ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਉੱਘੇ ਪੰਜਾਬੀ ਲੋਕ ਗਾਇਕ ਅਤੇ ਪੰਜਾਬੀ ਫਿਲਮਾਂ ਦੇ ਅਦਾਕਾਰ ਸ਼੍ਰੀ ਸੁਰਿੰਦਰ ਛਿੰਦਾ ਨੇ ਅੱਜ ਇਥੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿਖੇ ਆਪਣਾ ਸੁਝਾਅ ਦਿੰਦਿਆਂ ਕਿਹਾ ਹੈ ਕਿ ਯੂਨੀਵਰਸਿਟੀ ਸਥਿਤ ਪੇਂਡੂ ਸਭਿਆਚਾਰ ਦੇ ਅਜਾਇਬ ਘਰ ਨੂੰ ਵੇਖਣ ਲਈ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਯਾਤਰੂ ਹਰ ਸਾਲ ਆਉਂਦੇ ਹਨ। ਉਹ ਇਸ ਅਜਾਇਬ ਘਰ ਵਿੱਚ ਸ਼ਾਮਿਲ ਵਸਤਾਂ ਨੂੰ ਤਾਂ ਵੇਖ ਲੈਂਦੇ ਹਨ ਪਰ ਪੰਜਾਬ ਦੀ ਰੂਹ ਲੋਕ ਸੰਗੀਤ ਤੋਂ ਵਾਕਿਫ ਨਹੀਂ ਹੁੰਦੇ। ਉਨ੍ਹਾਂ ਸੁਝਾਅ ਦਿੱਤਾ ਕਿ ਪੰਜਾਬ ਦੀਆਂ ਪੁਰਾਤਨ ਲੋਕ ਤਰਜ਼ਾਂ, ਢਾਡੀ ਰਾਗ, ਕਵੀਸ਼ਰੀ ਪਰੰਪਰਾ, ਗੁਰਬਾਣੀ ਸੰਗੀਤ ਅਤੇ ਪੰਜਾਬ ਦੀ ਸਮੁੱਚੀ ਗੀਤ ਪਰੰਪਰਾ ਦਾ ਆਰਕਾਈਵਜ਼ ਬਣਾਇਆ ਜਾਵੇ ਤਾਂ ਜੋ ਇਸ ਅਜਾਇਬ ਘਰ ਨੂੰ ਰੂਹ ਨਸੀਬ ਹੋ ਸਕੇ। ਉਨ੍ਹਾਂ ਆਖਿਆ ਕਿ ਇਸ ਕੰਮ ਲਈ ਉਹ ਆਪਣੀਆਂ ਸੇਵਾਵਾਂ ਨਿਸ਼ਕਾਮ ਤੌਰ ਤੇ ਦੇ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਪੰਜਾਬੀ ਲੋਕ ਸੰਗੀਤ ਦਾ ਵਿਸ਼ਾਲ ਭੰਡਾਰ ਪਿਆ ਹੈ ਜੋ ਉਹ ਬਿਨਾਂ ਕਿਸੇ ਇਵਜਾਨੇ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੌਂਪ ਸਕਦੇ ਹਨ। ਸ਼੍ਰੀ ਛਿੰਦਾ ਨੇ ਆਖਿਆ ਕਿ ਜੇਕਰ ਇਹ ਯੂਨੀਵਰਸਿਟੀ ਨਾ ਬਣਦੀ ਤਾਂ ਪੰਜਾਬੀਆਂ ਦੀ ਆਰਥਿਕ ਦਸ਼ਾ ਨਹੀਂ ਸੀ ਸੁਧਰਨੀ ਅਤੇ ਜੇਕਰ ਆਰਥਿਕ ਦਸ਼ਾ ਨਾ ਸੁਧਰਦੀ ਤਾਂ ਪੰਜਾਬੀ ਲੋਕ ਸੰਗੀਤ ਨੂੰ ਵੀ ਵਿਕਾਸ ਦੇ ਮੌਕੇ ਨਹੀਂ ਸੀ ਮਿਲਣੇ। ਉਨ੍ਹਾਂ ਆਖਿਆ ਕਿ ਚੰਗੇ ਸੰਗੀਤ ਦੀ ਸੰਭਾਲ ਨਾਲ ਇਸ ਅਜਾਇਬ ਘਰ ਵਿੱਚ ਆਉਣ ਵਾਲੇ ਯਾਤਰੂਆਂ ਨੂੰ ਸ਼ੋਰ ਅਤੇ ਸੰਗੀਤ ਵਿਚਕਾਰ ਫਰਕ ਦੀ ਲਕੀਰ ਵੀ ਵਿਖਾਈ ਜਾ ਸਕੇਗੀ।
ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਸ਼੍ਰੀ ਸੁਰਿੰਦਰ ਛਿੰਦਾ ਦਾ ਇਸ ਸਹਿਯੋਗ ਦੀ ਪੇਸ਼ਕਸ਼ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਜਾਇਬ ਘਰ ਵਿੱਚ ਪਹਿਲਾਂ ਹੀ ਉਸਤਾਦ ਲਾਲ ਚੰਦ ਯਮਲਾ ਜੱਟ, ਜਗਤ ਸਿੰਘ ਜੱਗਾ, ਬੀਬੀ ਸੁਰਿੰਦਰ ਕੌਰ ਦੇ ਫੋਟੋ ਚਿੱਤਰ ਪ੍ਰਦਰਸ਼ਿਤ ਅਤੇ ਚੰਗੇ ਲੋਕ ਸੰਗੀਤ ਦੀਆਂ ਵੰਨਗੀਆਂ ਵੀ ਕੁਝ ਹੱਦ ਤੀਕ ਹਾਜ਼ਰ ਹਨ ਪਰ ਉਨ੍ਹਾਂ ਵੱਲੋਂ ਜਿਸ ਆਰਕਾਈਵਜ਼ ਦਾ ਸੁਪਨਾ ਦਿੱਤਾ ਗਿਆ ਹੈ, ਉਸ ਦੀ ਪੂਰਤੀ ਲਈ ਪੰਜਾਬ ਸਰਕਾਰ ਤੋਂ ਵੀ ਆਰਥਿਕ ਸਹਾਇਤਾ ਵੀ ਮੰਗੀ ਜਾਵੇਗੀ ਤਾਂ ਜੋ ਆਧਾਰ ਢਾਂਚਾ ਤਿਆਰ ਕਰਕੇ ਇਸ ਸੁਪਨੇ ਦੀ ਪੂਰਤੀ ਕੀਤੀ ਜਾ ਸਕੇ। ਅਜਾਇਬ ਘਰ ਦੇ ਇੰਚਾਰਜ ਅਤੇ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ ਲੋਕ ਸੰਪਰਕ ਡਾ: ਨਿਰਮਲ ਜੌੜਾ ਨੇ ਸ਼੍ਰੀ ਸੁਰਿੰਦਰ ਛਿੰਦਾ ਦੀ ਇਸ ਪੇਸ਼ਕਸ਼ ਦਾ ਸੁਆਗਤ ਕਰਦਿਆਂ ਪੰਜਾਬ ਦੇ ਬਾਕੀ ਗਾਇਕ ਵੀਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੰਜਾਬੀ ਲੋਕ ਸੰਗੀਤ ਦੇ ਅਸਲ ਸਰੂਪ ਨੂੰ ਸੰਭਾਲਣ ਲਈ ਸਾਨੂੰ ਸਹਿਯੋਗ ਦੇਣਗੇ।