ਸਿੱਖ ਜਗਤ ਲਈ ਬੀਤ ਰਿਹਾ ਸਾਲ 2010 ਵਿਵਾਦਾਂ ਨਾਲ ਭਰਪੂਰ ਰਿਹਾ।ਦੇਸ਼ ਵਿਦੇਸ਼ ਵਿਚ ਵਸਦੇ ਸਿੱਖਾਂ ਵਿਚ ਏਕਤਾ ਦੀ ਭਾਵਨਾ ਮਜ਼ਬੂਤ ਕਰਨ ਦੀ ਵਜਾਏ ਪ੍ਰਮੁਖ ਸਿੱਖ ਸਖਸੀਅਤਾਂ ਸਮੇਤ ਸਿੰਘ ਸਾਹਿਬਾਨ, ਕਈ ਸੰਸਥਾਵਾਂ, ਤੇ ਨੇਤਾਵਾਂ ਦੇ ਕੁਝ ਫੈਸਲਿਆਂ ਜਾਂ ਕਾਰਵਾਈਆਂ ਕਾਰਨ ਆਮ ਸਿੱਖਾਂ ਨੂੰ ਵੰਡ ਕੇ ਰਖ ਦਿਤਾ ਹੈ। ਸਿੰਘ ਸਾਹਿਬਾਨ ਖੁਦ ਵੀ ਵਿਵਾਦਗ੍ਰਸਤ ਬਣੇ ਅਤੇ ਉਨ੍ਹਾ ਉਤੇ ਹਾਕਮ ਅਕਾਲੀ ਦਲ ਦੇ ਹੱਥਾਂ ਵਿਚ ਖੇਡਣ ਦੇ ਦੋਸ਼ ਲਗੇ। ਵਰ੍ਹਾ ਸਮਾਪਤ ਹੋਣ ਲਗਾ ਹੈ, ਪਰ ਇਹ ਵਿਵਾਦ ਖਤਮ ਹੋਣ ਦਾ ਨਾਂਅ ਹੀ ਨਹੀਂ ਲੈ ਰਹੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ-ਨਿਵਸੀ ਕੈਲੰਡਰ ਮਾਹਰ ਸ. ਪਾਲ ਸਿੰਘ ਪੁਰੇਵਾਲ ਵਲੋਂ ਬੜੀ ਮਿਹਨਤ ਨਾਲ ਤਿਆਰ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਵਿਦਵਾਨਾਂ ਤੇ ਸਿੱਖ ਸੰਸਥਾਵਾ ਦੇ ਪ੍ਰਤੀਨਿਧਾਂ ਦੀ ਇਕ ਸਬ-ਕਮਟੀ ਵਲੋਂ ਲੰਬੀ ਸੋਚ ਵਿਚਾਰ ਬਾਅਦ ਲਾਗੂ ਕੀਤਾ ਸੀ, ਜਿਸ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਸੰਤ ਸਮਾਜ ਦੇ ਇਕ ਵਰਗ ਤੋਂ ਬਿਨਾ ਦੇਸ਼ ਵਿਦੇਸ਼ ਦੀਆਂ ਸੰਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ਅਤੇ ਪੰਜਾਬ ਤੇ ਕੇਂਦਰ ਸਰਕਾਰ ਨੇ ਪਰਵਾਨ ਕਰਕੇ ਲਾਗੂ ਕਰ ਦਿਤਾ ਸੀ। ਇਸ ਸਾਲ ਦੇ ਸ਼ੁਰੂ ਵਿਚ ਹੀ ਸ਼੍ਰੋਮਣੀ ਕਮੇਟੀ ਨੇ ਕੈਲੰਡਰ ਮਾਹਰਾਂ ਜਾਂ ਵਿਦਵਾਨਾਂ ਦੀ ਸਲਾਹ ਤੋਂ ਬਿਨਾ ਹੀ ਸੰਤ ਸਮਾਜ ਦੇ ਇਕ ਵਰਗ ਦੇ ਦਬਾਓ ਹੇਠ ਸੋਧਾਂ ਕਰਕੇ ਲਾਗੂ ਕਰ ਦਿਤਾ। ਸੋਧਾ ਅਨੁਸਾਰ ਉਹੋ ਪੁਰਾਨਾ ਲਗਭਗ ਸਾਰਾ ਬਿਕ੍ਰਮੀ ਸੰਮਤ ਵਾਲਾ ਕੈਲੰਡਰ ਲਾਗੂ ਹੋ ਗਿਆ ਹੈ, ਜਿਸ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਦੇਸ਼ ਵਿਦੇਸ਼ ਵਿਚ ਅਨੇਕਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਨੇ ਤਿੱਖਾ ਵਿਰੋਧ ਕੀਤਾ ਹੈ। ਇਸ ਫੈਸਲੇ ਨੇ ਸਿੱਖਾਂ ਨੂੰ ਦੋ ਖੇਮਿਆਂ ਵਿਚ ਵੰਡ ਕੇ ਰਖ ਦਿਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਕੀਤੀ ਗਈ ਇਕ “ਇਤਰਾਜ਼ਯੋਗ” ਟਿੱਪਣੀ ਬਾਰ ਸਪਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਇਆ ਗਿਆ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਆਏ, ਪਰ ਸਿੰਘ ਸਾਹਿਬਾਨ ਅਕਾਲ ਤਖ਼ਤ ਦੇ ਸਕੱਤਰੇਤ ਵਿਚ ਉਡੀਕਦੇ ਰਹੇ’। ਪ੍ਰੋ. ਦਰਸ਼ਨ ਸਿੰਘ ਨੂੰ ਇਕ ਹੋਰ ਮੌਕਾ ਸਾਰਾ ਦੇਣ ਪਿਛੋਂ ਸਿੰਘ ਸਾਹਿਬਾਨ ਨੇ ਪੰਥ ਚੋਂ ਛੇਕ ਦਿਤਾ। ਇਸ ਦੋਰਾਨ ਇਹ ਵਿਵਾਦ ਵੀ ਉਠਿਆਮ ਕਿ ਪੰਥਕ ਮਸਲਿਆਂ ਸਬੰਧੀ ਮਾਮਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਚਾਰੇ ਜਾਣ ਜਾਂ ਇਸ ਦੇ ਸਕੱਤਰੇਤ, ਇਸ ਤਰ੍ਹਾਂ ਸਪਸ਼ਟੀਕਰਨ ਦੇਣ ਲਈ ਸਬੰਧਤ ਵਿਅਕਤੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਪੇਸ਼ ਹੋਵੇ ਜਾਂ ਸਕਤ੍ਰੇਤ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਭਾਈ ਜਸਵੀਰ ਸਿੰਘ ਰੋਡੇ ਨ ਇਸ ਵਿਵਾਦ ਨੂੰ ਸਦਭਾਵਨਾ ਨਾਲ ਸੁਲਝਾਉਣ ਲਈ ਯਤਨ ਕੀਤੇ ਸਨ, ਪਰ ਸਫ਼ਲ ਨਹੀਂ ਹੋ ਸਕੇ।
ਪ੍ਰਵਾਸੀ ਸਿੱਖਾਂ ਸਬੰਧੀ “ਕਾਲੀ ਸੂਚੀ” ਖਤਮ ਕਰਨ ਬਾਰੇ ਵੀ ਆਪਾ-ਵਿਰੋਧੀ ਖ਼ਬਰਾਂ ਆਉਂਦੀਆ ਰਹੀਆਂ।ਆਪਣੀ ਪੰਜਾਬ ਫੇਰੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਦੇ ਬਿਆਨ ਦਿਤਾ ਸੀ ਕਿ ਕਾਲੀ ਸੂਚੀ ਵਾਲੇ ਸਿੱਖ ਨੌਜਵਾਨ ਜੋ ਅੱਤਵਾਦ ਦੇ ਦੌਰ ਦੌਰਾਨ ਵਿਦੇਸ਼ ਚਲੇ ਗਏ ਸਨ, ਦੀ ਘਰ ਵਾਪਸੀ ਲਈ ਸਰਕਾਰ ਤਿਆਰ ਹੈ ਬਸ਼ਰਤੇ ਕਿ ਉਹ ਹਿੰਸਾ ਅਤੇ ਖਾਲਿਸਤਾਨ ਦੀ ਮੰਗ ਤਿਆਗ ਦੇਣ। ਉਨਾਂ ਵਲੋਂ ਪੰਜਾਬ ਸਰਕਾਰ ਨੂੰ ਸਲਾਹ ਦਿਤੀ ਗਈ ਸੀ ਕਿ ਇਨ੍ਹਾਂ ਨੌਜਵਾਨਾਂ ਦਾ ਕੇਸ ਤਿਆਰ ਕਰਕੇ ਉਨ੍ਹਾਂ ਨੂੰ ਭੇਜਿਆ ਜਾਏ, ਉਹ ਕਾਲੀ ਸੂਚੀ ਵਿਚੋਂ ਇਨ੍ਹਾਂ ਦੇ ਨਾਂਅ ਕੱਢਵਾ ਦੇਣਗੇ।ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਸਾਡੇ ਪਾਸ ਇਹ ਸੂਚੀ ਨਹੀਂ ਹੈ।ਦਿੱਲੀ ਗੁਰਦੁਆਰਾ ਕਮੇਟੀ ਦੇ ਆਗੂਆਂ ਨੇ ਵਿਦੇਸ਼ ਰਾਜ ਮੰਤਰੀ ਬੀਬੀ ਪਰਣੀਤ ਕੌਰ ਨੂੰ ਮਿਲ ਕੇ ਇਹ ਸੂਚੀ ਖਤਮ ਕਰਨ ਲਈ ਬੇਨਤੀ ਕੀਤੀ ਸੀ, ਪਰ ਮਸਲਾ ਪਹਿਲਾਂ ਵਾਲੀ ਥਾਂ ਹੀ ਖੜਾ ਹੈ।
ਹਰਿਆਣਵੀ ਸਿੱਖਾਂ ਦੇ ਇਕ ਵਰਗ ਵਲੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਪਿਛਲੇ 7-8 ਸਾਲ ਤੋਂ ਮੰਗ ਕੀਤੀ ਜਾ ਰਹੀ ਹੈ, ਜਿਸ ਨੇ ਇਕ ਤਿੱਖੇ ਵਿਵਾਦ ਦਾ ਰੂਪ ਧਾਰਨ ਕਰ ਲਿਆ ਹੈ। ਇਸ ਮੰਗ ਕਰਨ ਵਾਲਿਆਂ ਦੇ ਇਕ ਆਗੂ ਸ. ਜਗਦੀਸ਼ ਸਿੰਘ ਝੀਡਾ ਵਲੋਂ ਕੁਰੂਕਸ਼ੇਤਰ ਦੇ ਇਤਿਹਾਸਿਕ ਗੁਰਦੁਆਰੇ ਉਤੇ ਆਪਣੇ ਸਮਰਥਕਾਂ ਸਮੇਤ ਕਬਜ਼ਾ ਕਰਨ ਦੇ ਯਤਨ ਕੀਤੇ ਗਏ, ਜਿਸ ਕਾਰਨ ਕਾਫੀ ਤਨਾਓ ਵੀ ਪੈਦਾ ਹੋਇਆ।
ਸ਼੍ਰੋਮਣੀ ਕਮੇਟੀ ਨੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਫਤਹਿ ਦੀ ਤੀਜੀ ਸ਼ਤਾਬਦੀ ਬੜੀ ਸ਼ਰਧਾ ਤੇ ਖਾਲਸਈ ਸ਼ਾਨ ਨਾਲ ਮਨਾਈ ਅਤੇ ਪੰਜਾਬ ਸਰਕਾਰ ਨੇ ਚਪੜ ਚਿੜੀ ਵਿਖੇ ਇਕ ਯਾਦਗਾਰ ਬਣਾਉਣ ਲਈ ਨੀਂਹ-ਪੱਥਰ ਰਖਿਆ।ਵੱਡੇ ਘਲੂਘਾਰੇ ਤੇ ਛੋਟੇ ਘਲੂਘਾਰੇ ਵਾਲੇ ਇਤਿਹਾਸਿਕ ਸਥਾਨਾਂ ‘ਤੇ ਯਾਦਗਾਰ ਸਥਾਪਤ ਕਰਨ ਸਬੰਧੀ ਵੀ ਕਦਮ ਚੁਕੇ ਗਏ।ਸਿੰਘ ਸਾਹਿਬਾਨ ਨੇ ਇਸ ਸ਼ਤਾਬਦੀ ਦੀ ਖੁਸ਼ੀ ਵਿਚ ਪੰਥ ਚੋਂ ਛੇਕੇ ਗਏ ਵਿਅਕਤੀਆਂ ਨੂੰ ਖਿੰਮਾ ਜਾਚਨਾ ਕਰਕੇ ਪੰਥ ਵਿਚ ਵਾਪਸੀ ਲਈ ਇਕ ਮਹੀਨਾ ਦੀ ਮੋਹਲਤ ਦਿਤੀ ਸੀ, ਪਰ ਕਿਸੇ ਵੀ ਵਿਅਕਤੀ ਨੇ ਭੁੱਲ ਨਹੀਂ ਬਖ਼ਸ਼ਾਈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 10-11 ਅਪਰੈਲ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ‘ ਵਿਸ਼ਵ ਸਿੱਖ ਕਨਵੈਨਸਨ” ਆਯੋਜਿਤ ਕੀਤੀ ਗਈ, ਜਿਸ ਵਿਚ ਵਿਦੇਸ਼ਾਂ ਤੋਂ ਵੀ ਅਨੇਕਾਂ ਡੈਲੀਗੇਟ ਸ਼ਾਮਿਲ ਹੋਏ।ਇਸ ਕਨਵੈਨਸ਼ਨ ਬਾਰੇ ਵੀ ਬੜਾ ਵਾਦ-ਵਿਵਾਦ ਰਿਹਾ, ਸ਼੍ਰੋਮਣੀ ਕਮੇਟੀ ਤੇ ਹਾਕਮ ਅਕਾਲੀ ਦਲ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ।ਦਿੱਲੀ ਕਮੇਟੀ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਦੀਆਂ ਦੀਵਾਰਾਂ ‘ਤੇ ਸੋਨ-ਪੱਤਰੇ ਚੜ੍ਹਾਏ ਜਾ ਰਹੇ ਹਨ, ਇਸ ਬਾਰੇ ਵੀ ਸਿੱਖਾਂ ਵਿਚ ਦੋ ਰਾਵਾਂ ਹਨ।
ਨਵੰਬਰ 84 ਦੌਰਾਨ ਸਿੱਖ ਕੱਤਲੇਆਮ ਦੇ ਕੇਸਾਂ ਦੀ ਪੈਰਵੀ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਤੇ ਐਡਵੋਕੇਟ ਸ. ਹਰਵਿੰਦਰ ਸਿੰਘ ਫੂਲਕਾ ਵਿਚਕਾਰ ਪੈਦਾ ਹੋਏ ਮਤਭੇਦਾਂ ਕਾਰਨ ਵਿਵਾਦ ਪੈਦਾ ਹੋਇਆ। ਸਿੰਘ ਸਾਹਿਬਾਨ ਨੇ ਜਾਂਚ ਦੇ ਆਦੇਸ਼ ਦਿਤੇ ਜਮ, ਹਾਲੇ ਤਕ ਰੀਪੋਰਟ ਨਹੀਂ ਮਿਲੀ।
ਵੈਸੇ ਨਵੇ ਸਾਲ ਦੀ ਆਮਦ ਬੜੀਆਂ ਚੰਗੀਆਂ ਖ਼ਬਰਾਂ ਨਾਲ ਹੋਈ।ਬਹੁਤੇ ਲੋਕ ਨਵੇਂ ਸਾਲ ਦਾ ਸਵਾਗਤ ਖੁਸ਼ੀਆਂ ਭਰੇ ਜਸ਼ਨ ਮਨਾ ਕੇ ਕਰਦੇ ਹਨ।ਸਿੱਖਾਂ ਦਾ ਨਵਾਂ ਸਾਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਹਿਲੀ ਚੇਤ ਨੂੰ ਸ਼ੁਰੂ ਹੁੰਦਾ ਹੈ , ਪਰ ਉਨ੍ਹਾਂ ਨੂੰ ਨਵੇਂ ਈਸਵੀ ਸਾਲ ਦਾ ਹੋਰਨਾ ਲੋਕਾਂ ਵਾਂਗ ਸਵਾਗਤ ਕਰਨ ਦੀ ਮਨਾਹੀ ਨਹੀਂ ਹੈ। ਅਖ਼ਬਾਰੀ ਖ਼ਬਰਾਂ ਅਨੁਸਾਰ ਦੇਸ਼ ਵਿਦੇਸ਼ ਵਿਚ ਅਨੇਕਾਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ 31 ਦਸੰਬਰ ਦੀ ਰਾਤ ਨੂੰ ਪਹਿਲੀ ਜਨਵਰੀ ਦੇ ਅੰਮ੍ਰਿਤ ਵੇਲੇ ਤਕ ਸ਼ਬਦ ਕੀਰਤਨ ਦੇ ਵਿਸੇਸ ਪ੍ਰੋਗਰਾਮ ਆਯੋਜਿਤ ਕਰਕੇ ਨਵੇਂ ਸਾਲ ਦਾ ਸਵਾਗਤ ਕੀਤਾ। ਵੈਨਕੂਵਰ ਤੋਂ ਛਪਣ ਵਾਲੇ ਅਖਬਾਰ ‘ਵੈਨਕੂਵਰ ਅਬਜ਼ੱਰਵਰ’ ਨੇ ਇਸ ਨੂੰ ਨਵੇਂ ਸਾਲ ਦਾ “ਰੂਹਾਨੀ ਸਵਾਗਤ” ਕਰਾਰ ਦੇ ਕੇ ਪ੍ਰਮੁਖਤਾ ਨਾਲ ਤਸਵੀਰਾਂ ਸਮੇਤ ਖ਼ਬਰ ਪਕਾਸ਼ਿਤ ਕੀਤੀ।ਨਵੇਂ ਸਾਲ ਦੀ ਆਮਦ ‘ਤੇ ਕੈਨੇਡਾ ਤੋਂ ਦੋ ਹੋਰ ਚੰਗੀਆਂ ਖ਼ਬਰਾਂ ਮਿਲੀਆਂ। ਨੋਵਾ ਸਕੋਸ਼ੀਆ ਸੂਬੇ ਦੀ ਰਾਜਧਾਨੀ ਹੈਲੀਫੈਕਸ ਵਿਖੇ ਮੈਰੀਟਾਈਮ ਸਿੱਖ ਸੋਸਾਇਟੀ ਨੇ ਆਪਣੇ ਗੁਰਦਆਰਾ ਦੀ ਪ੍ਰਬੰਧਕ ਕਮੇਟੀ ਦੀ ਸਾਲ 2010 ਲਈ ਚੋਣ ਸਮੇਂ ਸਾਰੇ ਅਹੁਦੇ ਬੀਬੀਆਂ ਨੇ ਜਿੱਤ ਕੇ ਪ੍ਰਬੰਧ ਸੰਭਾਲ ਲਿਆ।ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਦੇ ਇਕ ਪ੍ਰਮੁਖ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੀ ਚੋਣ ਨੌਜਵਾਨਾਂ ਨੇ ਜਿੱਤ ਕੇ ਪਹਿਲੀ ਜਨਵਰੀ ਤੋਂ ਸੇਵਾ ਸੰਭਾਲ ਲਈ।
ਇੰਗਲੈਂਡ ਦੀ ਮਲਕਾ ਨੇ ਜਸਟਿਸ ਮੋਤਾ ਸਿੰਘ ਨੂੰ ਵਧੀਆਂ ਸੇਵਾਵਾਂ ਲਈ ‘ਸਰ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ, ਜੋ ਸਿੱਖ ਜਗਤ ਲਈ ਮਾਣ ਵਾਲੀ ਗਲ ਹੈ।ਇੰਗਲੈਂਡ ਵਿਚ ਇਕ ਨੌਜਵਾਨ ਸ. ਸੁਖਵਿੰਦਰ ਸਿੰਘ 10 ਜਨਵਰੀ ਨੂੰ ਇਕ ਔਰਤ ਦਾ ਪਰਸ ਖੋਹਣ ਤੇ ਗੁੰਡਿਆਂ ਤੋਂ ਬਚਾਉਂਦਾ ਹੋਇਆ ਸ਼ਹੀਦ ਹੋ ਗਿਆ।ਉਧਰੋਂ ਲਾਸ਼ ਮੰਗਵਾ ਕੇ ਲੁਧਿਆਂਣੇ ਲਾਗੇ ਉਸ ਦੇ ਪਿੰਡ ਢੋਲਣ ਵਾਲ ਵਿਖੇ ਸਸਕਾਰ ਕੀਤਾ ਗਿਆ। ਸਿੰਘ ਸਾਹਿਬਾਨ ਸਮੇਤ ਸਿੱਖ ਜਗਤ ਵਲੋਂ ਇਸ ਬਹਾਦਰੀ ਤੇ ਸ਼ਹੀਦੀ ਦੀ ਸ਼ਲਾਘਾ ਕੀਤੀ ਗਈ।
ਸਿੰਘ ਸਾਹਿਬਾਨ ਨੇ ਨਵੰਬਰ 84 ਦੇ ਸਿੱਖ ਕਤਲੇਆਮ ਨੂੰ {ਸਿੱਖ ਨੱਸਲਕੁਸ਼ੀ” ਕਰਾਰ ਦਿਤਾ ਹੈ।ਇਸ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਹਾਲੇ ਤਕ ਸਜ਼ਾਵਾ ਨਹੀਂ ਮਿਲੀਆਂ।ਜਗਦੀਸ਼ ਟਾਈਟਲਰ ਨੂ ਸੀ.ਬੀ.ਆਈ ਵਲੋਂ ਕਲੀਨ ਚਿਟ ਦਿਤੀ ਗਈ। ਅਕਾਲੀ ਦਲ ਵਲੋਂ ਸਸਦ ਦੇ ਦੋਨਾਂ ਸਦਨਾਂ ਵਿਚ ਇਹ ਮਸਲਾ ਉਠਾੲਆ, ਲੋਕ ਸਭਾ ਵਿਚ ਬੀਬੀ ਹਰਸਿਮ੍ਰਤ ਕੌਰ ਬਾਦਲ ਤੇ ਰਾਜ ਸਭਾ ਵਿਚ ਸ. ਸੁਖਦੇਵ ਸਿੰਘ ਢੀਡਸਾ ਨੇ, ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਕਾਂਗਰਸੀ ਲੀਡਰਾਂ ਦਾ ਬਚਾਓ ਕਰ ਰਹੀ ਹੈ, ਕੇਂਦਰੀ ਮੰਤਰੀ ਪਵਨ ਬਾਂਸਲ ਨੇ ਇਸ ਦਾ ਖੰਡਨ ਕਰਦਿਆ ਕਿਹਾ ਅਕਾਲੀ ਦਲ ਸਿੱਖਾਂ ਦੇ ਜ਼ਜ਼ਬਾਤ ਭੜਕਾ ਕੇ ਸਿਆਸੀ ਲਾਹਾ ਲੈਣਾ ਚਾਹੁੰਦਾ ਹੈ।ਵੈਸੇ ਇਕ ਪ੍ਰਮੁਖ ਦੋਸ਼ੀ ਸੱਜਣ ਕੁਮਾਰ ਵਿਰੁਧ ਮੁਕੱਦਮਾ ਸ਼ੁਰੂ ਕਰਨ ਦੀ ਆਗਿਆ ਮਿਲ ਜਾਣ ਉਪਰੰਤ ਦਿੱਲੀ ਦੀ ਇਕ ਅਦਾਲਤ ਵਿਚ ਸੀ.ਬੀ. ਆਈ. ਨੇ ਚਾਰਜ ਸ਼ੀਟ ਦਾਖਲ ਕਰ ਦਿਤੀ ਤੇ ਮੁਕੰਦਮਾ ਸ਼ੁਰੂ ਹੋ ਗਿਆ ਹੈ। ਸਿੱਖ ਸਟੂਡੈਂਟਸ ਫੈਡਰੇਸਨ ਵਲੋਂ ਝੂਠੇ ਮੁਕਾਬਲਿਆਂ ਵਿਚ ਸਿੱਖ ਨੌਜਵਾਨਾਂ ਦੀ ਹੱਤਿਆ ਕਰਨ ਵਾਲੇ ਲਗਭਗ 5 ਦਰਜਨ ਪੁਲਿਸ ਅਫਸਰਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ ਤੇ ਇਨ੍ਹਾਂ ਵਿਰੁਧ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।
ਪਾਕਿਸਤਾਨ ਵਿਚ ਦਹਿਸ਼ਤਗਰਦਾਂ ਨੇ ਪਿਸਾਵਰ ਸਮੇਤ ਲਾਗਲੇ ਕਬਾਇਲੀ ਇਲਾਕਿਆ ਵਿਚ ਸਿੱਖਾਂ ਉਤੇ ਜ਼ਜ਼ੀਆ ਟੈਕਸ ਲਗਾ ਦਿਤਾ ਅਤੇ ਦੋ ਸਿੱਖਾਂ ਨੂੰ ਅਗਵਾ ਕਰ ਲਿਆ। ਇਨ੍ਹਾ ਵਿਚੋਂ ਇਕ ਸਿੰਘ ਨੂੰ ਸ਼ਹੀਦ ਕਰਕੇ ਤੇ ਸਿਰ ਕਲਮ ਕਰਕੇ ਇਕ ਗੁਰਦੁਆਰੇ ਵਿਚ ਸੁਟ ਦਿਤਾ, ਜਿਸ ਨਾਲ ਬੜੀ ਦਹਿਸ਼ਤ ਪੈਦਾ ਹੋਈ। ਅਨੇਕਾਂ ਹੀ ਸਿੱਖ ਪਰਿਵਾਰ ਆਪਣਾ ਘਰਬਾਰ ਛੱਡ ਕੇ ਗੁਰਦੁਆਰਾ ਪੰਜਾ ਸਾਹਿਬ ਆਕੇ ਪਨਾਹ ਲੈਣ ਲਈ ਮਜਬੂਰ ਹੋਏ। ਪਹਿਲੀ ਜਨਵਰੀ ਨੂੰ ਸ. ਸ਼ਾਮ ਸਿੰਘ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਇਸ ਕਮੇਟੀ ਦੇ ਉਹ ਪਹਿਲਾਂ ਵੀ ਪ੍ਰਧਾਨ ਰਹਿ ਚੁਕੇ ਹਨ।ਪਾਕਿਸਤਾਨ ਕਮੇਟੀ ਨੂੰ ਗੋਲਕ ਖੋਲ੍ਹਣ ਦਾ ਅਧਿਕਾਰ ਵੀ ਮਿਲ ਗਿਆ ਹੈ, ਇਸ ਤੋਂ ਪਹਿਲਾਂ ਵਕਫ ਬੋਰਡ ਦੇ ਅਧਿਕਾਰੀ ਗੋਲਕ ਖੋਲ੍ਹਿਆ ਕਰਦੇ ਸਨ। ਨਨਕਾਣਾ ਸਾਹਿਬ ਦੇ ਹੈਡ-ਗ੍ਰੰਥੀ ਭਾਈ ਅਜੀਤ ਸਿੰਘ ਨੂੰ ਕ੍ਰਿਪਾਨ ਪਹਿਣ ਕੇ ਲਾਹੌਰ ਹਾਈ ਕੋਰਟ ਦੇ ਅਦਾਲਤੀ ਕੰਪਲੈਕਸ ਵਿਚ ਜਾਣ ‘ਤੇ ਰੋਕ ਦਿਤਾ ਗਿਆ। ਉਨ੍ਹਾਂ ਸਬੰਧਤ ਉਚ ਅਦਾਲਤ ਵਿਚ ਪਟੀਸ਼ਨ ਕਰਨ ਦਾ ਫੈਸਲਾ ਕੀਤਾ ਹੈ।ਦਿੱਲੀ ਗੁਰਦੁਆਰਾ ਕਮੇਟੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਆਏ ਹਿੰਦੂ ਤੇ ਸਿੱਖ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਤਾ ਦਿਤੀ ਜਾਏ।
ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਹੈ ਕਿ ਸਿੱਖ ਬੱਚੇ ਬੱਚੀਆਂ ਦੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਹਿੰਦੂ ਮੈਰਿਜ ਐਕਟ ਦੀ ਥਾਂ ਆਨੰਦ ਮੈਰਿਜ ਐਕਟ ਅਧੀਨ ਰਜਿਸਟਰ ਕਰਨ ਲਈ ਪ੍ਰਭਾਵੀ ਕਦਮ ਚੁਕੇ ਜਾਣ।ਦਿੱਲੀ ਕਮੇਟੀ ਨੇ ਇਸ ਸਬੰਧੀ ਆਨੰਦ ਮੈਰਿਜ ਐਕਟ ਵਿਚ ਲੋੜੀਂਦੀ ਸਿੱਖ ਬੱਚੇ ਬੱਚੀਆਂ ਦੇ ਵਿਆਹ ਆਨੰਦ ਮੈਰਿਜ ਐਕਟ ਅਧੀਨ ਰਜਿਸਟਰ ਕਰਨ ਲਈ ਸੋਧ ਸੋਧ ਕਾਨੂਂਨ ਮੰਤਰਾਲੇ ਤੋ ਕਲੀਅਰ ਕਰਵਾਉਣ ਦਾ ਦਾਅਵਾ ਕੀਤਾ ਹੈ ਤੇ ਕਿਹਾ ਹੈ ਕਿ ਸੋਧ ਪਾਰਲੀਮੈਂਟ ਦੇ ਅਗਲੇ ਸੈਸ਼ਨ ਵਿਚ ਪਾਸ ਹੋਣ ਦੀ ਸੰਭਾਵਨਾ ਹੈ।ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੁਝ ਜ਼ਮੀਨ ਬਦਲੇ ਸਰਕਾਰ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਹਰਿਆਣਾ ਵਿਚ ਫਤਿਹਬਾਦ ਲਾਗੇ ਜ਼ਮੀਨ ਦਿਤੀ ਸੀ, ਜਿਥੇ ਕਮੇਟੀ ਨੇ ਇਕ ਇੰਜਨੀਅਰਿੰਗ ਕਾਲਜ ਬਣਾਉਣ ਲਈ ਕੰਮ ਸ਼ੁਰੂ ਕਰ ਦਿਤਾ ਹੈ।
ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਟਰਾਂਟੋ ਜਾਣ ਵਾਲੀ ਸਿੱਧੀ ਉਡਾਣ ਬੰਦ ਕਰ ਦਿਤੀ ਹੈ, ਜਿਸ ਦਾ ਕਰੜਾ ਵਿਰੋਧ ਹੋਇਆ ਹੈ। ਅਕਾਲੀ ਦਲ ਨੇ ਇਸ ਨੂੰ ਮੁੜ ਸ਼ੁਰੂ ਕਦੀ ਮੰਗ ਕੀਤੀ ਹੈ। ਕੇਂਦਰੀ ਕੈਬਨਿਟ ਨੇ ਪ੍ਰਧਾਨ ਮਤੰਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕ ਬੈਠਕ ਵਿਚ ਅੰਮ੍ਰਿਤਸਰ ਦੇ ਰਾਜਾਸਾਸੀ ਹਵਾਈ ਅੱਡੇ ਦਾ ਨਾਂਅ ਬਦਲ ਕੇ ਸ੍ਰੀ ਗੁਰੁ ਰਾਮ ਦਾਸ ਜੀ ਦੇ ਨਾਂਅ ‘ਤੇ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਸਰਕਾਰ ਨੇ ਚਾਲੀ ਮੁਕਤਿਆਂ ਦੀ ਪਾਵਨ ਧਰਤੀ ਮੁਕਤਸਰ ਦਾ ਨਾਂਅ ਸ੍ਰੀ ਮੁਕਤਸਰ ਸਾਹਿਬ ਰਖ ਦਿਤਾ ਹੈ।ਰੇਲ ਮੰਤਰੀ ਬੀਬੀ ਮੰਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਕੋਲਕਾਤਾ ਵਿਚ ਮੈਟਰੋ ਰੇਲ ਦੇ ਇਕ ਸਟੇਸ਼ਨ ਦਾ ਨਾਂਅ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਨਾਂਅ ‘ਤੇ ਰਖਿਆ ਜਾਏਗਾ।ਪੰਜਾਬ ਸਰਕਾਰ ਨੇ ਸੁਲਤਾਨਪੁਰ ਲੋਧੀ ਨੂੰ ਪਵਿਤਰ ਸ਼ਹਿਰ ਦਾ ਦਰਜਾ ਦੇ ਦਿਤਾ ਹੈ।
ਸ਼੍ਰੋਮਣੀ ਕਮੇਟੀ ਨੇ 1947 ਤੋਂ ਬਾਅਦ ਪਹਿਲੀ ਵਾਰੀ ਬੰਗਲਾ ਦੇਸ਼ ਵਿਚ ਢਾਕਾ ਵਿਖੇ ਗੁਰਦੁਆਰਾ ਨਾਨਕਸ਼ਾਹੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਸ. ਸਤਿਨਾਮ ਸਿੰਘ ਧਨੋਆ ਦੀ ਅਗਵਾਈ ਹੇਠ 58 ਯਾਤਰੀਆਂ ਦਾ ਇਕ ਜੱਥਾ ਭੇਜਿਆ।ਸ਼੍ਰੋਮਣੀ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਇਤਿਹਾਸਿਕ ਦਰਵਾਜ਼ੇ ਉਤਾਰ ਕੇ ਮੁਰੰਮਤ ਦੀ ਕਾਰ ਸੇਵਾ ਲਈ ਰਖੇ ਹਨ ਤੇ ਆਰਜ਼ੀ ਤੋਰ ‘ਤੇ ਹੋਰ ਦਰਵਾਜ਼ੇ ਲਗਾਏ ਹਨ।ਸ਼੍ਰੋਮਣੀ ਕਮੇਟੀ ਨੇ ਪਰਿਕਰਮਾਂ ਦੇ ਚਾਰੇ ਕੋਨਿਆਂ ਵਿਚ ਵੱਡੇ ਐਲ.ਸੀ.ਡੀ. ਸਕਰੀਨ ਲਗਾਏ ਹਨ, ਜਿਸ ‘ਤੇ ਸ੍ਰੀ ਦਰਬਾਰ ਸਾਹਿਬ ਅੰਦਰ ਹੋ ਰਹੇ ਸ਼ਬਦ ਕੀਰਤਨ ਦਾ ਪੰਜਾਬੀ ਤੇ ਅੰਗਰੇਜ਼ੀ ਵਿਚ ਅਨੁਵਾਦ ਨਾਲੋ ਨਾਲ ਪੇਸ਼ ਹੋ ਰਿਹਾ ਹੈ।ਸ੍ਰੀ ਦਰਬਾਰ ਸਾਹਿਬ ਅੰਦਰ ਸ਼ਰਧਾਲੂਆਂ ਦੀ ਸੁਰਖਿਆ ਤੇ ਗੈਰ-ਸਮਾਜੀ ਅੰਸਰਾਂ ‘ਤੇ ਨਜ਼ਰ ਰਖਣ ਲਈ ਕਲੋਜ਼-ਸਰਕਟ ਕੈਮਰੇ ਲਗਾਏ ਗਏ ਹਨ।
ਆਸਟ੍ਰੇਲੀਆ ਵਿਚ 13 ਜਨਵਰੀ ਨੂੰ ਮੈਲਬੋਰਨ ਵਿਚ ਇਕ ਉਸਾਰੀ ਅਧੀਨ ਗੁਰਦੁਆਰੇ ਨੰ ਅਗ ਲਣ ਦਾ ਯਤਨ ਕੀਤਾ ਗਿਆ। ਮਲੇਸ਼ਿਆ ਵਿਚ ਇਕ ਗੁਰਦੁਆਰੇ ‘ਤੇ ਹਮਲਾ ਕੀਤਾ ਗਿਆ।ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਦਾ ਨਵਮਬਰ ਮਹੀਨੇ ਆਪਣੀ ਭਾਰਤ ਫੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਦਾ ਪ੍ਰੋਗਰਾਮ ਸੀ, ਪਰ ਸੁਰੱਖਿਆ ਤੇ ਮਰਯਾਦਾ ਦੀ ਪਾਲਣਾ ਕਰਨ ਬਾਰ ਪੈਦਾ ਹੋਏ ਵਿਵਾਦ ਕਾਰਨ ਸਿਰੇ ਨਹੀਂ ਚੜ੍ਹ ਸਕਿਆ।
ਫਰਾਂਸ ਵਿਚ ਦਸਤਾਰ ਦਾ ਮਸਲਾ ਹਾਲੇ ਤਕ ਹੱਲ ਨਹੀਂ ਹੋਇਆ। ਉਧਰ ਅਮਰੀਕਾ ਦੇ ਹਵਾਈ ਅੱਡਿਆ ‘ਤੇ ਸੁਰੱਖਿਆ ਅਧਿਕਾਰੀਆਂ ਵਲੋਂ ਸਿੱਖ ਮੁਸਾਫਰਾਂ ਦੀ ਦਸਤਾਰ ਦੀ ਤਲਾਸ਼ੀ ਲੈਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦਾ ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾ ਵਲੋਂ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਅਮਰੀਕਾ ਦੇ ਇਕ ਹਵਾਈ ਅੱਡੇ ‘ਤੇ ਸਯੁੰਕਤ ਰਾਸ਼ਟਰ ਵਿਚ ਭਾਤਰੀ ਰਾਜਦੂਤ ਸ. ਹਰਦੀਪ ਸਿੰਘ ਪੁਰੀ ਦੀ ਦਸਤਾਰ ਦੀ ਤਲਾਸੀ ਲਈ ਗਈ ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ।ਸ਼੍ਰੋਮਣੀ ਕਮੇਟੀ ਨੇ 23 ਨਵੰਬਰ ਨੂੰ ਦਿੱਲੀ ਸਥਿਤ ਅਮਰੀਕੀ ਸਫਾਰਤਖਾਨੇ ਸਾਹਮਣੇ ਰੋਸ ਵਜੋਂ ਧਰਨਾ ਦੇਣ ਦਾ ਫੈਸਲਾ ਕੀਤਾ ਹੈ।ਸ਼ਿੰਘ ਸਾਹਿਬਾਨ ਨੇ ਸਂੰਮੂਹ ਸਿੱਖ ਜੱਥੇਬੰਦੀਆਂ ਨੂੰ ਇਸ ਰੋਸ ਧਰਨੇ ਵਿਚ ਸ਼ਾਮਿਲ ਹੋਣ ਦਾ ਆਦੇਸ਼ ਦਿਤਾ ਹੈ। ਇਟਲੀ ਵਿਚ ਵੀ ਹਵਾਈ ਅੱਡਿਆਂ ‘ਤੇ ਤਲਾਸੀ ਲੈਣ ਦਾ ਫੈਸਲਾ ਕੀਤਾ ਗਿਆ ਹੈ। ਪੋਲੈਂਡ ਦੇ ਹਵਾਈ ਅੱਡਿਆਂ ਤੇ ਪੱਗੜੀ ਉਤਰਨਾ ਬੰਦ ਕਰ ਦਿਤਾ ਗਿਆ ਹੈ।ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਦੀ ਭਾਰਤ ਯਾਤਰਾ ਦੌਰਾਨ ਨੂੰ ਯੂਨਾਈਟਿੱਡ ਸਿੱਖ ਮਿਸ਼ਨ ਨੇ ਬੀਬੀ ਹਰਸਿੰਮਰਤ ਕੌਰ ਬਾਦਲ ਦੀ ਅਗਵਾਈ ਵਿਚ ਪਾਰਲੀਮੈਂਟ ਦੇ ਸਿੱਖ ਮੈਂਬਰਾਂ ਤੇ ਅਕਾਲੀ ਦਲ ਨੇ ਫਰਾਂਸ ਦੇ ਸਕੂਲਾਂ ਵਿਚ ਸਿੱਖ ਵਿਦਿਆਰਥੀਆਂ ਦੇ ਦਸਤਾਰ ਸਜਾਉਣ ‘ਤੇ ਲਗਾਈ ਪਾਬੰਦੀ ਵਿਰੁਧ ਰੋਸ ਮੁਜ਼ਾਹਰਾ ਕੀਤਾ ਤੇ ਫਰਾਂਸੀਸੀ ਸਫਾਰਤਖਾਨੇ ਨੂੰ ਇਕ ਮੈਮੋਰੇਂਡਮ ਦਿਤਾ। ਫਰਾਂਸ ਦੇ ਸਭਿਆਚਾਰਕ ਮਾਮਲਿਆ ਦੇ ਮੰਤਰੀ, ਜੋ ਸ੍ਰੀ ਸਰਕੋਜ਼ੀ ਨਾਲ ਆਏ ਸਨ, ਨੇ ਕਿਹਾ ਕਿ ਫਰਾਂਸ ਦੇ ਸਕੂਲਾਂ ਵਿਚ ਧਾਰਮਿਕ ਚਿੰਨ੍ਹ ਪਹਿਣਨ ‘ਤੇ ਪਾਬੰਦੀ ਹੈ।
ਅਮਰੀਕਾ ਵਿਚ ਇਕ ਸਾਬਤ ਸੂਰਤ ਅੰਮ੍ਰਿਤਧਾਰੀ ਨੌਜਵਾਨ ਸ. ਸਿਮਰਨਪ੍ਰੀਤ ਸਿੰਘ ਲਾਂਬਾ ਨੂੰ ਫੌਜ ਵਿਚ ਸਾਮਿਲ ਕਰ ਲਿਆ ਗਿਆ। ਪਿਛਲੇ ਸਾਲ ਦੋ ਸਿੱਖ ਨੌਜਵਾਨ ਫੌਜ ਵਿਚ ਭਰਤੀ ਕੀਤੇ ਗਏ ਸਨ।ਕੈਨੇਡਾ ਵਿਚ ਜੂਨ ਮਹੀਨੇ ਸਿੱਖਾਂ ਵਲੋਂ ਪਾਰਲੀਮੈਂਟ ਵਿਚ ਇਕ ਪਟੀਸ਼ਨ ਰਾਹੀਂ ਮੰਗ ਕੀਤੀ ਗਈ ਸੀ ਕਿ 84 ਦੇ ਕਤਲੇਆਮ ਨੂੰ ਸਿੱਖਾਂ ਦੀ ਨਸਲਕੁਸ਼ੀ ਕਰਾਰ ਦਿਤਾ ਜਾਏ ਅਤੇ ਭਾਰਤ ਸਰਕਾਰ ‘ਤੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਲਈ ਦਬਾਓ ਪਾਇਆ ਜਾਏ।ਪਾਰਲੀਮੈਂਟ ਨੇ ਇਸ ਨੂੰ ਸਿੱਖਾਂ ਦੀ ਨਸਲਕੁਸ਼ੀ ਮੰਨਣ ਤੋਂ ਇਨਕਾਰ ਕਰ ਦਿਤਾ ਹੈ। ਕੈਨੇਡਾ ਵਿਚ 17 ਜੂਨ ਨੂੰ ਕਨਿਸ਼ਕ ਹਵਾਈ ਹਾਦਸੇ ਬਾਰੇ ਰੀਪੋਰਟ ਜਾਰੀ ਕੀਤੀ ਗਈ। ਟਰਾਂਟੋ ਵਿਖੇ ਇਕ ਪ੍ਰਾਈਵੇਟ ਅਦਾਰੇ ਵਿਚ ਸੀਨੀਅਰ ਸੁਰੱਖਿਆ ਗਾਰਡ ਵਜੋਂ ਸੇਵਾ ਕਰ ਰਹੇ ਦਪਿੰਦਰ ਸਿੰਘ ਲੂੰਬਾ ਨੇ ਦਸਤਾਰ ਸਜਾ ਕੇ ਡਿਊਟੀ ਦੇਣ ਦਾ ਕੇਸ ਜਿੱਤਿਆ।ਉਸ ਨੂ ਦਸਤਾਰ ਉਤਾਰ ਕੇ ਹੈਲਮੈਟ ਪਾਉਣ ਲਈ ਕਿਹਾ ਗਿਆ ਸੀ।ਟਰਾਂਟੋ ਦੇ ਇਕ ਗੁਰਦੁਆਰਾ ਸਾਹਿਬ ਕੰਪਲੈਕਸ਼ ਵਿਚ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਤੇ ਡਾ. ਰਘਬੀਰ ਸਿੰਘ ਬੈਂਸ ਦੇ ਸਹਿਯੋਗ ਨਾਲ ਸਿੱਖ ਮਿਉਜ਼ੀਅਮ ਸਥਾਪਤ ਕਤਾ ਹਿਆ ਹੈ। ਐਬਟਸਫੋਰਡ ਵਿਖੇ ਇਕ ਸਾਬਤ ਸੂਰਤ ਸਿੱਖ ਨੌਜਵਾਨ ਨੂੰ ਪੁਲਿਸ ਵਿਚ ਭਰਤੀ ਕੀਤਾ ਗਿਆ ਹੈ।
ਕੈਨੇਡਾ ਸਰਕਾਰ ਵਲੋਂ ਕਾਮਾਗਾਟਾਮਾਰੂ ਦੁਖਾਂਤ ਲਈ 1,86,500 ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ।ਵੈਨਕੂਵਰ ਦੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵਿਖੇ 12 ਦਸੰਬਰ ਨੂੰ ਕੈਨੇਡਾ ਸਰਕਾਰ ਦੇ ਇਮੀਗਰੇਸ਼ਨ ਮੰਤਰੀ ਜੇਸਨ ਕੇਨੀ ਨੇ ਕਾਮਾਗਾਟਾਮਾਰੂ ਦੇ ਦੁਖਾਂਤ ਲਈ ਵੱਖ ਵੱਖ ਪ੍ਰਾਜੈਕਟਾਂ ਵਾਸਤੇ 1,86,500 ਡਾਲਰ ਦੇਣ ਦਾ ਐਲਾਨ ਕੀਤਾ ਅਤੇ ਸੁਸਾਇਟੀ ਦੇ ਆਗੂਆਂ ਨੂੰ 82,500 ਡਾਲਰਾ ਦਾ ਚੈਕ ਦਿਤਾ, ਜਦ ਕਿ 1,04,00 ਦਾ ਦੂਜਾ ਚੈਕ ਛੇਤੀ ਹੀ ਪ੍ਰਬੰਧਕਾ ਨੂੰ ਸੌਂਪਿਆ ਜਾਏਗਾ, ਜਿਸ ਨਾਲ ਗੁਰਦੁਆਰਾ ਸਾਹਿਬ ਦੇ ਮੈਦਾਨ ਵਿਚ ਇਕ ਮਿਊਜ਼ੀਅਮ ਬਣਾਇਆ ਜਾਏਗਾ। ਸਾਬਕਾ ਐਮ.ਪੀ. ਸ੍ਰੀ ਸੁਖ ਧਾਲੀਵਾਲ ਨੇ ਪਾਰਲੀਮੈਂਟ ਵਿਚ ਮੁਆਫੀ ਮੰਗੇ ਬਿਨਾ ਮੁਆਵਜ਼ੇ ਨੂੰ ਕੋਝਾ ਮਜ਼ਾਕ ਕਰਾਰ ਦਿਤਾ ਹੈ।
ਕਸ਼ਮੀਰ ਵਾਦੀ ਵਿਚ ਦਹਿਸ਼ਤਗਰਦਾਂ ਵਲੋਂ ਅਨੇਕਾਂ ਸਿੱਖਾ ਦੇ ਘਰਾਂ ਤੇ ਗੁਰਦੁਆਰੇ ਵਿਚ ਪੱਤਰ ਸੁਟੇ ਗਏ ਕਿ ਕਸ਼ਮੀਰ ਛੱਡ ਕੇ ਚਲੇ ਜਾਓ ਜਾਂ ਉਨ੍ਹਾਂ ਨਾਲ ਮਿਲ ਕੇ ਭਾਰਤ ਵਿਰੋਧੀ ਨਾਅਰੇ ਲਗਾਓ। ਵਾਦੀ ਦੇ ਸਿੱਖ ਵਸੋਂ ਵਾਲੇ ਕੁਝ ਪਿੰਡਾ ਵਿਚ ਫੌਜ ਦੀ ਵਰਦੀ ਵਿਚ ਅਣਪਛਾਤੇ ਅੰਸਰਾ ਵਲੋਂ ਹਮਲਾ ਵੀ ਕੀਤਾ ਗਿਆ।ਇਸ ਦਾ ਸ਼੍ਰੋਮਣੀ ਕਮੇਟੀ ਸਮੇਤ ਅਨੇਕ ਸਿੱਖ ਸੰਸਥਾਵਾਂ ਨੇ ਗੰਭੀਰ ਨੋਟਿਸ ਲਿਆ। ਪਾਰਲੀਮੈਂੇਟ ਵਿਚ ਵੀ ਇਹ ਮਸਲਾ ਉਠਾਇਆ ਗਿਆ। ਜੰਮੂ ਕਸ਼ਮੀਰ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਘਟ ਗਿਣਤੀ ਸਿੱਖਾਂ ਦੇ ਜਾਨ ਮਾਲ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ।
ਜੇਲ੍ਹ ਤੇ ਸਭਿਆਚਾਰਕ ਮਾਮਲਿਆ ਬਾਰੇ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆਂ ਅਨੁਸਾਰ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਰੇਲਵੇ ਵਲੋਂ ਪੰਜ ਤਖ਼ਤਾਂ ਦੇ ਦਰਸ਼ਨਾਂ ਲਈ ਇਕ ਵਿਸ਼ੇਸ਼ ਗੱਡੀ 29 ਦਸੰਬਰ ਨੂੰ ਚਲਾਈ ਜਾਏਗੀ।ਕੌਮੀ ਘਟ ਗਿਣਤੀ ਕਮਿਸ਼ਨ ਵਲੋਂ ਦੇਸ਼ ਦੇ ਉਤਰੀ-ਪੂਰਬੀ ਤੇ ਦਖਣਣੀ ਕਿਤੇ ਕੁਝ ਰਾਜਾ ਵਿਚ ਰਹਿ ਰਹੇ ਸਿਖਾਂ ਦੀ ਤਰਸਯੋਗ ਹਾਲਤ ਬਾਰੇ ਪੰਜਾਬੀ ਯੂਨਵਿਰਸਿਟੀ ਤੋਂ ਇਕ ਸਰਵੇ ਕਰਵਾਇਆ ਜਾ ਰਿਹਾ ਹੈ। ਕਮਿਸ਼ਨ ਦੇ ਮੈਂਬਰ ਸ. ਐਚ. ਐਸ.ਹੰਸਪਾਲ ਅਨੁਸਾਰ ਸਰਵੇ ਉਪਰੰਤ ਯੂਨੀਵਰਸਿਟੀ ਵਲੋਂ ਇਸ ਸਬੰਧੀ ਦਿਤੀ ਜਾਣ ਵਾਲੀ ਰੀਪੌਰਟ ਪ੍ਰਾਪਤ ਹੋਣ ‘ਤੇ ਘਟ ਗਿਣਤੀ ਕਮਿਸ਼ਨ ਇਸ ਘਟ ਗਿਣਤੀ ਦੇ ਲੋਕਾ ਦੇ ਸਰਬਪੱਖੀ ਵਿਕਾਸ ਲਈ ਕੇਂਦਰ ਸਰਕਾਰ ਨੂੰ ਵਿਸਸ ਪੈਕੇਜ ਦੇਣ ਦੀ ਸਿਫਾਰਿਸ਼ ਕਰੇਗਾ।
ਮਹਾਰਾਜਾ ਰਣਜੀਤ ਸਿੰਘ ਬਾਰੇ ਇਕ ਟੀ.ਵੀ. ਸੀਰਅਲ ਹਰ ਮੰਗਲਵਾਰ ਰਾਤ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਅਤੇ ਡੀ.ਡੀ. ਪੰਜਾਬੀ ‘ਤੇ ਹਰ ਸ਼ਨਿਚਰਵਾਰ ਸ਼ਾਮ ਨੂੰ ਦਿਖਾਇਆ ਜਾਂਦਾ ਹੈ, ਜਿਸ ਨੂੰ ਬੜਾ ਪਸੰਦ ਕੀਤਾ ਜਾ ਰਿਹਾ ਹੈ। ਅਮਰੀਕਾ ਵਿਖੇ ਸਿੱਖ ਲੈਨੱਜ਼ ਫਿਲਮ ਫੈਸਟੀਵਲ ਵਿਚ 20 ਨਵੰਬਰ ਨੂੰ ਪ੍ਰਸਿੱਧ ਚਿੱਤਰਕਾਰ ਸ. ਸੋਭਾ ਸਿੰਘ ਬਾਰੇ ਸ. ਨਵਪ੍ਰੀਤ ਸਿੰਘ ਰੰਗੀ ਵਲੋਂ ਤਿਆਰ ਕੀਤੀ ਦਸਤਾਵੇਜ਼ੀ ਫਿਲਮ ਦਿਖਾਈ ਗਈ। ਇਸ ਤੋਂ ਪਹਿਲਾਂ ਇਹ ਫਿਲਮ ਕੈਨੇਡਾ, ਇੰਗਲੈਂਡ ਤੇ ਪਾਕਿਸਤਾਨ ਵਿਚ ਵੀ ਦਿਖਾਈ ਗਈ। ਪੰਜਾਬੀ ਯੂਨੀਵਰਟਿੀ ਪਟਿਆਲਾ ਵਿਖੇ ਇਸ ਮਹਾਨ ਚਿੱਤਰਕਾਰ ਦੇ 110 ਜਨਮ ਦਿਵਸ ਮੌਕੇ 29 ਨਵੰਬਰ ਨੂੰ ਇਕ ਰਾਸ਼ਟਰੀ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਉਪ-ਕੁਲਪਤੀ ਡਾ ਜਸਪਾਲ ਸਿੰਘ ਨੇ ਐਲਾਨ ਕੀਤਾ ਕਿ ਯੂਨੀਵਰਸਿਟੀ ਦੇ ਫਾਈਨ ਆਰਟ ਵਿਭਾਗ ਦਾ ਨਾਂਅ ਚਿੱਤਰਕਾਰ ਸੋਭਾ ਸਿੰਘ ਦੇ ਨਾਂਅ ਉਤੇ ਰਖ ਦਿਤਾ ਹੈ, ਅਤੇ ਚਿੱਤਰਕਾਰ ਦੇ ਨਾਂਅ ‘ਤੇ ਹਰ ਸਾਲ ਇਕ ਕਲਾਕਾਰ ਨੂੰ ਇਨਮ ਤੇ ਇਕ ਖੋਜਾਰਥੀ ਨੂੰ ਫੈਲੋਸ਼ਿਪ ਦਿਤੀ ਜਾਇਆ ਕਰੇਗੀ, ਚਿੱਤਰਕਾਰ ਵਲੋਂ ਬਣਾਏ ਚਿੱਤਰਾਂ ਬਾਰੇ ਇਕ ਪੁਸਤਕ ਤਿਆਰ ਕੀਤੀ ਜਾਏਗੀ।