ਅੰਮ੍ਰਿਤਸਰ-: ਅਮਰੀਕਾ ਵਿਚ ਸਫਰ ਦੌਰਾਨ ਵੱਖ-ਵੱਖ ਏਅਰਪੋਰਟਾਂ ’ਤੇ ਸਿੱਖਾਂ ਦੀ ਜ਼ਬਰੀ ਦਸਤਾਰ ਉਤਾਰ ਕੇ ਤਲਾਸ਼ੀ ਲੈਣ ਵਰਗੇ ਅਪਮਾਨਜਨਕ ਵਤੀਰੇ ਵਿਰੁੱਧ ਰੋਸ ਪ੍ਰਗਟ ਕਰਨ ਅਤੇ ਸਿੱਖ ਸਭਿਆਚਾਰ ’ਚ ਦਸਤਾਰ ਦੀ ਮਹੱਤਤਾ ਤੋਂ ਜਾਣੂੰ ਕਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 23 ਦਸੰਬਰ ਨੂੰ ਬਾਅਦ ਦੁਪਹਿਰ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਦੇ ਬਾਹਰ ਧਰਨੇ ਉਪਰੰਤ ਅਮਰੀਕੀ ਰਾਜਦੂਤ ਨੂੰ ਮੈਮੋਰੰਡਮ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂੰਹ ’ਚ ਬੀਬੀ ਸੁਰਿੰਦਰ ਕੌਰ ਬਾਦਲ ਦੀ ਸੇਹਤਯਾਬੀ ਲਈ ਰਖਾਏ ਅਖੰਡ ਪਾਠ ਦੇ ਭੋਗ ਉਪਰੰਤ ਇਲੈਕਟ੍ਰੋਨਿਕ ਮੀਡੀਏ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਅਮਰੀਕੀ ਸੁਰੱਖਿਆ ਅਧਿਕਾਰੀਆਂ ਦਾ ਅਜਿਹਾ ਵਤੀਰਾ ਜਿਥੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ, ਉਥੇ ਇਹ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਸਬੰਧੀ ਐਲਾਨਨਾਮੇ ਦੀ ਵੀ ਘੋਰ ਉਲੰਘਣਾ ਹੈ। ਉਨ੍ਹਾਂ ਸਮੂੰਹ ਧਾਰਮਿਕ ਸਭਾ-ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ ਤੇ ਪੰਥ ਹਿਤੈਸ਼ੀ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ 23 ਦਸੰਬਰ ਨੂੰ ਵੱਡੇ ਪੱਧਰ ’ਤੇ ਦਿੱਲੀ ਪੁੱਜਣ ਤੇ ਧਰਨੇ ’ਚ ਸ਼ਾਮਲ ਹੋ ਕਿ ਰੋਸ ਦਾ ਇਜ਼ਹਾਰ ਕਰਨ। ਉਨ੍ਹਾਂ ਸੰਸਾਰ ਭਰ ’ਚ ਵਸਦੇ ਸਿੱਖਾਂ ਨੂੰ ਵੀ ਅਪੀਲ ਕੀਤੀ ਹੈ ਕਿ 23 ਦਸੰਬਰ ਨੂੰ ਭਾਵੇਂ ਕਿਸੇ ਵੀ ਮੁਲਕ (ਵਿਦੇਸ਼ਾਂ) ’ਚ ਹੋਣ ਉਥੇ ਅਮਰੀਕਨ ਦੂਤਾਵਾਸ ਦੇ ਬਾਹਰ ਰੋਸ ਧਰਨਾ ਦੇਣ।
ਉਨ੍ਹਾਂ ਦੱਸਿਆ ਕਿ ਧਰਨੇ ਸਬੰਧ ’ਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨਾਲ ਪੜਾਅਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ 17 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬਾਅਦ ਦੁਪਹਿਰ ਤਿੰਨ ਵਜੇ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਾ ’ਚ ਸੁਰੱਖਿਆ ਦੀ ਆੜ ’ਚ ਦਸਤਾਰਧਾਰੀ ਸਿੱਖਾਂ ਨੂੰ ਬੇਪੱਤ ਕੀਤੇ ਜਾਣ ਦੀਆਂ ਘਟਨਾਵਾਂ ਨੂੰ ਬੜੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਅਮਰੀਕਾ ਦੇ ਇਕ ਏਅਰਪੋਰਟ ’ਤੇ ਸੰਯੁਕਤ ਰਾਸ਼ਟਰ ਦੇ ਭਾਰਤੀ ਰਾਜਦੂਤ ਸ. ਹਰਦੀਪ ਸਿੰਘ ਪੁਰੀ ਦੀ ਦਸਤਾਰ ਦੇ ਨਿਰਾਦਰ ਕੀਤੇ ਜਾਣ ਦੀ ਤਾਜੀ ਘਟਨਾ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਜ਼ੋਰ ਦੇ ਕਿ ਕਿਹਾ ਹੈ ਕਿ ਸਿੱਖ ਹੋਣ ਦੇ ਨਾਤੇ ਉਹ ਸਿੱਖ ਸਭਿਆਚਾਰ ’ਚ ਦਸਤਾਰ ਦੀ ਮਹੱਤਤਾ ਤੋਂ ਬਾਖੂਬੀ ਜਾਣੂੰ ਹਨ, ਇਸ ਲਈ ਅਜਿਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਉਨ੍ਹਾਂ ਨੂੰ ਤੁਰੰਤ ਦ੍ਰਿੜਤਾ ਨਾਲ ਵੱਡੇ ਪੱਧਰ ’ਤੇ ਕਦਮ ਉਠਾਉਣੇ ਚਾਹੀਦੇ ਹਨ।
ਦਸਤਾਰ ਦੀ ਤਲਾਸ਼ੀ ਲੈ ਕੇ ਸਿੱਖਾਂ ਨੂੰ ਬੇਪੱਤ ਕੀਤੇ ਜਾਣ ਦੇ ਰੋਸ ’ਚ ਅਮਰੀਕੀ ਦੂਤਾਵਾਸ ਦੇ ਬਾਹਰ 23 ਦਸੰਬਰ ਨੂੰ ਧਰਨਾ ਦਿੱਤਾ ਜਾਵੇਗਾ
This entry was posted in ਪੰਜਾਬ.