ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਐਨ ਐਸ ਐਸ ਵਾਲੰਟੀਅਰਾਂ ਨੇ ਅੱਜ ਭਰੂਣ ਹੱਤਿਆ ਵਰਗੀ ਸਮਾਜਿਕ ਕੁਰੀਤੀ ਖਿਲਾਫ ਸ਼ਹਿਰ ਦੀਆਂ ਸੜਕਾਂ ਤੇ ਚੇਤਨਾ ਮਾਰਚ ਕੀਤਾ। ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੇ ਦਸ ਰੋਜ਼ਾ ਕੈਂਪ ਦੌਰਾਨ ਵੱਖ-ਵੱਖ ਸਮਾਜਿਕ ਕੁਰੀਤੀਆਂ ਦੇ ਖਿਲਾਫ ਲੋਕ ਚੇਤਨਾ ਲਹਿਰ ਪ੍ਰਚੰਡ ਕਰਨ ਦਾ ਪ੍ਰਣ ਕੀਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲੈਗ ਪੋਸਟ ਤੋਂ 350 ਵਾਲੰਟੀਅਰਾਂ ਦੇ ਕਾਫਲੇ ਨੂੰ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਝੰਡੀ ਦੇ ਕੇ ਰਵਾਨਾ ਕੀਤਾ। ਫਿਰੋਜ਼ਪੁਰ ਰੋਡ ਥਾਣੀਂ ਹੁੰਦੇ ਹੋਏ ਇਸ ਕਾਫਲੇ ਦੇ ਜਵਾਨ ਤੇ ਮੁਟਿਆਰਾਂ ਰਸਤੇ ਵਿੱਚ ਨਸ਼ਾਖੋਰੀ, ਭਰੂਣ ਹੱਤਿਆ ਅਤੇ ਸਿਗਰਟਨੋਸ਼ੀ ਦੇ ਖਿਲਾਫ ਨਾਅਰੇ ਬੁ¦ਦ ਕਰਦੇ ਰਹੇ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਮਨਜੀਤ ਸਿੰਘ ਕੰਗ ਦੀ ਹਦਾਇਤ ਤੇ ਇਨ੍ਹਾਂ ਵਾਲੰਟੀਅਰਾਂ ਨੇ ਰੁੱਖ ਤੇ ਕੁੱਖ ਸਲਾਮਤ ਰੱਖੋ ਨਹੀਂ ਤਾਂ ਯਾਦ ਕਿਆਮਤ ਰੱਖੋ ਦਾ ਸੁਨੇਹਾ ਹਜ਼ਾਰਾਂ ਲੋਕਾਂ ਤੀਕ ਪਹੁੰਚਾਇਆ। ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਪੰਜਾਬੀ ਕਵੀ ਗੁਰਭਜਨ ਗਿੱਲ ਵੱਲੋਂ ਭਰੂਣ ਹੱਤਿਆ ਦੇ ਖਿਲਾਫ ਲਿਖੀ ਕਵਿਤਾ ਰੱਖੜੀ ਦੀ ਤੰਦ ਖਤਰੇ ਵਿੱਚ ਹੈ ਦੀਆਂ ਸੈਕੜੇ ਕਾਪੀਆਂ ਭੇਂਟ ਕੀਤੀਆਂ ਤਾਂ ਜੋ ਇਹ ਸੁਨੇਹਾ ਇਨ੍ਹਾਂ ਵਿਦਿਆਰਥੀਆਂ ਰਾਹੀਂ ਪੰਜਾਬ ਦੇ ਹਰ ਪਿੰਡ ਵਿੱਚ ਸ਼ਕਤੀਸ਼ਾਲੀ ਢੰਗ ਨਾਲ ਪਹੁੰਚੇ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਇਨ੍ਹਾਂ ਵਿਦਿਆਰਥੀਆਂ ਵੱਲੋਂ ਸਮਾਜਿਕ ਬੁਰਾਈਆਂ ਦੇ ਖਿਲਾਫ ਲਾਮਬੰਦ ਹੋਣ ਦੀ ਸ਼ਲਾਘਾ ਕੀਤੀ ਜਦ ਕਿ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਪਰਿਤਪਾਲ ਸਿੰਘ ਲੁਬਾਣਾ ਨੇ ਇਸ ਲਹਿਰ ਨੂੰ ਪੂਰੇ ਪੰਜਾਬ ਵਿੱਚ ਪਹੁੰਚਾਉਣ ਲਈ ਸਮੁੱਚੇ ਵਿਦਿਆਰਥੀ ਜਗਤ ਨੂੰ ਅਪੀਲ ਕੀਤੀ। ਐਨ ਐਸ ਐਸ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ: ਦਮਨਜੀਤ ਕੌਰ ਨੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਲਾਮਬੰਦੀ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ ਦੀ ਗੱਲ ਆਖੀ।
ਭਰੂਣ ਹੱਤਿਆ ਰੋਕਣ ਲਈ ਖੇਤੀ ਵਰਸਿਟੀ ਵਿਦਿਆਰਥੀਆਂ ਵੱਲੋਂ ਸ਼ਹਿਰ ਯਾਤਰਾ
This entry was posted in ਖੇਤੀਬਾੜੀ, ਮੁਖੱ ਖ਼ਬਰਾਂ.