ਫਤਿਹਗੜ੍ਹ ਸਾਹਿਬ :- “ ਸ੍ਰੀ ਰਾਹੁਲ ਗਾਂਧੀ ਜਨਰਲ ਸਕੱਤਰ ਕਾਂਗਰਸ ਜਮਾਤ ਦੀਆਂ ਰਗਾਂ ਵਿੱਚ ਦੋੜ ਰਿਹਾ ਖੂਨ ਇਸਾਈ ਅਤੇ ਹਿੰਦੂ ਕੌਮਾਂ ਵਿੱਚੋਂ ਸਾਂਝਾ ਹੈ। ਜਿਸ ਵਿੱਚ ਸਾਫ਼ ਸੁੱਥਰੇ ਇਸਾਈ ਖੂਨ ਦੀ ਬਹੁਲਤਾ ਹੋਣ ਕਾਰਨ ਬਿਬੇਕਤਾ ਨਾਲ ਆਪਣੀ ਗੱਲ ਕਹਿਣ ਦੀ ਸਾਫਗੋਈ ਦੀ ਝਲਕ ਸਪੱਸ਼ਟ ਰੂਪ ਵਿੱਚ ਨਜ਼ਰ ਆ ਰਹੀ ਹੈ। ਇਹੀ ਕਾਰਨ ਹੈ ਕਿ ਜੁਲਾਈ 2009 ਵਿੱਚ ਹਿੰਦ ਸਥਿਤ ਅਮਰੀਕੀ ਸਫੀਰ ਸ਼੍ਰੀ ਟਿਮੋਥੀ ਰਿਓਮਰ ਨਾਲ ਸ੍ਰੀ ਰਾਹੁਲ ਗਾਂਧੀ ਦੀ ਹਿੰਦ ਵਿੱਚ ਹੋ ਰਹੀ “ਦਹਿਸ਼ਤਗਰਦੀ” ਸਬੰਧੀ ਹੋਈ ਗੱਲਬਾਤ ਦੌਰਾਨ ਸ਼੍ਰੀ ਰਾਹੁਲ ਗਾਂਧੀ ਨੇ ਜੋ ਇਸਲਾਮਿਕ ਦਹਿਸ਼ਤਗਰਦੀ ਦੇ ਮੁਕਾਬਲੇ “ਹਿੰਦੂ ਦਹਿਸ਼ਤਗਰਦੀ” ਨੂੰ ਜਿਆਦਾ ਖਤਰਨਾਕ ਕਰਾਰ ਦਿੱਤਾ, ਉਸ ਵਿਕੀਲੀਕਸ ਵੈਬਸਾਈਟ ਵੱਲੋ ਸਾਹਮਣੇ ਲਿਆਦੀ ਗਈ ਸੱਚਾਈ ਤੋ ਹੁਣ ਨਾ ਤਾਂ ਹਿੰਦ ਹਕੂਮਤ ਅਤੇ ਨਾ ਹੀ ਦੁਨੀਆ ਦਾ ਕੋਈ ਹੋਰ ਮੁਲਕ ਇਨਕਾਰ ਕਰ ਸਕਦਾ ਹੈ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਰਾਹੁਲ ਗਾਂਧੀ ਅਤੇ ਸ਼੍ਰੀ ਟਿਮੋਥੀ ਰਿਓਮਰ ਵਿਚਕਾਰ ਹੋਈ ਗੁਫਤਗੂ ਦੇ ਵੇਰਵੇ ਵਿਕੀਲੀਕਸ ਵੱਲੋ ਦਸਤਾਵੇਜ਼ ਸਹਿਤ ਨਸ਼ਰ ਕਰਨ ਦੇ ਮੁੱਦੇ ਉੱਤੇ ਆਪਣੇ ਖਿਆਲਾਤ ਪ੍ਰਗਟਾਉਦੇ ਹੋਏ ਇੱਕ ਬਿਆਨ ਵਿੱਚ ਜ਼ਾਹਿਰ ਕੀਤੇ। ਸ: ਮਾਨ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਵੱਲੋ ਖੁੱਲ੍ਹੇ ਰੂਪ ਵਿੱਚ ਇਹ ਪ੍ਰਵਾਨ ਕਰਨਾ ਕਿ ਮੁਸਲਿਮ ਭਾਈਚਾਰੇ ਦੇ ਕੁਝ ਵਿਸ਼ੇਸ ਲੋਕਾਂ ਵੱਲੋ ਜ਼ਰੂਰ ਅਤਿਵਾਦੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪਰ ਇਸਦੇ ਨਾਲ ਹੀ ਜੋ ਉਨ੍ਹਾ ਨੇ “ਹਿੰਦੂ ਦਹਿਸ਼ਤਗਰਦੀ” ਦੇ ਵੱਡੇ ਖਤਰੇ ਤੋ ਸੁਚੇਤ ਕਰਦੇ ਹੋਏ ਕਿਹਾ ਕਿ ਹਿੰਦੂ ਕੱਟੜਵਾਦੀ ਸੰਗਠਨ ਮੁਸਲਿਮ ਕੌਮ ਨਾਲ ਜਾਤੀ ਤਨਾਅ ਰੱਖਦੇ ਹਨ ਅਤੇ ਉਨ੍ਹਾ ਦੀ ਰਾਜਸੀ ਵਿਰੋਧਤਾ ਕਰਦੇ ਹਨ, ਇਸ ਸੱਚਾਈ ਨੂੰ ਮੰਨਣ ਤੋ, ਨਿਰਪੱਖਤਾ ਦੀ ਸੋਚ ਰੱਖਣ ਵਾਲਾ ਕੋਈ ਵੀ ਇਨਸਾਨ ਮੁਨੱਕਰ ਨਹੀਂ ਹੋ ਸਕਦਾ।
ਵਿਕੀਲੀਕਸ ਵੈਬਸਾਈਟ ਵੱਲੋ ਜਾਰੀ ਕੀਤੇ ਗਏ ਦਸਤਾਵੇਜ਼ ਉੱਤੇ ਭਾਜਪਾ ਵੱਲੋ ਜਾਹਿਰ ਕੀਤੇ ਗਏ ਇਹ ਵਿਚਾਰ “ਕਿ ਰਾਹੁਲ ਗਾਂਧੀ ਨੇ ਅਜਿਹੇ ਵਿਚਾਰ ਪ੍ਰਗਟ ਕਰਕੇ ਇਸਲਾਮਿਕ ਦਹਿਸ਼ਤਗਰਦੀ ਨੂੰ ਹੱਲਾ ਸ਼ੇਰੀ ਦਿੱਤੀ ਹੈ, ਉੱਤੇ ਸ: ਮਾਨ ਨੇ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਭਾਜਪਾ ਅਤੇ ਹੋਰ ਫਿਰਕੂ ਸੰਗਠਨ ਕੇਵਲ ਅਜਿਹੇ ਵਿਚਾਰ ਰਾਜਸੀ ਬਦਲੇ ਦੀ ਭਾਵਨਾ ਦੇ ਇਵਜ਼ ਵਜੋਂ ਕਹਿ ਰਹੇ ਹਨ। ਜਦੋਂ ਕਿ ਸ਼੍ਰੀ ਰਾਹੁਲ ਗਾਂਧੀ ਵੱਲੋ ਪ੍ਰਗਟਾਈ ਗਈ ਪ੍ਰਤੱਖ ਸੱਚਾਈ ਨੂੰ ਰਾਮ-ਰੌਲੇ ਵਿੱਚ ਖਤਮ ਕਰਨ ਅਤੇ ਇਹ ਫਿਰਕੂ ਜਮਾਤਾਂ ਰਾਜਸੀ ਲਾਹਾਂ ਲੈਣ ਦੀ ਤਾਕ ਵਿੱਚ ਸਮੁੱਚੀ ਹਿੰਦੂ ਕੌਮ ਨੂੰ ਭੜਕਾਉਣਾ ਚਾਹੁੰਦੀਆਂ ਹਨ। ਸ: ਮਾਨ ਨੇ ਕਿਹਾ ਕਿ ਭਾਜਪਾ ਅਤੇ ਹੋਰ ਹਿੰਦੂ ਕੱਟੜਵਾਦੀ ਫਿਰਕੂ ਸੰਗਠਨਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਠਾਕੁਰ ਪ੍ਰਗਿਆ ਸਿੰਘ, ਸਵਾਮੀ ਦਯਾਨੰਦ ਅਤੇ ਕਰਨਲ ਪੁਰੋਹਿਤ ਵਰਗੇ ਹਿੰਦੂ ਦਹਿਸ਼ਤਗਰਦਾਂ ਵੱਲੋ ਬੀਤੇ ਸਮੇ ਵਿੱਚ ਮਾਲੇਗਾਓ, ਅਜਮੇਰ ਸਰੀਫ, ਨਾਂਦੇੜ, ਮੰਗਲੌਰ ਅਤੇ ਕਈ ਹੋਰ ਸਥਾਨਾਂ ਉੱਤੇ ਕੀਤੀਆਂ ਗਈਆਂ ਬੰਬ ਵਿਸਫੋਟ ਦੀਆਂ ਕਾਰਵਾਈਆਂ ਅਤੇ ਦੱਖਣੀ ਸੂਬਿਆਂ ਵਿੱਚ ਘੱਟ ਗਿਣਤੀ ਕੌਮ ਇਸਾਈਆਂ ਉੱਤੇ ਹਿੰਦੂ ਜਨੂਨ ਅਧੀਨ ਕੀਤੇ ਗਏ ਜਾਨਲੇਵਾ ਹਮਲੇ, ਧਾਰਮਿਕ ਚਰਚਾਂ ਉੱਤੇ ਕੀਤੇ ਗਏ ਹਮਲੇ ਅਤੇ ਨੰਨਜ਼ਾਂ ਨਾਲ ਕੀਤ ਗਏ ਬਲਾਤਕਾਰ ਕੀ “ਹਿੰਦੂ ਦਹਿਸ਼ਤਗਰਦੀ” ਦੀਆਂ ਪ੍ਰਤੱਖ ਮਿਸਾਲਾਂ ਨਹੀਂ ਹਨ। ਉਨ੍ਹਾ ਕਿਹਾ ਕਿ ਸ਼੍ਰੀ ਅਡਵਾਨੀ, ਤੋਗੜੀਆ, ਭਗਵਤ, ਜੌਸ਼ੀ, ਸੁਸਮਾ ਸਵਰਾਜ, ਮੋਦੀ ਆਦਿ ਫਿਰਕੂ ਸੰਗਠਨਾਂ ਦੇ ਆਗੂਆਂ ਵੱਲੋ ਉਪਰੋਕਤ ਪ੍ਰਗਿਆ ਸਿੰਘ ਠਾਕੁਰ, ਕਰਨਲ ਪੁਰੋਹਿਤ ਅਤੇ ਸਵਾਮੀ ਦਯਾਨੰਦ ਵਰਗੇ ਕੱਟੜ ਹਿੰਦੂਆਂ ਦੇ ਕੇਸਾਂ ਦੀ ਪੈਰਵੀ ਕਰਨ ਦੇ ਅਮਲ ਹੋਣ ਉਪਰੰਤ ਹੁਣ ਕੋਈ ਸ਼ੰਕਾ ਬਾਕੀ ਨਹੀਂ ਰਹਿ ਗਈ ਹੈ ਕਿ ਹਿੰਦੂ ਦਹਿਸ਼ਤਗਰਦੀ ਦੀ ਪਿੱਠ ਥਾਪੜਣ ਵਾਲੇ ਕਿਹੜੇ ਆਗੂ ਅਤੇ ਕਿਹੜੇ ਸੰਗਠਨ ਹਨ? ਸ: ਮਾਨ ਨੇ ਆਪਣੇ ਬਿਆਨ ਦੇ ਅੰਤ ਵਿੱਚ ਕਿਹਾ ਕਿ ਬੇਸ਼ੱਕ ਕਾਂਗਰਸ ਜਮਾਤ ਨੇ ਸਿੱਖਾਂ ਉਤੇ ਇੰਤਹਾ ਜ਼ਬਰ ਜੁਲਮ ਕੀਤੇ ਹਨ ਅਤੇ ਕਾਂਗਰਸ ਜਮਾਤ ਸਿੱਖ ਕੌਮ ਦੀ ਨੰਬਰ ਇੱਕ ਦੁਸ਼ਮਣ ਜਮਾਤ ਹੈ। ਪਰ ਸ਼੍ਰੀ ਰਾਹੁਲ ਗਾਂਧੀ ਵੱਲੋਂ ਪ੍ਰਗਟਾਈ ਉਕਤ ਸੱਚਾਈ ਉਸਦੇ ਸਾਫ ਸੁੱਥਰੇ ਖੂਨ ਅਤੇ ਸਾਫਗੋਈ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਖੁੱਲ੍ਹੇ ਰੂਪ ਵਿੱਚ ਪ੍ਰਸੰਸਾ ਕਰਦਾ ਹੈ ਜਿਸਨੇ ਹਿੰਦੂ ਦਹਿਸ਼ਤਗਰਦੀ ਸਬੰਧੀ ਬੇਖੌਫ ਬੇਬਾਕ ਟਿੱਪਣੀ ਕਰਕੇ ਆਪਣੇ ਨਿਵੇਕਲੇ ਅੰਦਾਜ਼ ਅਤੇ ਪਾਕਿ ਇਸਾਈ ਖੂਨ ਦਾ ਸਬੂਤ ਦਿੱਤਾ ਹੈ।