ਅੰਮ੍ਰਿਤਸਰ- ਅੰਮ੍ਰਿਤਸਰ ਦੇ ਲੋਹਗੜ੍ਹ ਇਲਾਕੇ ਵਿੱਚ ਸੀਵਰ ਪਾਉਣ ਲਈ ਹੋ ਰਹੀ ਖੁਦਾਈ ਦੌਰਾਨ ਇੱਕ ਇਤਹਾਸਿਕ ਸੁਰੰਗ ਮਿਲੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਸੁਰੰਗ ਛੇਂਵੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਬਣਾਈ ਗਈ ਸੀ। ਮਜ਼ਦੂਰਾਂ ਨੂੰ ਜਦੋਂ ਇਸ ਸੁਰੰਗ ਬਾਰੇ ਪਤਾ ਚਲਿਆ ਤਾਂ ਉਨ੍ਹਾਂ ਨੇ ਨਗਰ ਨਿਗਮ ਨੂੰ ਇਸ ਦੀ ਸੂਚਨਾ ਦਿੱਤੀ। ਇਹ ਸੂਚਨਾ ਮਿਲਣ ਤੇ ਪੁਰਾਤਨ ਵਿਭਾਗ ਅਤੇ ਨਗਰ ਨਿਗਮ ਵਾਲੇ ਉਸ ਸਥਾਨ ਤੇ ਪਹੁੰਚੇ।
ਪ੍ਰੋਫੈਸਰ ਸੁਰਿੰਦਰ ਕੋਛੜ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਇਤਿਹਾਸ ਬਾਰੇ ਬਹੁਤ ਖੋਜ ਕੀਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੁਰੰਗ ਛੇਂਵੇ ਗੁਰੂ ਜੀ ਦੇ ਸਮੇਂ ਬਣਾਈ ਗਈ ਸੀ। ਉਨ੍ਹਾਂ ਨੇ ਦਸਿਆ ਕਿ ਸ਼ਹਿਰ ਦੀ ਸੁਰੱਖਿਆ ਲਈ1614 ਵਿੱਚ ਕਿਲ੍ਹਾ ਗੋਬਿੰਦਗੜ੍ਹ ਦਾ ਨਿਰਮਾਣ ਕਰਵਾਇਆ ਸੀ। ਇਸ ਸਥਾਨ ਤੋਂ ਗੁਰੂ ਦੇ ਮਹਿਲ ਤਕ ਦੋ ਸੁਰੰਗਾ ਬਣਵਾਈਆਂ ਸਨ ਇੱਕ ਆਉਣ ਲਈ ਅਤੇ ਇੱਕ ਜਾਣ ਲਈ। ਇਸ ਦੀਆਂ ਕੰਧਾਂ ਬਹੁਤ ਮਜ਼ਬੂਤ ਹਨ। ਇਨ੍ਹਾਂ ਨੂੰ ਤੋੜਨਾ ਸੌਖਾ ਨਹੀਂ ਹੈ। ਕੋਛੜ ਨੇ ਦਸਿਆ ਕਿ ਜਦੋਂ ਜਹਾਨ ਖਾਨ ਨੇ ਸ਼ਹਿਰ ਤੇ ਹਮਲਾ ਕੀਤਾ ਸੀ ਤਾਂ ਗੁਰੂ ਜੀ ਨੇ ਇਸੇ ਕਿਲ੍ਹੇ ਤੋਂ ਉਸ ਦਾ ਮੁਕਾਬਲਾ ਕੀਤਾ ਸੀ। ਉਸ ਸਮੇਂ ਬੇਰ ਦੀ ਲਕੜੀ ਦੀ ਤੋਪ ਬਣਾ ਕੇ ਜੰਗ ਲੜੀ ਸੀ। ਉਹ ਤੋਪ ਅੱਜ ਵੀ ਇਥੇ ਮੌਜੂਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਕਿਲ੍ਹੇ ਵਿੱਚ ਭੰਗੀ ਮਿਸਲ ਦੇ ਸਰਦਾਰਾਂ ਦੀ ਦੁਨੀਆਭਰ ਵਿੱਚ ਪ੍ਰਸਿਧ ਤੋਪ ਜਮਜਮਾ ਰੱਖੀ ਜਾਂਦੀ ਸੀ, ਜੋ ਕਿ ਹੁਣ ਲਹੌਰ ਵਿੱਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਵਸੋਂ ਬਹੁਤ ਸੰਘਣੀ ਹੈ ਇਸ ਲਈ ਪੂਰੀ ਸੁਰੰਗ ਦੀ ਖੁਦਾਈ ਕਰਨੀ ਸੌਖੀ ਨਹੀਂ ਹੈ। ਸਬੰਧਿਤ ਵਿਭਾਗਾਂ ਨੂੰ ਚਾਹੀਦਾ ਹੈ ਕਿ ਇਸ ਦੇ ਕੁਝ ਹਿੱਸੇ ਨੂੰ ਸੁਰੱਖਿਅਤ ਰੱਖਿਆ ਜਾਵੇ ਤਾਂ ਜੋ ਲੋਕ ਇਸ ਅਦੁਤੀ ਧਰੋਹਰ ਦੇ ਦਰਸ਼ਨ ਕਰ ਸਕਣ।