ਲੁਧਿਆਣਾ :-ਦਿੱਲੀ ਵਸਦੇ ਉਘੇ ਵਾਤਾਵਰਨ ਪ੍ਰੇਮੀ ਅਤੇ ਭਾਰਤੀ ਸੈਨਾ ਦੇ ਸੇਵਾ ਮੁਕਤ ਕਰਨਲ ਅਵਤਾਰ ਸਿੰਘ ਬਰਾੜ ਵੱਲੋਂ ਲਿਖੀ ਪੁਸਤਕ ਬੌਨਸਾਈ : ਇਕ ਕਲਾ ਨੂੰ ਲੋਕ ਅਰਪਣ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਬੌਨਸਾਈ ਪੌਦਿਆਂ ਦੀ ਪੈਦਾਵਾਰ ਪੰਜਾਬ ਦੇ ਛੋਟੇ ਕਿਸਾਨਾਂ ਲਈ ਖੇਤੀ ਸਹਾਇਕ ਧੰਦਾ ਵੀ ਬਣ ਸਕਦੀ ਹੈ। ਉਨ੍ਹਾਂ ਆਖਿਆ ਕਿ ਜਪਾਨ ਵਰਗੇ ਦੇਸ਼ਾਂ ਵਿੱਚ ਕਈ ਕਿਸਾਨ ਸਿਰਫ ਇਹੀ ਪੌਦੇ ਤਿਆਰ ਕਰਦੇ ਹਨ ਅਤੇ ਚੰਗੀ ਉਪਜੀਵਕਾ ਕਮਾਉਂਦੇ ਹਨ ਪਰ ਭਾਰਤ ਦੇਸ਼ ਵਿੱਚ ਅਜੇ ਇਹ ਰੁਝਾਨ ਸਿਰਫ ਸ਼ਹਿਰੀ ਸ਼ੌਕ ਤੀਕ ਹੀ ਸੀਮਤ ਹੈ। ਉਨ੍ਹਾਂ ਕਰਨਲ ਬਰਾੜ ਦੀ ਇਸ ਗੱਲੋਂ ਪ੍ਰਸੰਸਾ ਕੀਤੀ ਕਿ ਉਨ੍ਹਾਂ ਨੇ ਇਹ ਪੁਸਤਕ ਸਿਰਫ ਅੰਗਰੇਜ਼ੀ ਵਿੱਚ ਲਿਖ ਕੇ ਹੀ ਤਸੱਲੀ ਨਹੀਂ ਕਰ ਲਈ ਸਗੋਂ ਆਮ ਲੋਕਾਂ ਦੀ ਭਾਸ਼ਾ ਪੰਜਾਬੀ ਵਿੱਚ ਵੀ ਇਸ ਨੂੰ ਸੁਚਿੱਤਰ ਰੂਪ ਵਿੱਚ ਪ੍ਰਕਾਸ਼ਤ ਕੀਤਾ ਹੈ। ਡਾ: ਕੰਗ ਨੇ ਆਖਿਆ ਕਿ ਹਰ ਘਰ ਕੰਕਰੀਟ ਦਾ ਕਿਲ੍ਹਾ ਬਣਾਉਣ ਦੀ ਥਾਂ ਘਰਾਂ ਦੇ ਅੰਦਰ ਹਰਿਆਵਲੇ ਦ੍ਰਿਸ਼ ਜ਼ਿੰਦਗੀ ਨੂੰ ਵੀ ਹੁਸੀਨ ਬਣਾਉਂਦੇ ਹਨ, ਇਸ ਲਈ ਵਾਤਾਵਰਨ ਦੇ ਸੁਧਾਰ ਲਈ ਨਿੱਕੇ ਬੌਨਸਾਈ ਪੌਦਿਆਂ ਦੀ ਪੈਦਾਇਸ਼ ਲਈ ਸਾਨੂੰ ਸਭ ਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ।
ਇਸ ਪੁਸਤਕ ਦੇ ਲੇਖਕ ਕਰਨਲ ਅਵਤਾਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਪਰੀਤ ਨਗਰ ਵਿੱਚੋਂ ਮੁੱਢਲੀ ਸਿੱਖਿਆ ਹਾਸਿਲ ਕਰਦਿਆਂ ਅਖੀਰ ਜ਼ਿੰਦਗੀ ਨੂੰ ਸੁਹਜਆਤਮਕ ਰੁਚੀਆਂ ਦੇ ਹਵਾਲੇ ਕਰ ਦਿੱਤਾ ਸੀ ਅਤੇ ਭਾਰਤੀ ਸੈਨਾ ਵਿੱਚ ਕੰਮ ਕਰਨ ਤੋਂ ਵਿਹਲੇ ਹੋ ਕੇ ਉਨ੍ਹਾਂ ਨੇ ਬੌਨਸਾਈ ਪੌਦਿਆਂ ਦੀ ਕਾਸ਼ਤ ਵੱਲ ਧਿਆਨ ਦਿੱਤਾ ਅਤੇ ਇਸ ਕਿਤਾਬ ਨੂੰ 2006 ਵਿੱਚ ਅੰਗਰੇਜ਼ੀ ਵਿੱਚ ਅਤੇ ਹੁਣ ਪੰਜਾਬੀ ਵਿੱਚ ਪ੍ਰਕਾਸ਼ਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣਾ ਯਤਨ ਤਦ ਹੀ ਸਕਾਰਥਾ ਮੰਨਣਗੇ ਜੇਕਰ ਪੰਜਾਬ ਦੇ ਕਿਸਾਨ ਵੀਰ ਇਸ ਕਾਰਜ ਨੂੰ ਮੇਰੇ ਵੱਲੋਂ ਦਿੱਤੇ ਤਕਨੀਕੀ ਗਿਆਨ ਦੇ ਸਹਾਰੇ ਅੱਗੇ ਵਧਾ ਕੇ ਇਸ ਨੂੰ ਖੇਤੀ ਸਹਾਇਕ ਧੰਦੇ ਵਜੋਂ ਵਿਕਸਤ ਕਰ ਸਕਣਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਛਪਦੇ ਮਾਸਕ ਪੱਤਰ ਚੰਗੀ ਖੇਤੀ ਦੇ ਸੰਪਾਦਕ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਲੇਖਕ ਦੀ ਜਾਣ ਪਛਾਣ ਕਰਾਉਂਦਿਆਂ ਦੱਸਿਆ ਕਿ ਕਰਨਲ ਬਰਾੜ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬਿਜਲੀ ਜਾਰੀ ਕਰਵਾਉਣ ਵਾਲੇ ਇੰਜੀਨੀਅਰ ਸੰਤੋਖ ਸਿੰਘ ਬਰਾੜ ਦੇ ਸਪੁੱਤਰ ਹਨ ਅਤੇ ਇਸ ਪਰਿਵਾਰ ਨੇ ਹਮੇਸ਼ਾਂ ਹੀ ਨਵੀਆਂ ਲੀਹਾਂ ਪਾਈਆਂ ਹਨ। ਉਨ੍ਹਾਂ ਨੈਸ਼ਨਲ ਬੁੱਕ ਸ਼ਾਪ ਵੱਲੋਂ ਛਾਪੀ ਇਸ ਪੁਸਤਕ ਨੂੰ ਗਿਆਨ ਵਿਗਿਆਨ ਸਾਹਿਤ ਵਿੱਚ ਇਕ ਵਡਮੁੱਲੀ ਪ੍ਰਾਪਤੀ ਵਜੋਂ ਸਲਾਹਿਆ।
ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਏ ਪਸਾਰ ਸਿੱਖਿਆ ਵਿਗਿਆਨੀ ਡਾ: ਰਣਜੀਤ ਸਿੰਘ ਤਾਂਬੜ ਅਤੇ ਡਾ: ਅਨੂਪ ਸਿੰਘ ਸੰਧੂ ਵੀ ਹਾਜ਼ਰ ਸਨ। ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਇਸ ਪੁਸਤਕ ਦੀ ਸ਼ਲਾਘਾ ਕਰਦਿਆਂ ਇਸ ਬਾਰੇ ਜਾਣਕਾਰੀ ਨੂੰ ਵਿਗਿਆਨਕ ਲੀਹਾਂ ਵਾਲੀ ਕਿਹਾ।
ਬੌਨਸਾਈ ਪੌਦਿਆਂ ਦੀ ਪੈਦਾਵਾਰ ਖੇਤੀ ਸਹਾਇਕ ਧੰਦਾ ਵੀ ਬਣ ਸਕਦੀ ਹੈ-ਡਾ: ਕੰਗ
This entry was posted in ਖੇਤੀਬਾੜੀ.