ਫਤਿਹਗੜ੍ਹ ਸਾਹਿਬ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਨੁਸਾਰ ਬੀਬੀ ਮੀਰਾ ਸ਼ੰਕਰ ਦੀ ਅਮਰੀਕਾ ਵਿੱਚ ਏਅਰ ਪੋਰਟ ‘ਤੇ ਚੈਕਿੰਗ ਕਰਨਾ ਬਹੁਤ ਹੀ ਦੁੱਖਦਾਇਕ ਹੈ। ਪਰ ਅਮਰੀਕਾ ਵਿੱਚ ਕਾਨੂੰਨ ਦਾ ਰਾਜ ਹੈ ਅਤੇ ਕੋਈ ਵੀ ਇਸ ਤੋਂ ਉੱਪਰ ਨਹੀਂ ਹੈ। ਪਿਛਲੇ ਸਮੇ ਵਿੱਚ ਸ਼੍ਰੀ ਜਾਰਜ ਫਰਨਾਡਿਜ਼ ਜੋ ਭਾਰਤ ਦੇ ਸੁਰੱਖਿਆ ਵਜ਼ੀਰ ਸਨ, ਜਦੋਂ ਅਮਰੀਕਾ ਗਏ ਤਾਂ ਉਨ੍ਹਾ ਨੂੰ ਵੀ ਅਮਰੀਕਾ ਦੇ ਏਅਰਪੋਰਟ ‘ਤੇ ਚੈਕਿੰਗ ਲਈ ਕੱਪੜੇ ਉਤਾਰਨੇ ਪਏ ਸਨ। ਇਸ ‘ਤੇ ਭਾਰਤ ਨੇ ਵਿਰੋਧ ਪ੍ਰਗਟਾਇਆ ਸੀ, ਜਿਸਦਾ ਅਮਰੀਕਾ ‘ਤੇ ਕੋਈ ਅਸਰ ਨਹੀਂ ਸੀ ਪਿਆ। ਹੁਣ ਭਾਰਤੀ ਗੁੱਸੇ ਵਿੱਚ ਫਿਰ ਅਮਰੀਕਾ ਦੇ ਵਿਰੁੱਧ ਹੋ ਗਏ ਹਨ ਕਿਉਂਕਿ ਅਮਰੀਕਾ ਨੇ ਸ਼੍ਰੀਮਤੀ ਮੀਰਾ ਸ਼ੰਕਰ ਦੀ ਏਅਰਪੋਰਟ ‘ਤੇ ਤਲਾਸ਼ੀ ਲਈ ਅਤੇ ਚੈਕਿੰਗ ਕੀਤੀ, ਜਿਵੇਂ ਸਾਰਿਆਂ ਮੁਸਾਫ਼ਰਾਂ ਦੀ ਕੀਤੀ ਜਾਂਦੀ ਹੈ।
ਅਮਰੀਕਾ ਵਿੱਚ ਸਿੱਖਾਂ ਨੂੰ ਨਸਲੀ ਹਮਲਿਆਂ ਦਾ ਸਿਕਾਰ ਹੋਣਾ ਪਿਆ ਹੈ। ਕਿਉਂਕਿ ਅਮਰੀਕਨ ਲੋਕ ਸਿੱਖਾਂ ਨੂੰ ਅਫਗਾਨੀ, ਇਜ਼ਰਾਈਲੀ, ਇਰਾਨੀ ਆਦਿ ਸਮਝ ਕੇ ਹਮਲੇ ਕਰਦੇ ਸਨ, ਜਿਸ ਵਿੱਚ ਕੁਝ ਸਿੱਖਾਂ ਦੇ ਕਤਲ ਵੀ ਹੋਏ ਹਨ, ਕਿਉਂਕਿ ਉਹ ਵੀ ਸਿੱਖਾਂ ਦੀ ਤਰ੍ਹਾ ਦਸਤਾਰ ਸਜਾਉਦੇ ਹਨ ਅਤੇ ਅਮਰੀਕਾ ਇਨ੍ਹਾ ਤੋ ਖਤਰਾ ਮਹਿਸੂਸ ਕਰਦਾ ਹੈ। ਜਦੋ ਮੈ ਲੋਕ ਸਭਾ ਦਾ ਮੈਬਰ ਸੀ, ਤਾਂ ਮੈਂ ਇਹ ਮਸਲਾ ਉਸ ਸਮੇ ਦੇ ਪ੍ਰਧਾਨ ਮੰਤਰੀ ਏ ਬੀ ਵਾਜਪਾਈ ਕੋਲ ਵੀ ਉਠਾਇਆ ਸੀ ਕਿ ਸਿੱਖ ਭਾਰਤ ਵਿੱਚ ਰਹਿੰਦੇ ਹਨ, ਭਾਰਤ ਨੂੰ ਚਾਹੀਦਾ ਹੈ ਕਿ ਉਹ ਮੀਡੀਏ ਰਾਹੀਂ ਸਿੱਖਾਂ ਦੀ ਵੱਖਰੀ ਪਹਿਚਾਣ ਦਾ ਅਮਰੀਕਾ ਅਤੇ ਯੂਰਪ ਵਿੱਚ ਪ੍ਰਚਾਰ ਕਰਨ। ਇਸ ਉੱਤੇ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਹੁਣ ਜਦੋਂ ਹਿੰਦੂਆਂ ‘ਤੇ ਇਹ ਗੱਲ ਆ ਗਈ ਤਾਂ ਉਹ ਸਮਝ ਸਕਣਗੇ ਸਿੱਖਾਂ ਨੂੰ ਇਸ ਤਰ੍ਹਾ ਦੇ ਵਿਤਕਰਿਆਂ ਵਿੱਚੋ ਲੰਘਣਾ ਪਿਆ ਹੈ। ਹੰਕਾਰ ਅਤੇ ਹਉਂਮੈ ਨਾਲ ਭਰਿਆ ਹਿੰਦੂ ਰਾਸ਼ਟਰ ਕੇਵਲ ਤਾਂ ਹੀ ਸਮਝ ਸਕੇਗਾ, ਜਦੋਂ ਉਹ ਆਪਣੇ ਗੁਆਂਢੀ ਦੇਸਾਂ ਵਿੱਚੋਂ ਕਿਸੇ ਨਾਲ ਵੀ ਛੋਟੀ ਜਿਹੀ ਜੰਗ ਵਿੱਚੋਂ ਵੱਡੀ ਹਾਰ ਪ੍ਰਾਪਤ ਕਰੇਗਾ। ਜਿੰਨਾ ਚਿਰ ਹਿੰਦੂ ਰਾਸ਼ਟਰ ਸਿੱਖ ਕੌਮ ਅਤੇ ਹਿੰਦੂ ਕੌਮ ਲਈ ਇਕੋ ਪਾਲਿਸੀ ਨਹੀਂ ਅਪਣਾਉਂਦਾ, ਉਨ੍ਹਾ ਚਿਰ ਹਿੰਦੂ ਰਾਸ਼ਟਰ ਸਮਝ ਲਏ ਕਿ ਹਿੰਦੂਆਂ ਦੇ ਉੱਤੇ ਵੀ ਜਲਾਲਤ ਭਰਿਆ ਸਮਾਂ ਆਉਂਦਾ ਰਹੇਗਾ। ਜੇ ਹਿੰਦੂ ਰਾਸ਼ਟਰ ਫਰਾਂਸ ਦੇ ਨਾਲ ਸੌਦੇਬਾਜ਼ੀ ਕਰਦਾ ਰਹੇਗਾ ਅਤੇ ਫੌਜੀ ਸਮਾਨ ਖ੍ਰੀਦਦਾ ਰਹੇਗਾ, ਜਿਹੜਾ ਮੁਲਕ ਸਿੱਖਾਂ ਨੂੰ ਉਨ੍ਹਾ ਦੀ ਦਸਤਾਰ ਪਹਿਨਣ ਦਾ ਹੱਕ ਨਹੀਂ ਦਿੰਦਾ ਤਾਂ ਫਿਰ ਸਮਝੌ, ਹਿੰਦੂਆਂ ਨੂੰ ਵੀ ਕਿਸੇ ਹੋਰ ਢੰਗ ਦੇ ਨਾਲ ਬੇਸ਼ਰਮੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਜੇ ਬੀਬੀ ਮੀਰਾ ਸ਼ੰਕਰ ਦੀ ਤਲਾਸ਼ੀ ‘ਤੇ ਹਿੰਦੂ ਰਾਸ਼ਟਰ ਨੇ ਅਮਰੀਕਾ ਨੂੰ ਸਿਕਾਇਤ ਕੀਤੀ ਹੈ। ਪਰ ਜੋ ਉੱਥੇ ਸਿੱਖਾਂ ਦੀਆਂ ਦਸਤਾਰਾਂ ਦੀਆਂ ਤਲਾਸ਼ੀਆਂ ਹੋਣ ਲੱਗ ਪਈਆਂ ਹਨ, ਉਸ ਲਈ ਵੀ ਭਾਰਤ ਲਿਖਤੀ ਤੌਰ ‘ਤੇ ਅਮਰੀਕਾ ਨੂੰ ਕਿਉਂ ਨਹੀਂ ਕਹਿੰਦਾ। ਸਿੱਖ ਕੌਮ ਨੂੰ ਜੇ ਭਾਈਵਾਲ ਕੌਮ ਬਣਾ ਕੇ, ਹਿੰਦੂ ਰਾਸ਼ਟਰ ਇਨ੍ਹਾ ਦੇ ਦਲਿਆਂ ਕੈਪਟਨ ਅਮਰਿੰਦਰ ਸਿੰਘ, ਸ: ਪ੍ਰਕਾਸ਼ ਸਿੰਘ ਬਾਦਲ ਆਦਿ ਤੋਂ ਦੂਰੀ ਰੱਖੇਗਾ, ਤਾਂ ਚੰਗਾ ਰਹੇਗਾ। ਸਿੱਖਾਂ ਦੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸਦੇ ਇਲੈਕਸ਼ਨ 30 ਅਗਸਤ 2009 ਤੋਂ ਪਹਿਲਾ ਕਰਾਉਣੇ ਚਾਹੀਦੇ ਸੀ, ਹਿੰਦੂ ਰਾਸ਼ਟਰ ਨੇ ਨਹੀਂ ਕਰਾਏ, ਫਿਰ ਰੱਬ ਨੇ ਤਾਂ ਹਿੰਦੂਆਂ ਦੀ ਪਾਰਲੀਮੈਟ ਦਿੱਲੀ ਵਿੱਚ ਇਸ ਸ਼ੈਸਨ ਚੱਲਣ ਨਹੀਂ ਦਿੱਤਾ। ਜਿਹੜੀ ਕੌਮ ਤੋਂ ਰਾਜ ਖੋਹ ਕੇ ਉਸਨੂੰ ਗੁਲਾਮ ਬਣਾਇਆ ਹੋਵੇ, ਰੱਬ ਉਸਦੀ ਵੀ ਸੁਣਦਾ ਹੈ। ਸਿੱਖ ਕੌਮ ਅਤੇ ਹਿੰਦੂ ਰਾਸ਼ਟਰ ਵਿੱਚ ਬਹੁਤ ਵਖਰੇਵਾਂ ਹੋ ਚੁੱਕਿਆ ਹੈ। ਜਦੋਂ ਹਿੰਦੂ ਰਾਸ਼ਟਰ ਦੇ ਸਫੀਰ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਸੀ ਅਤੇ ਆਪਣਾ ਸਫਰ ਮੁਅੱਤਲ ਕਰ ਦੇਣਾ ਚਾਹੀਦਾ ਸੀ। ਜਦੋਂ ਸਿੱਖਾਂ ਨੂੰ ਦਸਤਾਰ ਉਤਾਰਨ ਲਈ ਕਹਿੰਦੇ ਹਨ ਤਾਂ ਸਿੱਖ ਇਸਦਾ ਵਿਰੋਧ ਕਰਦੇ ਹਨ।