ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪਿਛਲੇ ਦਿਨੀਂ ਫਿਲਮੀ ਕਲਾਕਾਰਾਂ ਦੇ ਸ਼ੋਅ ਦੌਰਾਨ ਹੋਈ ਭੰਨ ਤੋੜ ਤੋਂ ਬਾਅਦ ਕੁਝ ਅਖ਼ਬਾਰੀ ਖ਼ਬਰਾਂ ਸੰਬੰਧੀ ਸਪਸ਼ਟੀਕਰਨ ਦਿੰਦਿਆਂ ਯੂਨੀਵਰਸਿਟੀ ਨੇ ਕਿਹਾ ਹੈ ਕਿ ਭਾਸਕਰ ਅਖ਼ਬਾਰ ਵੱਲੋਂ ਆਪਣਾ ਤੀਸਰਾ ਸਲਾਨਾ ਸਮਾਗਮ ਕਰਵਾਉਣ ਸੰਬੰਧੀ ਯੂਨੀਵਰਸਿਟੀ ਮੇਲਾ ਗਰਾਉਂਡ ਲਿਆ ਸੀ। ਯੂਨੀਵਰਸਿਟੀ ਦੇ ਮਿਲਖ ਅਫਸਰ ਡਾ: ਗੁਰਕਿਰਪਾਲ ਸਿੰਘ ਨੇ ਕਿਹਾ ਕਿ ਭਾਸਕਰ ਅਖ਼ਬਾਰ ਵੱਲੋਂ ਦਿੱਤੀ ਅਰਜ਼ੀ ਵਿੱਚ ‘ਭਾਸਕਰ ਉਤਸਵ’ ਕਰਵਾਉਣ ਬਾਰੇ ਲਿਖਿਆ ਗਿਆ ਸੀ ਨਾ ਕਿ ਕਿਸੇ ਫਿਲਮ ਦੀ ਪ੍ਰੋਮੋਸ਼ਨ ਅਤੇ ਫਿਲਮੀ ਕਲਾਕਾਰਾਂ ਦੇ ਸ਼ੋਅ ਬਾਰੇ ਵੇਰਵਾ ਸੀ। ਡਾ: ਸਿੰਘ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਸਮਾਗਮ ਵਿੱਚ ਯੂਨੀਵਰਸਿਟੀ ਦੀ ਕਿਸੇ ਵੀ ਪੱਖ ਤੋਂ ਭਾਈਵਾਲੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਬੰਧਕਾਂ ਨੇ ਇਸ ਕਿਸਮ ਦਾ ਸਮਾਗਮ ਕਰਨਾ ਸੀ ਤਾਂ ਯੂਨੀਵਰਸਿਟੀ ਨੂੰ ਪੂਰੀ ਜਾਣਕਾਰੀ ਸਮੇਤ ਸੂਚਿਤ ਕਰਨਾ ਚਾਹੀਦਾ ਸੀ ਅਤੇ ਸਕਿਉਰਿਟੀ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਸਨ। ਪ੍ਰਬੰਧਕਾਂ ਦੀਆਂ ਖਾਮੀਆਂ ਕਰਕੇ ਹੀ ਬਾਹਰੋਂ ਆਏ ਦਰਸ਼ਕਾਂ ਨੇ ਗੁੱਸੇ ਵਿੱਚ ਆ ਕੇ ਯੂਨੀਵਰਸਿਟੀ ਵਿੱਚ ਭੰਨ ਤੋੜ ਕੀਤੀ ਜਿਸ ਦਾ ਹਰਜਾਨਾ ਪ੍ਰਬੰਧਕਾਂ ਦੇ ਸਿਰ ਪਾਇਆ ਗਿਆ। ਡਾ: ਗੁਰਕਿਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਹੁਣ ਦੂਸਰੀਆਂ ਸੰਸਥਾਵਾਂ ਨੂੰ ਮੇਲਾ ਗਰਾਊਂਡ ਦੇਣ ਸੰਬੰਧੀ ਨੀਤੀ ਤੈਅ ਕਰਨ ਵਾਸਤੇ ਵਾਈਸ ਚਾਂਸਲਰ ਵੱਲੋਂ ਇਕ ਕਮੇਟੀ ਬਣਾਈ ਗਈ ਹੈ।