ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) -: ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਦੇਸ਼ ਦਾ ਇੱਕੋ-ਇੱਕ ਸੂਬਾ ਹੈ, ਜਿੱਥੇ ਸੰਗਤ ਦਰਸ਼ਨ ਪ੍ਰੋਗਰਾਮ ਦੇ ਤਹਿਤ ਆਮ ਆਦਮੀ ਦੀਆਂ ਰੋਜ਼ਮਰ੍ਹਾ ਦੀਆਂ ਦੁੱਖ ਤਕਲੀਫਾਂ ਅਤੇ ਸ਼ਿਕਾਇਤਾਂ ਨੂੰ ਸੁਣ ਕੇ ਮੌਕੇ ਤੇ ਹੀ ਹੱਲ ਕੀਤਾ ਜਾਂਦਾ ਹੈ। ਅੱਜ ਲੰਬੀ ਹਲਕਾ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੀ ਲੜੀ ਦੇ ਤਹਿਤ ਪਿੰਡ ਰੱਤਾ ਖੇੜਾ ਵੱਡਾ, ਰੱਤਾ ਖੇੜਾ ਛੋਟਾ, ਬੋਦੀਵਾਲਾ ਖੜਕ ਸਿੰਘ ਆਲਮਵਾਲਾ, ਭਗਵਾਨਪੁਰਾ, ਕਰਮਗੜ੍ਹ, ਢਾਣੀ ਨੱਥਾ ਸਿੰਘ, ਛਾਪਿਆਂਵਾਲੀ, ਮਾਹੂਆਣਾ ਅਤੇ ਪਿੰਡ ਬਾਦਲ ਦੇ ਲੋਕਾਂ ਦੇ ਇੱਕਠਾਂ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਇਹ ਸੰਗਤ ਦਰਸ਼ਨ ਪ੍ਰੋਗਰਾਮ ਭਾਵੇ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਵਲੋਂ ਕੀਤੇ ਜਾਂਦੇ ਹਨ
ਇਸ ਗੱਲ ਨੂੰ ਯਕੀਨੀ ਬਣਾਇਆਂ ਜਾਂਦਾ ਹੈ ਕਿ ਖਿੱਤੇ ਦਾ ਸਮੂਹਿਕ ਵਿਕਾਸ ਕੀਤਾ ਜਾਵੇ, ਜੋ ਕਿ ਪਿਛਲੀਆਂ ਸਰਕਾਰਾਂ ਵਲੋਂ ਜੜ੍ਹੋ ਹੀ ਅਣਗੋਲਿਆਂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅੱਜ ਦਾ ਸੰਗਤ ਦਰਸ਼ਨ ਪ੍ਰੋਗਰਾਮ ਜਿਸ ਵਿੱਚ ਸਿਵਿਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਨਿਸ਼ਾਨੇ ਨਾਲ ਕਰਵਾਇਆ ਜਾ ਰਿਹਾ ਹੈ ਕਿ ਪਿੰਡਾਂ ਦੇ ਸਾਂਝੇ ਮੁੱਦੇ ਵਿਚਾਰੇ ਜਾਣ ਅਤੇ ਮੌਕੇ ਤੇ ਹੱਲ ਕੀਤੇ ਜਾਣ।
ਸ.ਬਾਦਲ ਨੇ ਕਿਹਾ ਕਿ ਪਿੰਡਾਂ ਦੇ ਸਮੁੱਚੇ ਵਿਕਾਸ ਲਈ 1763 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਸੂਬੇ ਵਿੱਚ 200 ਕਰੋੜ ਰੁਪਏ ਸੈਨੀਟੇਸ਼ਨ ਮੁਹਿੰਮ ਦੇ ਤਹਿਤ ਪਿੰਡਾਂ ਵਿੱਚ ਪੁਖਾਨੇ ਉਸਾਰਨ ਲਈ ਖਰਚ ਕੀਤੇ ਗਏ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਨਰੇਗਾ ਸਕੀਮ ਅਧੀਨ ਪਿੰਡਾਂ ਦੀਆਂ ਵੱਖ-ਵੱਖ ਵਿਕਾਸ ਸਕੀਮਾਂ ਵਿੱਚ ਸ਼ਾਮਿਲ ਹੋਣ। ਸ.ਬਾਦਲ ਨੇ ਅੱਗੇ ਕਿਹਾ ਕਿ ਸਾਲ 2007 ਤੋਂ ਨਵੰਬਰ 2010 ਤੱਕ 366.85 ਕਰੋੜ ਰੁਪਏ ਦੀ ਕੁੱਲ ਰਾਸ਼ੀ ਵਿਚੋਂ 334.56 ਕਰੋੜ ਰੁਪਏ ਘਰੇਲੂ ਦਸਤਕਾਰੀ ਨੂੰ ਰੁਜ਼ਗਾਰ ਦੇਣ ਲਈ ਖਰਚ ਕੀਤੇ ਗਏ ਹਨ, ਜਿਸ ਨਾਲ 177 ਲੱਖ ਵਿਅਕਤੀਆਂ ਨੂੰ ਫਾਇਦਾ ਹੋਇਆ ਹੈ। ਮੁੱਖ ਮੰਤਰੀ ਨੇ ਇਹ ਵੀ ਇਸ਼ਾਰਾ ਕੀਤਾ ਕਿ ਉਹਨਾਂ ਨੇ ਡਰੇਨਜ ਵਿਭਾਗ ,ਸਿੰਚਾਈ ਵਿਭਾਗ, ਨਹਿਰੀ ਵਿਭਾਗ, ਵਾਟਰ ਸਪਲਾਈ, ਸੈਨੀਟੇਸ਼ਨ ਅਤੇ ਪੀ.ਡਬਲਯੂ.ਡੀ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਵੱਧ ਤੋਂ ਵੱਧ ਮਗਨਰੇਗਾ ਸਕੀਮ ਦੇ ਤਹਿਤ ਵਿਕਾਸ ਦੇ ਕੰਮ ਕਰਵਾਉਣ ਤਾਂ ਜੋ ਸਥਾਨਿਕ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪ੍ਰਾਪਤ ਹੋ ਸਕੇ।
ਮੁੱਖ ਮੰਤਰੀ ਪੰਜਾਬ ਨੇ ਹਰੇਕ ਵਿਅਕਤੀ ਨਾਲ ਵਿਚਰਦਿਆਂ ਸੰਗਤ ਦਰਸ਼ਨ ਪ੍ਰੋਗਰਾਮਾਂ ਦੇ ਤਹਿਤ ਲੋਕਾਂ ਦੀਆਂ ਮੁਸ਼ਕਲਾਂ
,ਸੁਣੀਆਂ, ਜਿਹੜੀਆਂ ਕਿ ਜ਼ਿਆਦਾਤਰ ਨਿਕਾਸੀ ਨਾਲੇ, ਗਲੀਆਂ-ਨਾਲੀਆਂ ਪੱਕੀਆਂ ਕਰਨ, ਪੀਣ ਵਾਲਾ ਪਾਣੀ, ਸੜਕਾਂ ਦੀ ਉਸਾਰੀ, ਧਰਮਸ਼ਾਲਾਵਾਂ , ਸ਼ਮਸ਼ਾਨਘਾਟਾਂ ਅਤੇ ਸਪੋਟਸ ਕਲੱਬਾਂ ਨਾਲ ਸਬੰਧਿਤ ਸਨ, ਮੌਕੇ ਤੇ ਹੀ ਨਿਪਟਾਰਾ ਕੀਤਾ। ਉਹਨਾਂ ਇਸ ਮੌਕੇ ਸੰਗਤ ਦਰਸ਼ਨ ਪ੍ਰੋਗਰਾਮ ਦੇ ਤਹਿਤ 2.50 ਕਰੋੜ ਰੁਪਏ ਦੀਆਂ ਰਾਸ਼ੀ ਦੀਆਂ ਗਰਾਂਟਾ ਪਿੰਡਾਂ ਦੇ ਸਮੁੱਚੇ ਵਿਕਾਸ ਅਤੇ ਲੋਕ ਭਲਾਈ ਦੇ ਤਹਿਤ ਵੰਡੀਆਂ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸ.ਹਰਪ੍ਰੀਤ ਸਿੰਘ ਐਮ.ਐਲ.ਏ ਹਲਕਾ ਮਲੋਟ, ਹਰਮੀਤ ਸਿੰਘ ਭੀਟੀਵਾਲਾ ਚੇਅਰਮੈਨ ਜਿਲ੍ਹਾ ਪਲੈਨਿੰਗ ਕਮੇਟੀ, ਮਨਜੀਤ ਸਿੰਘ ਸੰਧੂ ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਬਸੰਤ ਸਿੰਘ ਕੰਗ ਚੇਅਰਮੈਨ ਮਾਰਕੀਟ ਕਮੇਟੀ ਮਲੋਟ, ਦਿਆਲ ਸਿੰਘ ਕੋਲਿਆਂਵਾਲੀ ਮੈਂਬਰ ਐਸ.ਜੀ.ਪੀ.ਸੀ,ਪਰਮਿੰਦਰ ਸਿੰਘ ਕੋਲਿਆਂਵਾਲੀ ਯੁਵਾਂ ਅਕਾਲੀ ਲੀਡਰ, ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ ਮੁਕਤਸਰ, ਆਈ.ਜੀ.ਬਠਿੰਡਾ ਜੋਨ ਸ੍ਰੀ ਲੋਕ ਨਾਥ, ਐਨ.ਐਸ.ਢਿੱਲੋ. ਡੀ.ਆਈ.ਜੀ.,ਇੰਦਰਮੋਹਨ ਸਿੰਘ ਐਸ.ਐਸ.ਪੀ, ਦਰਸ਼ਨ ਸਿੰਘ ਗਰੇਵਾਲ ਏ.ਡੀ.ਸੀ ਪ੍ਰਵੀਨ ਥਿੰਦ ਐਸ.ਡੀ.ਐਮ ਮਲੋਟ, ਸ੍ਰੀ ਜਸਪਾਲ ਸਿੰਘ ਨਿਗਰਾਨ ਇੰਜੀਨੀਅਰ ਵੀ ਹਾਜ਼ਰ ਸਨ।