਤਾਂ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜਦਿਆਂ ਪੌਣੇ 2ਲੱਖ ਕਰੋੜ ਰੁਪੈ ਤਕ ਦੇ 2-ਜੀ ਸਪੈਕਟਰਮ ਘੋਟਾਲਾ, ਆਦਰਸ਼ ਹਾਊਸਿੰਗ ਸੁਸਾਇਟੀ ਘੋਟਾਲਾ ਅਤੇ 70 ਹਜ਼ਾਰ ਕਰੋੜ ਤੋਂ ਵੱਧ ਦਾ ਰਾਸ਼ਟਰਮੰਡਲ ਖੇਡਾਂ ਦੇ ਘੁਟਾਲਿਆਂ ਨੇ ਦੇਸ਼ ਦੀ ਵਿਵਸਥਾ ਨੂੰ ਜੜ੍ਹਾਂ ਤੋਂ ਹਿਲਾਉਦਿਆਂ ਦੇਸ਼ ਵਾਸੀਆਂ ਨੂੰ ਵਿਸ਼ਵ ਪੱਧਰ ਤੇ ਸ਼ਰਮਸਾਰ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਉਕਤ ਖ਼ੁਲਾਸੇ ਅਤੇ ਬੇਤਹਾਸ਼ਾ ਘੁਟਾਲਿਆਂ ਦੇ ਜਨਤਕ ਹੋਣ ਉਪਰੰਤ ਯੂ ਪੀ ਏ ਨੂੰ ਹੁਣ ਕੇਂਦਰੀ ਸਤਾ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ। ਉਨਾਂ ਕਿਹਾ ਕਿ ਜੋ ਘਪਲੇ ਹੁਣ ਹੋਏ ਹਨ ਉਸ ਰਕਮ ਨਾਲ ਪੰਜਾਬ ਦੀ ਗਰੀਬ ਜਨਤਾ ਨੂੰ 50 ਸਾਲ ਤੱਕ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦਿੱਤਿਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ 2 ਜੀ ਸਪੈਕਟਰਮ ਘੋਟਾਲੇ ਤੇ ਹੋਰ ਭ੍ਰਿਸ਼ਟ ਮਾਮਲਿਆਂ ਦੀ ਸਾਂਝੀ ਸਾਂਸਦੀ ਕਮੇਟੀ ਰਾਹੀਂ ਜਾਂਚ ਦੀ ਮੰਗ ਅੱਜ 20 ਦਿਨਾ ਤੱਕ ਵੀ ਕੇਂਦਰ ਸਰਕਾਰ ਕਿਉਂ ਨਹੀਂ ਮਨਜ਼ੂਰ ਕਰ ਰਹੀ। ਸ: ਮਜੀਠੀਆ ਨੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਨੂੰ ਆੜੇ ਹੱਥੀਂ ਲੈਂਦਿਅ ਕਿਹਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੋਣ ਅਤੇ ਗਾਂਧੀ ਪਰਿਵਾਰ ਦੀਆਂ ਚਾਪਲੂਸੀਆਂ ਕਰਨ ਬਦਲੇ ਯੂਥ ਕਾਂਗਰਸ ਦੀ ਪ੍ਰਧਾਨਗੀ ਹਾਸਲ ਕਰਨ ਵਾਲੇ ਬਿੱਟੂ ਨੂੰ ਕਿਸੇ ਬਾਰੇ ਕੁੱਝ ਵੀ ਬੋਲਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰ ਕੇ ਵੇਖ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੋਕ ਹਾਲੇ ਵੀ ਸ: ਬੇਅੰਤ ਸਿੰਘ ਸਰਕਾਰ ਤੇ ਪਰਿਵਾਰ ਵੱਲੋਂ ਆਪਣੇ ਕਾਰਜ ਕਾਲ ਦੌਰਾਨ ਕੀਤੇ ਗਏ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਅਤੇ ਪਰਿਵਾਰਕ ਮੈਂਬਰ ਵੱਲੋਂ ਕੀਤੇ ਗਏ ‘ਕੇਤੀਆ ਕਾਂਡ’ ਵਰਗੇ ਸ਼ਰਮਨਾਕ ਕਾਰੇ ਭੁੱਲੇ ਨਹੀਂ ਹਨ। ਉਹਨਾਂ ਇਹ ਵੀ ਦੱਸਿਆ ਕਿ ਸ: ਬਿੱਟੂ ਵੱਲੋਂ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਇੱਕ ਸਮਾਗਮ ਦੌਰਾਨ ਭੇਜੇ ਗਏ ਯੂਥ ਕਾਂਗਰਸੀ ਵਰਕਰਾਂ ਵੱਲੋਂ ਕਾਂਗਰਸ ਭਵਨ ਦੇ ਸਾਹਮਣੇ ਸਰਕਾਰੀ ਕਾਲਜ ਦੀਆਂ ਲੜਕੀਆਂ ਨਾਲ ਕੀਤੀ ਗਈ ਬਦਸਲੂਕੀ ਤੇ ਛੇੜ ਛਾੜ ਨੇ ਇਹ ਦਸ ਦਿੱਤਾ ਹੈ ਕਿ ਜੇ ਕਾਂਗਰਸ ਦੀ ਸਰਕਾਰ ਮੁੜ ਪੰਜਾਬ ਵਿੱਚ ਆ ਗਈ ਤਾਂ ਸਮਾਜ ਵਿੱਚ ਲੜਕੀਆਂ ਦੀ ਇੱਜ਼ਤ ਆਬਰੂ ਸਰਖਿਅਤ ਨਾ ਹੋ ਕੇ ਰਾਜ ਵਿੱਚ‘ ‘ ਕੇਤੀਆ ਕਾਂਡ ’ ਆਮ ਹੋ ਜਾਵੇਗੀ। ਉਹਨਾਂ ਯੂਥ ਕਾਂਗਰਸ ਪ੍ਰਧਾਨ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇਨਕਲਾਬ ਦੀ ਡੈਫੀਨੇਸ਼ਨ ਤੋਂ ਹੀ ਅਣਜਾਣ ਸ: ਬਿੱਟੂ ਪੰਜਾਬ ਵਿੱਚ ਕੀ ਨਵ ਇਨਕਲਾਬ ਲਿਆ ਦਿਊਗਾ?, ਉਹਨਾਂ ਕਿਹਾ ਕਿ ਬਿੱਟੂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਨੂੰ ਪੰਜਾਬ ਦੇ ਲੋਕਾਂ ਨੇ ਸੰਸਦ ਬਣਾ ਕੇ ਪੰਜਾਬ ਦੇ ਹਿਤਾਂ ਦੀ ਗਲ ਸੰਸਦ ਵਿੱਚ ਕਰਨ ਲਈ ਭੇਜਿਆ ਹੈ ਨਾਂ ਕਿ ਆਪਣੀ ਕੁਰਸੀ ਖੁੱਸਣ ਦੇ ਡਰੋ ਲੋਕ ਸਭਾ ਵਿੱਚ ਮੋਨ ਵਰਤ ਰੱਖਣ ਜਾਂ ਸਮਾਂ ਬਰਬਾਦ ਕਰਨ ਲਈ ਅਖੌਤੀ ਯਾਤਰਾਵਾਂ ਕਰਨ ਲਈ ਚੁਣਿਆ ਹੈ। ਉਹਨਾਂ ਬਿੱਟੂ ਨੂੰ ਕਿਹਾ ਕਿ ਉਹ ਇੱਕ ਪੰਜਾਬੀ ਹੋਣ ਨਾਤੇ ਸੰਸਦ ਵਿੱਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ , ਪੰਜਾਬ ਦੇ ਕਿਸਾਨੀ ਨੂੰ ਕਰਜ਼ਿਆਂ ਦੀ ਮਾਰ ਤੋਂ ਨਿਜਾਤ ਦਿਵਾਉਣ, ਕਿਸਾਨਾਂ ਦੇ ਫਸਲਾਂ ਦਾ ਬਣਦਾ ਮੁੱਲ ਦਿਵਾਉਣ, ਕੇਂਦਰ ਦੀਆਂ ਪੰਜਾਬ ਮਾਰੂ ਨੀਤੀਆਂ ਕਾਰਨ ਬਰਬਾਦ ਹੋ ਰਹੀ ਪੰਜਾਬ ਦੀ ਸਨਅਤ ਨੂੰ ਬਚਾਉਣ ਦੀ ਗਲ ਕਰਨ ਅਤੇ ਲੋਕ ਸਭਾ ਵਿੱਚ ਪੰਜਾਬ ਦੇ ਹੱਕਾਂ ਹਿਤਾਂ ਦੀ ਵਕਾਲਤ ਕਰਨ ਵਲ ਧਿਆਨ ਦੇਣ । ਉਹਨਾਂ ਪਰਿਵਾਰਵਾਦ ਦੇ ਨਾਮ ’ਤੇ ਬਿੱਟੂ ਵੱਲੋਂ ਕੀਤੀ ਗਈ ਟਿੱਪਣੀ ਦੇ ਜਵਾਬ ਵਿੱਚ ਸ: ਮਜੀਠੀਆ ਨੇ ‘‘ ਛੱਜ ਤਾਂ ਬੋਲੇ ਛਾਣਨੀ ਕੀ ਬੋਲੇ ’’ ਦਾ ਫਬੀਦਾ ਕਸਦਿਆਂ ਕਿਹਾ ਕਿ ਬਿੱਟੂ ਦਾ ਆਪਣਾ ਪੂਰਾ ਪਰਿਵਾਰ ਸਿਆਸੀ ਪਰਿਵਾਰਵਾਦ ਵਿੱਚ ਫਸਿਆ ਹੋਇਆ ਹੈ ਤੇ ਉਸ ਦੇ ਪਰਿਵਾਰ ਦੇ ਵਿੱਚੋਂ ਕਈ ਮੈਂਬਰ ਮੁੱਖ ਮੰਤਰੀ, ਮੰਤਰੀ , ਵਿਧਾਇਕ ਬਣੇ ਹਨ ਤੇ ਉਹ ਆਪ ਪਹਿਲਾਂ ਯੂਥ ਕਾਂਗਰਸ ਦੀ ਪ੍ਰਧਾਨ ਤੇ ਫਿਰ ਲੋਕ ਸਭਾ ਦੇ ਮਂੈਬਰ ਬਣੇ ਹਨ। ਇਸ ਮੌਕੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।
ਬਿੱਟੂ ਆਪਣੀ ਪੀੜੀ ਥੱਲੇ ਸੋਟਾ ਫੇਰੇ ਤੇ ਯਾਤਰਾ ਦੀ ਥਾਂ ਸੰਸਦ ’ਚ ਜਾ ਕੇ ਪੰਜਾਬ ਦੇ ਹਿਤਾਂ ਦੀ ਗਲ ਕਰੇ
This entry was posted in ਪੰਜਾਬ.