ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਸਮੇਤ ਕਈ ਲੀਡਰਾਂ ਨੇ ਪਾਕਿਸਤਾਨ ਵਿਚ ਹੋਏ ਆਤਮਘਾਤੀ ਹਮਲੇ ਦੀ ਨਿਖੇਧੀ ਕੀਤੀ ਹੈ। ਰਾਸ਼ਟਰਪਤੀ ਓਬਾਮਾ ਨੇ ਕਿਹਾ ਹੈ ਕਿ ਸ਼ਾਂਤੀ ਅਤੇ ਸੁਰੱਖਿਆ ਹਾਸਲ ਕਰਨ ਲਈ ਪਾਕਿਸਤਾਨ ਵਲੋਂ ਕੀਤੀਆਂ ਜਾ ਰਹੀਆਂ ਕੋਸਿਸ਼ਾਂ ਦੀ ਅਮਰੀਕਾ ਹਿਮਾਇਤ ਕਰੇਗਾ।
ਰਾਸ਼ਟਰਪਤੀ ਓਬਾਮਾ ਨੇ ਆਪਣੇ ਹਫ਼ਤਾਵਾਰੀ ਸੁਨੇਹੇ ਦੌਰਾਨ ਕਿਹਾ ਕਿ ਅਮਰੀਕਾ ਦੇ ਲੋਕਾਂ ਨੂੰ ਅਮਰੀਕੀ ਫੌਜੀਆਂ ਅਤੇ ਉਨ੍ਹਾਂ ਦੇ ਪ੍ਰਵਾਰ ਵਾਲਿਆਂ ਦਾ ਸਮਰਥਨ ਕਰਨਾ ਚਾਹੀਦਾ ਹੈ। ਇਸ ਵੇਲੇ ਅਫ਼ਗਾਨਿਸਤਾਨ ਵਿਚ 90 ਹਜ਼ਾਰ ਤੋਂ ਵੱਧ ਅਮਰੀਕੀ ਫੌਜੀ ਤੈਨਾਤ ਹਨ। ਓਬਾਮਾ ਦਾ ਇਹ ਸੰਦੇਸ਼ ਇਨ੍ਹਾਂ ਫੌਜੀਆਂ ਨੂੰ ਸਮਰਪਿਤ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਉਨ੍ਹਾਂ ਲੋਕਾਂ ਦੇ ਬਾਰੇ ਸੋਚ ਰਹੇ ਹਾਂ ਜਿਹੜੇ ਇਸ ਵੇਲੇ ਘਰ ਨਹੀਂ ਆ ਸਕਦੇ। ਮੈਂ ਆਪਣੀ ਅਫ਼ਗਾਨਿਸਤਾਨ ਯਾਤਰਾ ਦੌਰਾਨ ਵੀ ਇਹੀ ਸੰਦੇਸ਼ ਲੈਕੇ ਗਿਆ ਸਾਂ। 2010 ਵਿਚ ਅਫ਼ਗਾਨਿਸਤਾਨ ਵਿਚ ਅੰਦਾਜ਼ਨ 500 ਅਮਰੀਕੀ ਪੌਜਾਂ ਜਾਂ ਮੁਲਾਜ਼ਮ ਮਾਰੇ ਜਾ ਚੁੱਕੇ ਹਨ।
ਸ਼ਨਿੱਚਰਵਾਰ ਨੂੰ ਹੋਏ ਹਮਲੇ ਵਿਚ 40 ਤੋਂ ਵੱਧ ਲੋਕ ਮਾਰੇ ਗਏ ਅਤੇ 60 ਲੋਕ ਜ਼ਖ਼ਮੀ ਹੋਏ ਸਨ। ਮੰਨਿਆ ਜਾ ਰਿਹਾ ਹੈ ਕਿ ਕਬਾਇਲੀ ਜਿਲ੍ਹੇ ਬਾਜੌੜ ਦੇ ਖਾਰ ਜਿਲ੍ਹੇ ਵਿਚ ਇਹ ਧਮਾਕਾ ਇਕ ਆਤਮਘਾਤੀ ਔਰਤ ਨੇ ਕੀਤਾ ਸੀ। ਜਿਸ ਵੇਲੇ ਇਹ ਧਮਾਕਾ ਹੋਇਆ ਉਸ ਵੇਲੇ ਉਜੜੇ ਹੋਏ ਇਹ ਲੋਕ ਸੰਯੁਕਤ ਰਾਸ਼ਟਰ ਵਲੋਂ ਦਿੱਤੀ ਜਾਣ ਵਾਲੀ ਖ਼ੁਰਾਕ ਸਮਗਰੀ ਦੀ ਉਡੀਕ ਕਰ ਰਹੇ ਸਨ। ਸ਼ਨਿੱਚਰਵਾਰ ਨੂੰ ਪਾਕਿਸਤਾਨ ਵਿਚ ਵੱਖ ਵੱਖ ਵਾਰਦਾਤਾਂ ਵਿਚ ਕੁਲ 80 ਲੋਕ ਮਾਰੇ ਗਏ ਸਨ। ਖਾਰ ਵਿਚ ਹੋਏ ਆਤਮਘਾਤੀ ਧਮਾਕੇ ਤੋਂ ਕੁਝ ਹੀ ਘੰਟੇ ਬਾਅਦ ਮੁਹਮੰਦ ਵਿਚ ਫੌਜਾਂ ਨੇ ਦਹਿਸ਼ਤਗਰਦਾਂ ਦੇ ਕਈ ਟਿਕਾਣਿਆਂ ‘ਤੇ ਕਾਰਵਾਈ ਕੀਤੀ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਕਾਰਵਾਈ ਦੌਰਾਨ 40 ਦੇ ਕਰੀਬ ਦਹਿਸ਼ਤਗਰਦ ਮਾਰੇ ਗਏ। ਇਸ ਕਾਰਵਾਈ ਦੌਰਾਨ ਬੰਦੂਕਾਂ ਨਾਲ ਲੈਸ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ।
ਸ਼ਾਂਤੀ ਲਈ ਪਾਕਿ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਅਮਰੀਕਾ ਸਮਰਥਨ ਕਰੇਗਾ-ਓਬਾਮਾ
This entry was posted in ਮੁਖੱ ਖ਼ਬਰਾਂ.