ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) -: ਅੱਜ ਰੈਡ ਕਰਾਸ ਭਵਨ ਵਿਖੇ ਦੂਜੇ ਗੇੜ ਦੀ ਮਰਦਮ ਸ਼ੁਮਾਰੀ ਸਬੰਧੀ ਰਹਿਸਲ ਕਰਵਾਈ ਗਈ। ਜਿਸ ਦੀ ਪ੍ਰਧਾਨਗੀ ਸ: ਦਰਸਨ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਕੀਤੀ। ਇਸ ਮੌਕੇ ਸ: ਕਿਰਨਜੀਤ ਸਿੰਘ ਤਹਿਸੀਲਦਾਰ ਮਲੋਟ, ਸ੍ਰੀ ਰੋਹਿਤ ਗੁਪਤਾ ਮੁਕਤਸਰ, ਈ. ਓ. ਸ: ਮਨੋਹਰ ਸਿੰਘ, ਸ: ਸੁਖਰਾਜ ਸਿੰਘ ਬਰਾੜ ਤਹਿਸੀਲਦਾਰ ਗਿੱਦੜਬਾਹਾ ਅਤੇ ਸ੍ਰੀ ਆਰ. ਕੇ. ਜੋਹਲ ਜਨ ਸੰਖਿਆ ਵਿਭਾਗ ਚੰਡੀਗੜ੍ਹ ਹਾਜ਼ਰ ਸਨ।
ਜਨ ਸੰਖਿਆ ਅਫ਼ਸਰਾਂ ਨੂੰ ਸੰਬੋਧਨ ਕਰਦਿਆ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਕਤਸਰ ਜਿਲ੍ਹੇ ਵਿੱਚ ਪਹਿਲੇ ਗੇੜ ਦੀ ਜੰਨ ਸੰਖਿਆ ਦਾ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਨਿਪਟਾਇਆ ਗਿਆ। ਜਿਸ ਲਈ ਇਹ ਅਧਿਕਾਰੀ ਵਧਾਈ ਦੇ ਪਾਤਰ ਅਤੇ ਡਾਇਰੈਕਟੋਰੇਟ ਆਫ਼ ਸੈਨਸਜ਼ ਚੰਡੀਗੜ ਵੱਲੋਂ ਜਿਲ੍ਹਾ ਮੁਕਤਸਰ ਨੂੰ ਪ੍ਰਸੰਸਾ ਪੱਤਰ ਵੀ ਦਿੱਤਾ ਗਿਆ। ਉਹਨਾ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਦੂਜੇ ਗੇੜ ਦਾ ਕੰਮ ਵੀ ਵਧੀਆ ਤਰੀਕੇ ਅਤੇ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਤਾਂ ਜੋਂ ਸਹੀ ਸੂਚਨਾ ਇਕੱਤਰ ਕੀਤੀ ਜਾ ਸਕੇ। ਉਹਨਾ ਕਿਹਾ ਕਿ ਜਨ ਸੰਖਿਆ ਵਿਭਾਗ ਚੰਡੀਗੜ ਵੱਲੋਂ ਜੋਂ ਗਾਇਡ ਲਾਈਨਜ਼ ਦਿੱਤੀਆਂ ਗਈਆਂ ਹਨ, ਉਹਨਾ ਨੂੰ ਚੰਗੀ ਤਰ੍ਹਾ ਪੜ੍ਹ ਕੇ ਸੂਚਨਾ ਇਕੱਤਰ ਕੀਤੀ ਜਾਵੇ। ਕਿਉਕਿ ਇਹ ਕੰਮ ਬਹੁਤ ਹੀ ਜੁੰਮੇਵਾਰੀ ਦਾ ਹੈ ਅਤੇ ਕਿਸੇ ਕਿਸਮ ਦੀ ਸ਼ੱਕ ਦੀ ਗੂੰਜਾਇਸ਼ ਨਾ ਰੱਖੀ ਜਾਵੇ।
ਸ੍ਰੀ ਆਰ. ਕੇ. ਜੋਹਲ ਜਨ ਸੰਖਿਆ ਵਿਭਾਗ ਚੰਡੀਗੜ ਨੇ ਕਿਹਾ ਕਿ ਦੂਜੇ ਗੇੜ ਦੀ ਜਨ ਸੰਖਿਆ ਦਾ ਕੰਮ 9 ਫਰਵਰੀ ਤੋਂ 28 ਫਰਵਰੀ ਤੱਕ ਕੀਤਾ ਜਾਣਾ ਹੈ। ਕਿਉਕਿ ਇਹ ਸਮਾਂ ਬੱਧ ਹੈ ਅਤੇ ਇਸ ਵਿੱਚ ਵਾਧਾ ਕਰਨ ਦੀ ਕੋਈ ਗੂੰਜਾਇਸ਼ ਨਹੀਂ ਹੈ। ਇਸ ਤੋਂ ਇਲਾਵਾ 1 ਮਾਰਚ ਤੋਂ 5 ਮਾਰਚ ਤੱਕ ਰਵੀਜ਼ਨ ਰਾਊਂਡ ਹੋਵੇਗਾ, ਉਸ ਤੋਂ ਬਾਅਦ ਰਿਪੋਰਟ ਰਿਜ਼ਸਟਰਾਰ ਜਨਰਲ ਸੈਨਸ਼ਜ਼ ਨੂੰ ਭੇਜੀ ਜਾਵੇਗੀ। ਅਗਰ ਕਿਸੇ ਜਿਲ੍ਹੇ ਜਾਂ ਸੂਬੇ ਵੱਲੋਂ ਸਮੇਂ ਸਿਰ ਰਿਪੋਰਟ ਨਹੀਂ ਭੇਜੀ ਜਾਂਦੀ ਤਾਂ ਇਸ ਵਿੱਚ ਮੁਸ਼ਕਿਲ ਪੇਸ਼ ਆਵੇਗੀ। ਉਹਨਾ ਕਿਹਾ ਕਿ ਇਹ ਮਰਦਮ ਸ਼ੁਮਾਰੀ ਦਾ ਕੰਮ ਮੌਰੀਆਂ ਅਤੇ ਗੁਪਤ ਕਾਲ ਤੋਂ ਹੁੰਦਾ ਆਇਆ ਹੈ ਜਿਸ ਨੇ ਮੁਗਲਾਂ ਨੇ ਵੀ ਜਾਰੀ ਰੱਖਿਆ। ਉਸ ਵਕਤ ਇਹ ਕੰਮ ਰੈਵੀਨਿਊ ਨਾਲ ਸਬੰਧਿਤ ਹੁੰਦਾ ਸੀ। ਭਾਰਤ ਵਿੱਚ 1881 ਤੋਂ ਬਾਇਕਦਾ ਤੌਰ ਤੇ ਮਰਦਮ ਸ਼ੁਮਾਰੀ ਦਾ ਕੰਮ ਹੁੰਦਾ ਚੱਲਿਆ ਆ ਰਿਹਾ ਹੈ ਅਤੇ ਹਰ 10 ਸਾਲ ਬਾਅਦ ਮਰਦਮ ਸ਼ੁਮਾਰੀ ਕਰਵਾਈ ਜਾਦੀ। ਉਹਨਾ ਕਿਹਾ ਕਿ ਅਮਰੀਕਾ ਅਤੇ ਚੀਨ ਵਰਗੇ ਦੇਸਾਂ ਵਿੱਚ ਇਹ ਮਰਦਮ ਸ਼ੁਮਾਰੀ ਦਾ ਕੰਮ ਲੋਕਾਂ ਨੂੰ ਪ੍ਰਸ਼ਨ ਪੱਤਰੀ ਦੇ ਕੇ ਕਰਵਾਇਆ ਜਾਦਾ ਹੈ। ਜਦਕਿ ਭਾਰਤ ਵਿੱਚ ਇਹ ਮਰਦਮ ਸ਼ੁਮਾਰੀ ਦਾ ਕੰਮ ਘਰ ਘਰ ਜਾਂ ਕੇ ਸੂਚਨਾ ਇਕੱਠੀ ਕਰਕੇ ਕੀਤਾ ਜਾਂਦਾ ਹੈ। ਉਹਨਾ ਨੇ ਇਕ ਵਾਰ ਫਿਰ ਸਾਰੇ ਗਿਣਤੀਕਾਰਾਂ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਦੂਜੇ ਗੇੜ ਦੀ ਮਰਦਮ ਸ਼ੁਮਾਰੀ ਦਾ ਕੰਮ ਇਮਾਨਦਾਰੀ ਅਤੇ ਸੂਚਾਰੂ ਢੰਗ ਨਾਲ ਕਰਨ ਤਾਂ ਜੋਂ ਸਹੀ ਸੂਚਨਾ ਇਕੱਠੀ ਕੀਤੀ ਜਾਵੇ ਅਤੇ ਦੇਸ਼ ਦੇ ਅਹਿਮ ਦਸਤਾਵੇਜ ਵਿੱਚ ਯੋਗਦਾਨ ਪਾਇਆ ਜਾ ਸਕੇ।