ਫਤਹਿਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) – ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਨੇ ਸਾਂਝਾ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਦੀ ਅਗਵਾਈ ਹੇਠਲੀ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਦੇਸ਼ ਅੰਦਰ ਵੱਡੀ ਪੱਧਰ ’ਤੇ ਭ੍ਰਿਸ਼ਟਾਚਾਰ ਫੈਲਾਉਣ ਅਤੇ ਮਹਿੰਗਾਈ ਨੂੰ ਕਾਬੂ ਵਿੱਚ ਨਾ ਰੱਖ ਸਕਣ ਲਈ ਸਿੱਧੇ ਹਮਲੇ ਕਰਦਿਆਂ ਕਾਂਗਰਸ ’ਤੇ ਦੋਸ਼ ਲਾਇਆ ਕਿ ਉਹ ਸਵੱਛ ਤੇ ਪਾਰਦਰਸ਼ੀ ਪ੍ਰਸ਼ਾਸ਼ਨ ਮੁਹੱਈਆ ਕਰਵਾਉਣ ਵਿੱਚ ਫੇਲ ਹੋ ਚੁੱਕੀ ਹੈ ਇਸ ਤਰ੍ਹਾਂ ਇਹ ਸਰਕਾਰ ਦੇਸ਼ ਦੇ ਹਰ ਵਰਗ ਖਾਸ ਕਰਕੇ ਆਮ ਆਦਮੀ ਦਾ ਭਰੋਸਾ ਗੁਆ ਚੁੱਕੀ ਹੈ।
ਅੱਜ ਇਥੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਤੇ ਭ੍ਰਿਸ਼ਟਾਚਾਰ ਦੋ ਸਕੇ ਭਰਾ ਹਨ ਅਤੇ ਇਕੋ ਸਿੱਕੇ ਦੇ ਦੋਵੇਂ ਪਾਸੇ ਹਨ । ਉਹਨਾਂ ਕਿਹਾ ਕਿ ਕਾਂਗਰਸ ਤਾਂ ਸਿਓਂਕ ਤੋਂ ਵੀ ਮਾੜੀ ਹੈ ਜਿਸ ਨੇ ਦੇਸ਼ ਅੰਦਰ ਨਜਾਇਜ ਅਤੇ ਗੈਰ ਕਾਨੂੰਨੀ ਕਾਰਵਾਈਆਂ ਰਾਹੀਂ ਲੋਕਤੰਤਰੀ ਢਾਂਚੇ ਨੂੰ ਤਹਿਸ ਨਹਿਸ ਕਰ ਦਿੱਤਾ ਹੈ, ਜਿਸ ਸਦਕਾ ਹਰ ਪੱਧਰ ’ਤੇ ਪ੍ਰਸ਼ਾਸ਼ਨ ਲਾਚਾਰ ਹੋ ਚੁੱਕਾ ਹੈ। ਇਹਨਾਂ ਨਿੱਕੀਆਂ ਜਿੰਦਾਂ ਦੀ ਯਾਦ ਵਿੱਚ ਮਨਾਏ 306 ਸ਼ਹੀਦੀ ਦਿਵਸ ਮੌਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ: ਬਾਦਲ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਫੈਲਾਏ ਭ੍ਰਿਸ਼ਟਾਚਾਰ ਦੀਆਂ ਉਦਾਹਰਣਾਂ ਦਿੰਦਿਆਂ ਆਖਿਆ ਕਿ ਇਸ ਸਰਕਾਰ ਦੇ ਮੰਤਰੀਆਂ ਨੇ 2 ਜੀ ਟੈਲੀਕੋਮ ਘੁਟਾਲੇ ਵਿੱਚ 1.75 ਲੱਖ ਕਰੋੜ ਰੁਪਏ ਦਾ ਗਬਨ ਕੀਤਾ , ਰਾਸ਼ਟਰਮੰਡਲ ਖੇਡਾਂ ਵਿੱਚ 8 ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਕੀਤਾ ਅਤੇ ਮੁੰਬਈ ਵਿਖੇ ਆਦਰਸ਼ ਹਾਊਸਿੰਗ ਘੁਟਾਲੇ ਨੂੰ ਜਨਮ ਦਿੱਤਾ। ਉਹਨਾਂ ਕਾਂਗਰਸ ’ਤੇ ਤਾਬੜ-ਤੋੜ ਹਮਲੇ ਕਰਦਿਆਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਦੇ ਸਮੇਂ ਅੰਦਰ ਘੁਟਾਲੇ ਹੀ ਘੁਟਾਲੇ ਹੋਏ ਹਨ ਅਤੇ ਇਸ ਦਾ ਭ੍ਰਿਸ਼ਟਾਚਾਰ ਪ੍ਰਤੀ ਚਿਹਰਾ-ਮੋਹਰਾ ਲੋਕਾ ਸਾਹਮਣੇ ਜੱਗ ਜਾਹਰ ਹੋ ਚੁੱਕਾ ਹੈ। ਮੁੱਖ ਮੰਤਰੀ ਪੰਜਾਬ ਨੇ ਦੇਸ਼ ਅੰਦਰ ਮੱਧਕਾਲੀ ਚੋਣਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕੇਂਦਰ ਵਿਚਲੀ ਕਾਂਗਰਸ ਪਾਰਟੀ ਆਪਣੇ ਸਹਿਯੋਗੀ ਦਲਾਂ ਦਾ ਵਿਸ਼ਵਾਸ ਵੀ ਗੁਆ ਚੁੱਕੀ ਹੈ।
ਸ੍ਰ: ਬਾਦਲ ਨੇ ਕਿਹਾ ਕਿ ਕਾਂਗਰਸ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਕੀਤੀ ਜਾ ਰਹੀ ਦਖਲ ਅੰਦਾਜੀ ਨੂੰ ਸਿੱਖ ਕੌਮ ਸਹਿਣ ਨਹੀਂ ਕਰੇਗੀ। ਉਹਨਾਂ ਕਿਹਾ ਕਿ ਕਾਂਗਰਸ ਸਿੱਖ ਕੌਮ ਵਿੱਚ ਵੰਡੀਆਂ ਪਾ ਕੇ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜਾ ਕਰਨਾਂ ਚਾਹੁੰਦੀ ਹੈ । ਉਹਨਾਂ ਚਿਤਾਵਨੀ ਦਿੱਤੀ ਕਿ ਕਾਂਗਰਸ ਆਪਣੇ ਅਜਿਹੇ ਮਾੜੇ ਮਨਸੂਬਿਆਂ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਵੇਗੀ। ਉਹਨਾਂ ਆਖਿਆ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਧਰਮ ਨਿਰਪੱਖ ਕਹਾਉਣ ਵਾਲੀ ਇਹ ਕਾਂਗਰਸ ਜਾਇਜ ਨਜਾਇਜ਼ ਤਰੀਕਿਆਂ ਰਾਹੀਂ ਹੁਣ ਸ਼੍ਰੋਮਣੀ ਕਮੇਟੀ ਵਰਗੀ ਧਾਰਮਿਕ ਸੰਸਥਾ ਉਪਰ ਕਬਜਾ ਕਰਨ ਲਈ ਭਵਿੱਖ ਵਿੱਚ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਟੇਢੇ ਢੰਗ ਨਾਲ ਸਰਨਾ ਐਂਡ ਕੰਪਨੀ ਨੂੰ ਹਮਾਇਤ ਦੇ ਰਹੀ ਹੈ।
ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਉਪਰ ਦਿੱਲੀ ਅਤੇ ਹੋਰਨਾਂ ਰਾਜਾਂ ਵਿੱਚ ਵਾਪਰੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਕਾਂਗਰਸੀ ਨੇਤਾਵਾਂ ਅੰਦਰ ਰੱਤੀ ਭਰ ਵੀ ਇਮਾਨਦਾਰੀ ਅਤੇ ਦਿਆਨਤਦਾਰੀ ਹੈ ਤਾਂ ਉਹ ਇਸ ਕਤਲੇਆਮ ਦੇ ਦੋਸ਼ੀ ਕਾਂਗਰਸੀ ਨੇਤਾਵਾਂ ਨੂੰ ਤੁਰੰਤ ਜੇਲ੍ਹਾਂ ਵਿੱਚ ਡੱਕੇ ਜਿਹਨਾਂ ਨੇ ਬੋਦੋਸ਼ੇ ਸਿੱਖਾਂ ਨੂੰ ਕੋਹ-ਕੋਹ ਕੇ ਮਾਰਨ ਲਈ ਹਜੂਮ ਦੀ ਅਗਵਾਈ ਕੀਤੀ। ਉਹਨਾਂ ਕਿਹਾ ਕਿ ਜਦੋਂ ਵੀ ਕਾਂਗਰਸ ਪਾਰਟੀ ਨੂੰ ਮੌਕਾ ਮਿਲਿਆ ਉਦੋਂ ਹੀ ਇਸ ਪਾਰਟੀ ਨੇ ਸਿੱਖਾਂ ਨਾਲ ਦਗਾ ਕਮਾਇਆ । ਕਾਂਗਰਸ ਨੇ ਹਰਿਮੰਦਰ ਸਾਹਿਬ ’ਤੇ ਹਮਲਾ ਕੀਤਾ , ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਖੋਹ ਲਿਆ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਕਰ ਦਿੱਤੇ। ਸ੍ਰ: ਬਾਦਲ ਨੇ ਕਿਹਾ ਕਿ ਇਸ ਬਹਾਦਰ ਸਿੱਖ ਕੌਮ ਨੂੰ ਕਾਂਗਰਸ ਕੀ ਹੋਰ ਵੀ ਕੋਈ ਨਹੀਂ ਦਬਾ ਸਕਦਾ ਕਿਉਂਕਿ ਇਸ ਕੌਮ ਨੂੰ ਮਹਾਨ ਗੁਰੂਆਂ ਅਤੇ ਸ਼ਹੀਦਾਂ ਦਾ ਓਟ ਆਸਰਾ ਹੈ।
ਪੰਜਾਬ ਅੰਦਰ ਅਮਨ ਸ਼ਾਂਤੀ ਵਿੱਚ ਵਿਘਨ ਪਾਉਣ ਅਤੇ ਫੁੱਟਪਾਓ ਸਿਆਸਤ ਨੂੰ ਹੁਲਾਰਾ ਦੇਣ ਦਾ ਕਾਂਗਰਸ ਉਪਰ ਦੋਸ਼ ਲਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਕਾਂਗਰਸ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿਉਂਕਿ ਇਹ ਪਾਰਟੀ ਕੇਂਦਰ ਅਤੇ ਰਾਜਾਂ ਵਿੱਚ ਆਪਣਾ ਸਿਆਸੀ ਪੱਤਾ ਖੇਡਣ ਲਈ ਅਜਿਹੀਆਂ ਕੋਝੀਆਂ ਚਾਲਾਂ ਚਲਦੀ ਆਈ ਹੈ। ਉਹਨਾਂ ਕਾਂਗਰਸ ’ਤੇ ਦੋਸ਼ ਲਾਇਆ ਕਿ ਜਦੋਂ ਵੀ ਇਹ ਪਾਰਟੀ ਕੇਂਦਰ ਵਿੱਚ ਸੱਤਾਧਾਰੀ ਬਣੀ ਉਦੋਂ ਹੀ ਦੇਸ਼ ਦੀ ਖੜਗਭੁਜਾ ਪੰਜਾਬ ਰਾਜ ਨਾਲ ਬੇਇਨਸਾਫੀ ਹੋਈ ਅਤੇ ਮਤਰੇਆ ਸਲੂਕ ਕੀਤਾ ਗਿਆ। ਇਸ ਪਾਰਟੀ ਨੇ ਪੰਜਾਬ ਨਾਲ ਹਰ ਪੱਖੋਂ ਦਗਾ ਕਮਾਇਆ ਹੈ ਚਾਹੇ ਉਹ ਖੇਤੀਬਾੜੀ, ਸਨਅਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਗੱਲ ਹੋਵੇ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਇਹਨਾਂ ਮਾੜੀਆਂ ਨੀਤੀਆਂ ਕਾਰਨ ਹੀ ਵੱਖ-ਵੱਖ ਰਾਜਾਂ ਦਾ ਅਸਾਵਾਂ ਵਿਕਾਸ ਹੋਇਆ ਹੈ ਜਿਸ ਕਰਕੇ ਗਰੀਬ ਤੇ ਅਮੀਰ ਦਾ ਪਾੜਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਗਰੀਬੀ ਦੇ ਖਾਤਮੇ ਦੇ ਦਾਅਵੇ ਕਰਨ ਵਾਲੀ ਇਸ ਕਾਂਗਰਸ ਸਰਕਾਰ ਦੇ ਸ਼ਾਸ਼ਨ ਦੌਰਾਨ ਹੀ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਸ੍ਰ: ਬਾਦਲ ਨੇ ਕਿਹਾ ਕਿ ਚਾਰ ਸਾਲ ਗੁਪਤਵਾਸ ਵਿੱਚ ਰਹਿਣ ਪਿਛੋਂ ਇਹ ਵਿਅਕਤੀ ਲੋਕਾਂ ਵਿੱਚ ਹਾਜਰੀ ਲਵਾਉਣ ਲਈ ਬੇਥਵੀਂ ਬਿਆਨਬਾਜੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕੈਪਟਨ ਰਾਜ ਦੇ ਲੋਕਾਂ ਨੂੰ ਹੋਰ ਬਹੁਤਾ ਸਮਾਂ ਮੂਰਖ ਨਹੀਂ ਬਣਾ ਸਕਦਾ ਅਤੇ ਰਾਜ ਦੀ ਜਨਤਾ ਭਲੀ ਭਾਂਤ ਜਾਣੂ ਹੈ ਕਿ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਕੈਪਟਨ ਦੇ ਪੰਜ ਸਾਲਾਂ ਦੇ ਸ਼ਾਸ਼ਨ ਦੇ ਮੁਕਾਬਲੇ ਚਾਰ ਸਾਲਾਂ ਦੌਰਾਨ ਰਿਕਾਰਡਤੋੜ ਵਿਕਾਸ ਕਾਰਜ ਕੀਤੇ ਹਨ। ਉਹਨਾਂ ਜ਼ਿਕਰ ਕੀਤਾ ਕਿ ਰਾਜ ਵਿੱਚ 10 ਹਜ਼ਾਰ ਮੈਗਾਵਾਟ ਹੋਰ ਬਿਜਲੀ ਪੈਦਾ ਕਰਨ ਲਈ ਨਵੇਂ ਤਾਪ ਘਰ ਲਗਾਏ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਚਾਰ ਯੂਨੀਵਰਸਿਟੀਆਂ, 15 ਨਵੇਂ ਕਾਲਜ ਅਤੇ 8 ਬਹੁ-ਤਕਨੀਕੀ ਸੰਸਥਾਵਾਂ,15 ਨਵੇਂ ਮਾਡਲ ਸਕੂਲ ਖੋਲ੍ਹਣ ਤੋਂ ਇਲਾਵਾ 45 ਹਜ਼ਾਰ ਸਕੂਲ ਅਧਿਆਪਕ ਭਰਤੀ ਕੀਤੇ ਗਏ ਹਨ। ਉਹਨਾਂ ਇਹ ਵੀ ਕਿਹਾ ਕਿ ਡਾਕਟਰੀ ਅਤੇ ਸਿਹਤ ਸੇਵਾਵਾਂ ਦੇ ਹੋਰ ਵਿਸਥਾਰ ਲਈ 250 ਕਰੋੜ, ਡਾਕਟਰੀ ਸਿੱਖਿਆ ਲਈ 400 ਕਰੋੜ ਅਤੇ ਪਿੰਡਾਂ ਵਿੱਚ ਸੜ੍ਹਕਾਂ ਬਣਾਉਣ ਲਈ 1000 ਕਰੋੜ ਰੁਪਏ ਆਉਂਦੇ ਸਮੇਂ ਵਿੱਚ ਖਰਚਿਆ ਜਾਵੇਗਾ । ਸ੍ਰ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਰਾਜ ਦੀ ਲੀਹੋਂ ਲੱਥੀ ਆਰਥਿਕਤਾ ਨੂੰ ਮੁੜ ਮਜਬੂਤ ਕਰਨ ਲਈ ਪੁਖਤਾ ਵਿੱਤੀ ਪ੍ਰਬੰਧ ਜੁਟਾਏ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਜਿਥੇ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਉਹਨਾਂ ਨੂੰ ਸਿਰੋਪਾਓ ਅਤੇ ਸਿਰੀ ਸਾਹਿਬ ਭੇਂਟ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਥਾਨਕ ਸਰਕਾਰਾਂ ਅਤੇ ਸਨਅਤ ਮੰਤਰੀ ਸ਼੍ਰੀ ਮਨੋਰੰਜਨ ਕਾਲੀਆ ਨੇ ਇਸ ਇਤਿਹਾਸਕ ਦਿਹਾੜੇ ’ਤੇ ਸਿੱਖ ਪੰਥ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾਂ ਦੇਸ਼ ਦੀ ਰਾਖੀ ਅਤੇ ਮਾਨਵੀ ਅਧਿਕਾਰਾਂ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ । ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾਂ ਆਮ ਆਦਮੀ ਦੇ ਹੱਕਾਂ ਅਤੇ ਬਿਹਤਰੀ ਨੂੰ ਪਹਿਲ ਦਿੱਤੀ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਤਤਪਰ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਸ੍ਰ: ਅਵਤਾਰ ਸਿੰਘ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਜਿੱਲ੍ਹਣ ਵਿਚੋਂ ਕੱਢ ਕੇ ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਈਏ। ਉਹਨਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇ ਨਜ਼ਰ ਕਾਂਗਰਸ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਪੰਥ ਵਿਰੋਧੀ ਇਹਨਾਂ ਤਾਕਤਾਂ ਨੂੰ ਭਾਂਜ ਦੇਣ ਲਈ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਮੂੰਹ ਤੋੜਵਾਂ ਜਵਾਬ ਦੇਣ। ਉਹਨਾਂ ਇਹ ਵੀ ਅਪੀਲ ਕੀਤੀ ਕਿ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਸਮੂਹ ਨਾਨਕ ਨਾਮ ਲੇਵਾ ਸੰਗਤ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਕੱਲ ਮੰਗਲਵਾਰ 28 ਦਸੰਬਰ ਨੂੰ ਆਯੋਜਿਤ ਕੀਤੇ ਜਾ ਰਹੇ ਵਿਸ਼ਾਲ ਨਗਰ ਕੀਰਤਨ ਦੀ ਬਾਅਦ ਦੁਪਿਹਰ ਇੱਕ ਵਜੇ ਸਮਾਪਤੀ ਉਪਰੰਤ ਇਤਿਹਾਸਕ ਗੁਰਦੁਆਰਾ ਜੋਤੀ ਸਰੂਪ ਵਿਖੇ ਹੋਣ ਵਾਲੀ ਅਰਦਾਸ ਵਿੱਚ ਸ਼ਾਮਲ ਹੋਣ ਅਤੇ ਇਸ ਸ਼ਹੀਦੀ ਸਮਾਗਮਾਂ ਦੇ ਦਰਸ਼ਨਾਂ ਲਈ ਪਹੁੰਚੀ ਸੰਗਤ ਦੇ ਜਿਥੇ ਵੀ ਇਹ ਆਵਾਜ਼ ਕੰਨੀ ਪਵੇ ਉਹ ਉਥੇ ਹੀ ਅਰਦਾਸ ਵਿੱਚ ਖੜੋ ਕੇ ਸ਼ਾਮਲ ਹੋ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ: ਹੀਰਾ ਸਿੰਘ ਗਾਬੜੀਆ, ਮਾਲ ਮੰਤਰੀ ਸ੍ਰ: ਅਜੀਤ ਸਿੰਘ ਕੋਹਾੜ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ, ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਡਾ: ਦਲਜੀਤ ਸਿੰਘ ਚੀਮਾ, ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਸ੍ਰ: ਗੁਰਪ੍ਰੀਤ ਸਿੰਘ ਰਾਜੂ ਖੰਨਾਂ, ਸ੍ਰ: ਦੀਦਾਰ ਸਿੰਘ ਭੱਟੀ, ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਸ੍ਰ: ਜਸਜੀਤ ਸਿੰਘ ਬੰਨੀ (ਤਿੰਨੇ ਵਿਧਾਇਕ) ਸ੍ਰ: ਮਹੇਸ਼ ਇੰਦਰ ਸਿੰਘ ਗਰੇਵਾਲ, ਬੀਬੀ ਸਤਵੰਤ ਕੌਰ ਸੰਧ,ੂ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ਼੍ਰੀਮਤੀ ਸਤਵਿੰਦਰ ਕੌਰ ਧਾਲੀਵਾਲ ਅਤੇ ਬੀਬੀ ਜਾਗੀਰ ਕੌਰ (ਸਾਰੇ ਸਾਬਕਾ ਮੰਤਰੀ), ਸਾਬਕਾ ਡਿਪਟੀ ਸਪੀਕਰ ਲੋਕ ਸਭਾ ਸ੍ਰ: ਚਰਨਜੀਤ ਸਿੰਘ ਅਟਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ੍ਰ: ਸੁਰਜੀਤ ਸਿੰਘ ਰੱਖੜਾ, ਸ੍ਰ: ਰਣਧੀਰ ਸਿੰਘ ਚੀਮਾ, ਐਸ.ਏ.ਐਸ. ਨਗਰ ਦੇ ਸ਼੍ਰੀ ਐਨ.ਕੇ. ਸ਼ਰਮਾ, ਪਨਸੀਡ ਪੰਜਾਬ ਦੇ ਚੇਅਰਮੈਨ ਸ੍ਰ: ਸੁਰਜੀਤ ਸਿੰਘ ਅਬਲੋਵਾਲ, ਫੂਡਗ੍ਰੇਨ ਪੰਜਾਬ ਦੇ ਚੇਅਰਮੈਨ ਸ੍ਰ: ਰਣਧੀਰ ਸਿੰਘ ਰੱਖੜਾ, ਐਸ.ਜੀ.ਪੀ.ਸੀ. ਦੇ ਸਕੱਤਰ ਸ੍ਰ: ਦਿਲਮੇਘ ਸਿੰਘ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਸ੍ਰ: ਕਰਨੈਲ ਸਿੰਘ ਪੰਜੋਲੀ, ਸ੍ਰ: ਨਿਰਮੈਲ ਸਿੰਘ ਜੌਲ੍ਹਾਂ, ਸ੍ਰ: ਜਸਮੇਰ ਸਿੰਘ ਲਾਛੜੂ ( ਸਾਰੇ ਐਸ.ਜੀ.ਪੀ.ਸੀ. ਕਾਰਜਕਾਰਨੀ ਦੇ ਮੈਂਬਰ) ਸ੍ਰ: ਰਾਮ ਦਿਆਲ, ਸ੍ਰ: ਕੇਵਲ ਸਿੰਘ, ਸ੍ਰ: ਨਿਰਮਲ ਸਿੰਘ ਹਰਿਆਊ, ਸ੍ਰ: ਕ੍ਰਿਪਾਲ ਸਿੰਘ ਖਿਰਨੀਆਂ (ਸਾਰੇ ਐਸ.ਜੀ.ਪੀ.ਸੀ. ਮੈਂਬਰ), ਸ੍ਰ: ਜਗਦੀਪ ਸਿੰਘ ਚੀਮਾਂ ਪ੍ਰਧਾਨ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ, ਸਾਬਕਾ ਵਿਧਾਇਕ ਸ੍ਰ: ਬਲਵੰਤ ਸਿੰਘ ਸ਼ਾਹਪੁਰ, ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਗਿਆਨੀ ਹਰਪਾਲ ਸਿੰਘ, ਪ੍ਰਧਾਨ ਨਗਰ ਕੌਂਸਲ ਸਰਹੰਦ ਸ੍ਰ: ਗੁਰਵਿੰਦਰ ਸਿੰਘ ਭੱਟੀ, ਸ੍ਰ: ਰਣਜੀਤ ਸਿੰਘ ਲਿਬੜਾ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ, ਸ਼੍ਰੀ ਦਵਿੰਦਰ ਸਿੰਘ ਭੱਪੂ ਜਰਨਲ ਸਕੱਤਰ, ਸੀਨੀਅਰ ਯੂਥ ਅਕਾਲੀ ਆਗੂ ਸ੍ਰ: ਅੰਮ੍ਰਿਤਪਾਲ ਸਿੰਘ ਰਾਜੂ, ਸ੍ਰ: ਸਵਰਨ ਸਿੰਘ ਚਨਾਰਥਲ, ਸ੍ਰ: ਹਰਭਜਨ ਸਿੰਘ ਚਨਾਰਥਲ, ਸ੍ਰ: ਸੁਖਜੀਤ ਸਿੰਘ ਬਘੌਰਾ, ਸ੍ਰ: ਮਲਕੀਅਤ ਸਿੰਘ ਮਠਾੜੂ , ਸ੍ਰ: ਸਰਬਜੀਤ ਸਿੰਘ ਮੱਖਣ, ਸ੍ਰ: ਸ਼ਰਨਜੀਤ ਸਿੰਘ ਰਜਵਾੜਾ, ਸ੍ਰ: ਦਿਲਬਾਗ ਸਿੰਘ ਬਾਗਾ, ਸ੍ਰ: ਮੱਖਣ ਸਿੰਘ ਲਾਲਕਾ, ਸ੍ਰ: ਹਰਜੀਤ ਸਿੰਘ ਅਦਾਲਤੀਵਾਲਾ, ਸ੍ਰ: ਇੰਦਰਮੋਹਨ ਸਿੰਘ ਬਜਾਜ, ਸ੍ਰ: ਹਰਵਿੰਦਰ ਸਿੰਘ ਹਰਪਾਲਪੁਰ, ਸ੍ਰ: ਗੁਰਸੇਵ ਸਿੰਘ ਹਰਪਾਲਪੁਰ, ਸ੍ਰ: ਜਰਨੈਲ ਸਿੰਘ ਕਰਤਾਰਪੁਰ, ਸ੍ਰ: ਸਤਨਾਮ ਸਿੰਘ ਬਰਾਸ, ਸ੍ਰ: ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਥੇਦਾਰ ਅਮਰੀਕ ਸਿੰਘ, ਸ੍ਰ: ਪਰਮਜੀਤ ਸਿੰਘ ਕਾਹਲੋਂ, ਸ੍ਰ: ਜਸਵੰਤ ਸਿੰਘ ਭੁੱਲਰ, ਸ੍ਰ: ਜਸਵਿੰਦਰ ਜੱਸੀ, ਸ੍ਰ: ਇਕਬਾਲ ਸਿੰਘ, ਸ਼੍ਰੀਮਤੀ ਮੰਜੂ ਕੁਰੈਸ਼ੀ, ਸ੍ਰ: ਜੋਰਾ ਸਿੰਘ ਗਿੱਲ, ਸ੍ਰ: ਮਹਿੰਦਰ ਸਿੰਘ ਬਾਗੜੀਆ, ਸ੍ਰ: ਗਿਆਨ ਸਿੰਘ, ਸ੍ਰ: ਆਤਮਾ ਸਿੰਘ, ਜਥੇਦਾਰ ਸੋਦਾਗਰ ਸਿੰਘ, ਸ਼੍ਰੀ ਰਮਨ ਕੁਮਾਰ, ਸ੍ਰ: ਦਲੀਪ ਸਿੰਘ ਪਾਂਧੀ, ਜਥੇਦਾਰ ਗੁਰਚਰਨ ਸਿੰਘ ਦੌਣਕਲਾਂ, ਸ੍ਰ: ਨਰਦੇਵ ਸਿੰਘ ਆਕੜੀ, ਸ੍ਰ: ਕਰਮਜੀਤ ਸਿੰਘ ਭਗੜਾਣਾ, ਸ੍ਰ: ਦਰਸ਼ਨ ਸਿੰਘ ਬੱਬੀ, ਸ਼੍ਰੀਮਤੀ ਕਸ਼ਮੀਰ ਕੌਰ, ਸ੍ਰੀ ਐਸ.ਐਨ. ਸ਼ਰਮਾ, ਸ੍ਰ: ਜਤਿੰਦਰ ਸਿੰਘ ਬੱਬੂ, ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਆਈ.ਜੀ. ਸ਼੍ਰੀ ਆਰ.ਪੀ.ਮਿੱਤਲ, ਡੀ.ਆਈ.ਜੀ. ਸ੍ਰ: ਪਰਮਰਾਜ ਸਿੰਘ ਉਮਰਾਨੰਗਲ, ਡਿਪਟੀ ਕਮਿਸ਼ਨਰ ਸ਼੍ਰੀ ਯਸ਼ਵੀਰ ਮਹਾਜਨ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰ: ਰਣਬੀਰ ਸਿੰਘ ਖੱਟੜਾ ਵੀ ਮੌਜੂਦ ਸਨ।