ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੀਨ ਦੇ ਵਜ਼ੀਰ ਏ ਆਜਿਮ ਸ਼੍ਰੀ ਵੈਨ ਜ਼ੀਆਬਾਓ ਵੱਲੋਂ ਹਿੰਦ ਦੇ ਦੌਰੇ ਦਾ ਜਿੱਥੇ ਸਵਾਗਤ ਕੀਤਾ, ਉੱਥੇ ਉਨ੍ਹਾ ਨੇ ਇਸ ਗੱਲ ਦੀ ਵੀ ਤਸੱਲੀ ਪ੍ਰਗਟ ਕੀਤੀ ਕਿ ਚੀਨ-ਹਿੰਦ ਦੇ ਗੁਆਂਢੀ ਮੁਲਕਾਂ ਪਾਕਿਸਤਾਨ, ਬੰਗਲਾਦੇਸ਼, ਲੰਕਾ, ਬਰਮਾ ਆਦਿ ਮੁਲਕਾਂ ਦੀ ਫੌਜੀ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਭੂਮਿਕਾ ਨਿਭਾ ਕੇ ਏਸ਼ੀਆ ਖਿੱਤੇ ਦੇ “ਅਮਨ-ਚੈਨ” ਨੂੰ ਸਥਾਈ ਤੌਰ ‘ਤੇ ਕਾਇਮ ਰੱਖਣ ਦੀ ਜਿਮੇਵਾਰੀ ਵੀ ਅਤਿ ਸੰਜੀਦਗੀ ਨਾਲ ਨਿਭਾ ਰਿਹਾ ਹੈ। ਉਨ੍ਹਾ ਕਿਹਾ ਕਿ ਜਦੋਂ ਦੋ ਦੁਸ਼ਮਣਾਂ ਦੀਆਂ ਤਲਵਾਰਾਂ ਤਿੱਖੀਆਂ ਅਤੇ ਮਜ਼ਬੂਤ ਹੋਣਗੀਆਂ ਤਾਂ ਕੋਈ ਵੀ ਦੁਸ਼ਮਣ ਆਪਣੀ ਤਲਵਾਰ ਮਿਆਨ ਵਿੱਚੋ ਕੱਢਣ ਦੀ ਬਿਲਕੁਲ ਗੁਸਤਾਖੀ ਨਹੀਂ ਕਰੇਗਾ। ਇਸ ਲਈ ਏਸ਼ੀਆ ਖਿੱਤੇ ਦੇ ਮੁਲਕਾਂ ਦੀ ਫੌਜੀ ਸ਼ਕਤੀ ਦਾ ਸੰਤੁਲਨ ਬਣਿਆ ਰਹਿਣਾ ਅਤਿ ਜ਼ਰੂਰੀ ਹੈ। ਉਨ੍ਹਾ ਸ਼੍ਰੀ ਵੈਨ ਜ਼ੀਆਬਾਓ ਦਾ ਇਸ ਗੱਲੋ ਵੀ ਧੰਨਵਾਦ ਕੀਤਾ ਕਿ ਉਹ ਹਿੰਦ ਦੇ ਦੋਰੇ ਤੋਂ ਉਪਰੰਤ ਪਾਕਿਸਤਾਨ ਮੁਸਲਿਮ ਮੁਲਕ ਦੇ ਦੋਰੇ ‘ਤੇ ਵੀ ਜਾ ਰਹੇ ਹਨ ਤਾਂ ਕਿ ਹਿੰਦ ਅਤੇ ਪਾਕਿਸਤਾਨ ਦੋਵਾਂ ਦੁਸ਼ਮਣ ਮੁਲਕਾਂ ਨੂੰ “ਜੰਗ” ਤੋਂ ਦੂਰ ਰੱਖਣ ਦੇ ਫਰਜ਼ ਅਦਾ ਕਰਕੇ ਦੋਵਾਂ ਮੁਲਕਾਂ ਨਾਲ ਚੀਨ ਦੇ ਸਬੰਧਾਂ ਨੂੰ ਮਜ਼ਬੂਤ ਬਣਾ ਕੇ ਉਨ੍ਹਾ ਨੂੰ ਮਨੁੱਖਤਾ ਪੱਖੀ ਜਮਹੂਰੀਅਤ, ਅਮਨ-ਚੈਨ ਦੀਆਂ ਉਸਾਰੂ ਦਿਸ਼ਾ ਵੱਲ ਤੋਰ ਸਕਣ।
ਸ: ਮਾਨ ਨੇ ਚੀਨ ਦੇ ਵਜ਼ੀਰ ਏ ਆਜਿਮ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਹਿੰਦ ਨੂੰ ਯੂ ਐਨ ਦੀ ਸਕਿਓਰਟੀ ਕੌਸਿਲ ਦਾ ਮੈਬਰ ਬਣਾਉਣ ਦੀ ਹਾਮੀ ਭਰਨ ਦੀ ਬਿਲਕੁਲ ਗੁਸਤਾਖੀ ਨਾ ਕਰਨ ਕਿਉਂਕਿ ਇਹ ਹਿੰਦੂਤਵ ਮੁਲਕ ਸੁਰੱਖਿਆ ਕੌਸਿਲ ਦਾ ਮੈਂਬਰ ਬਣਨ ਉਪਰੰਤ ਹਿੰਦ ਵਿੱਚ ਵਿਚਰਣ ਵਾਲੀਆਂ ਘੱਟ ਗਿਣਤੀ ਕੌਮਾਂ ਜਿਨ੍ਹਾਂ ਉੱਤੇ ਹਿੰਦ ਹਕੂਮਤ ਪਹਿਲੋ ਹੀ ਨਿਰੰਤਰ ਵਿਧਾਨਿਕ, ਮਾਲੀ, ਸਭਿਆਚਾਰਕ ਅਤੇ ਧਾਰਮਿਕ ਤੌਰ ‘ਤੇ ਜ਼ਬਰ ਜੁਲਮ ਅਤੇ ਬੇਇਨਸਾਫੀਆਂ ਕਰਦੀ ਆ ਰਹੀ ਹੈ, ਉਸ ਵਿੱਚ ਤੇਜੀ ਆ ਜਾਵੇਗੀ। ਦੂਸਰਾ ਏਸ਼ੀਆ ਖਿੱਤੇ ਦੇ ਗੁਆਂਢੀ ਮੁਲਕਾਂ ਉੱਤੇ ਇਹ ਹਿੰਦੂਤਵ ਹਕੂਮਤ ਧੌਂਸ ਜਮਾਉਣ ਦੀ ਕੌਸਿ਼ਸ ਕਰੇਗੀ। ਇਸ ਲਈ ਏਸ਼ੀਆ ਖਿੱਤੇ ਦੇ ਅਮਨ-ਚੈਨ ਨੂੰ ਕਾਇਮ ਰੱਖਣ, ਪਾਕਿ ਅਤੇ ਹਿੰਦ ਨੂੰ ਮਨੁੱਖਤਾ ਮਾਰੂ ਜੰਗ ਤੋਂ ਦੂਰ ਰੱਖਣ ਅਤੇ ਹਿੰਦ ਵਿੱਚ ਘੱਟ ਗਿਣਤੀ ਕੌਮਾਂ ਦੇ ਹੱਕਾਂ ਦੀ ਰਖਵਾਲੀ ਅਤੇ ਉਨ੍ਹਾ ਵੱਲੋਂ ਅਣਖ-ਗੈਰਤ ਨਾਲ ਜੀਉਣ ਲਈ ਇਹ ਜ਼ਰੂਰੀ ਹੈ ਕਿ ਹਿੰਦ ਨੂੰ ਸਕਿਉਰਟੀ ਕੌਸਿਲ ਦੀ ਮੈਬਰੀ ਤੋਂ ਦੂਰ ਹੀ ਰੱਖਿਆ ਜਾਵੇ। ਸ: ਮਾਨ ਨੇ ਆਪਣੇ ਇਸ ਬਿਆਨ ਦੇ ਅੰਤ ਵਿੱਚ ਹਿੰਦ ਦੇ ਗੁਆਂਢੀ ਮੁਲਕ ਬੰਗਲਾਦੇਸ਼ ਵਿੱਚ ਉੱਥੋ ਦੀ ਹਕੂਮਤ ਵੱਲੋਂ ਉੱਥੇ ਸਥਿਤ ਸਿੱਖੀ ਗੁਰਧਾਮਾਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਉੱਤੇ ਗਹਿਰੀ ਚਿੰਤਾ ਅਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਜਦੋਂ ਡਾ: ਮਨਮੋਹਨ ਸਿੰਘ ਵਜ਼ੀਰ ਏ ਆਜਿ਼ਮ ਹਿੰਦ ਦੇ ਬੰਗਲਾਦੇਸ਼ ਦੀ ਵਜ਼ੀਰ ਏ ਆਜਿਮ ਬੀਬੀ ਸੇਖ ਹਸੀਨਾ ਨਾਲ ਅਤਿ ਸੁਖਾਵੇਂ ਅਤੇ ਸਦਭਾਵਨਾ ਭਰੇ ਸਬੰਧ ਹਨ ਤਾਂ ਉਹ ਉੱਥੋ ਦੇ ਗੁਰਦੁਆਰਿਆਂ ਦੀ ਹਿਫਾਜਿ਼ਤ ਦਾ ਪ੍ਰਬੰਧ ਕਰਨ ਦੀ ਜਿਮੇਵਾਰੀ ਕਿਉਂ ਨਹੀਂ ਨਿਭਾ ਰਹੇ? ਇਸ ਦਿਸ਼ਾ ਵੱਲ ਸ: ਮਾਨ ਨੇ ਮੌਜੂਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਦੀ ਹਕੂਮਤ ਉੱਤੇ ਕਾਬਿਜ਼ ਬਾਦਲ ਦਲੀਆਂ ਵੱਲੋ ਅਤੇ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋ ਆਪਣੀਆਂ ਜਿ਼ੰਮੇਵਾਰੀਆਂ ਨੂੰ ਨਾ ਪੂਰੀਆਂ ਕਰਨ ਉੱਤੇ ਵੀ ਹੈਰਾਨੀ ਅਤੇ ਦੁੱਖ ਪ੍ਰਗਟ ਕੀਤਾ।