ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਜਿਲ੍ਹਾ ਮੈਜਿਸਟਰੇਟ ਮੁਕਤਸਰ ਸ੍ਰੀ ਵਰੁਣ ਰੂਜਮ ਨੇ ਇੱਕ ਵਿਸ਼ੇਸ਼ ਹੁਕਮ ਜਾਰੀ ਕਰਕੇ ਜਿਲ੍ਹੇ ਦੀ ਹਦੂਦ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ, ਜਲੂਸ ਕੱਢਣ, ਨਾਹਰੇਬਾਜੀ ਕਰਨ ਤੇ ਸਖਤ ਪਾਬੰਦੀ ਲਗਾ ਦਿੱਤੀ ਹੈ, ਪਰੰਤੂ ਇਹ ਹੁਕਮ ਧਾਰਮਿਕ ਜਲੂਸ ਕੱਢਣ,ਸਤਿਸੰਗ,ਬਰਾਤਾਂ ਅਤੇ ਸ਼ੋਕ ਇਕੱਤਰਤਾਵਾਂ ਉਪਰ ਲਾਗੂ ਨਹੀਂ ਹੋਣਗੇ । ਜਿਲ੍ਹਾ ਮੈਜਿਸਟਰੇਟ ਦੇ ਇੱਕ ਹੋਰ ਹੁਕਮ ਅਨੁਸਾਰ ਜਿਲ੍ਹੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਆਮ ਲੋਕਾਂ ਵਲੋਂ ਆਪਣੇ ਹਥਿਆਰ ਨਾਲ ਲੈ ਕੇ ਚੱਲਣ ਦੀ ਵੀ ਸਖਤ ਮਨਾਹੀ ਕੀਤੀ ਗਈ ਹੈ, ਪਰੰਤੂ ਇਹ ਹੁਕਮ ਸੁਰੱਖਿਆ ਬਲਾਂ ਅਤੇ ਪੁਲਿਸ ਵਿਭਾਗ ਤੇ ਲਾਗੂ ਨਹੀਂ ਹੋਣਗੇ । ਇਸ ਤੋਂ ਇਲਾਵਾ ਜਿਲ੍ਹੇ ਵਿੱਚ ਸਬੰਧਿਤ ਉਪ ਮੰਡਲ ਮੇਜਿਸਟਰੇਟ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਲਾਉਡ ਸਪੀਕਰਾਂ ਦੀ ਵਰਤੋਂ ਕਰਨ ਦੀ ਵੀ ਸਖਤ ਮਨਾਹੀ ਕੀਤੀ ਗਈ ਹੈ, ਪਰੰਤੂ ਲਾਉਡ ਸਪੀਕਰਾਂ ਦੀ ਵਰਤੋਂ ਸਬੰਧੀ ਇਹ ਹੁਕਮ ਪੁਲਿਸ ਅਤੇ ਲੋਕ ਸੰਪਰਕ ਵਿਭਾਗ ਤੇ ਲਾਗੂ ਨਹੀਂ ਹੋਣਗੇ ।
ਜਿਲ੍ਹਾ ਮੈਜਿਸਟਰੇਟ ਮੁਕਤਸਰ ਨੇ ਆਪਣੇ ਇੱਕ ਹੋਰ ਹੁਕਮ ਰਾਹੀਂ ਜਿਲ੍ਹੇ ਵਿੱਚ ਸਾਈਕਲ ਨੂੰ ਛੱਡ ਕੇ ਬਾਕੀ ਸਭ ਕਿਸਮ ਦੇ ਦੋ ਪਹੀਆਂ ਵਾਹਨਾਂ ਤੇ ਰਾਤੀਂ 10 ਵਜੇ ਤੋਂ ਸਵੇਰੇ 5 ਵਜੇ ਤੱਕ ਦੋ ਮਰਦ ਸਵਾਰੀਆਂ ਵਲੋਂ ਸਫਰ ਕਰਨ ਤੇ ਸਖਤ ਪਾਬੰਦੀ ਲਗਾਂ ਦਿੱਤੀ ਹੈ । ਇਹ ਹੁਕਮ ਸੈਨਿਕ, ਪੁਲਿਸ ਅਤੇ ਸਰਕਾਰੀ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਤੇ ਲਾਗੂ ਨਹੀਂ ਹੋਣਗੇ । ਇਸ ਤੋਂ ਇਲਾਵਾ ਇੱਕ ਹੋਰ ਹੁਕਮ ਅਨੁਸਾਰ ਜਿਲ੍ਹਾ ਮੁਕਤਸਰ ਵਿੱਚ ਆਮ ਦੁਕਾਨਾਂ ਸਵੇਰੇ 9 ਵਜੇ ਖੁੱਲ੍ਹਣਗੀਆਂ ਅਤੇ ਰਾਤੀਂ 8 ਵਜੇ ਬੰਦ ਹੋਣਗੀਆਂ ,ਪਰੰਤੂ ਹੋਟਲ,ਰੈਸਟੋਰੈਂਟ,ਢਾਬੇ, ਚਾਹ ਅਤੇ ਹਲਵਾਈਆਂ ਦੀਆਂ ਦੁਕਾਨਾਂ,ਰਿਫਰੈਸ਼ਮੇੈਂਟ ਅਤੇ ਪਾਨ ਬੀੜੀ ਦੀਆਂ ਦੁਕਾਨਾਂ ਸ਼ਹਿਰੀ ਇਲਾਕਿਆਂ ਵਿੱਚ ਰਾਤੀਂ 11 ਵਜੇ ਬੰਦ ਹੋਣਗੀਆਂ ਅਤੇ ਪੇਂਡੂ ਇਲਾਕਿਆਂ ਵਿੱਚ ਰਾਤੀ 8.30 ਵਜੇ ਤੋਂ ਸਵੇਰੇ 8.00 ਵਜੇ ਤੱਕ ਬੰਦ ਰਹਿਣਗੀਆਂ । ਜਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਇੱਕ ਹੋਰ ਹੁਕਮ ਅਨੁਸਾਰ ਜਿਲ੍ਹੇ ਵਿੱਚ ਅੰਗਰੇਜੀ ਅਤੇ ਦੇਸੀ ਸ਼ਰਾਬ ਦੇ ਸਾਰੇ ਠੇਕੇ ਅਤੇ ਅਹਾਤੇ ਸ਼ਹਿਰੀ ਇਲਾਕਿਆਂ ਵਿੱਚ ਰਾਤੀਂ 10.30 ਵਜੇ ਤੋਂ ਸਵੇਰੇ 8 ਵਜੇ ਤੱਕ ਅਤੇ ਪੇਂਡੂ ਇਲਾਕਿਆਂ ਵਿੱਚ ਰਾਤੀਂ 8.30 ਵਜੇ ਤੋਂ ਸਵੇਰੇ 8 ਵਜੇ ਤੱਕ ਬੰਦ ਰਹਿਣਗੇ । ਇਸ ਤੋਂ ਇਲਾਵਾ ਜਿਲ੍ਹਾ ਮੈਜਿਸਟਰੇਟ ਮੁਕਤਸਰ ਦੇ ਇੱਕ ਹੋਰ ਹੁਕਮ ਅਨੁਸਾਰ ਰੇਲਵੇ ਰੋਡ, ਕੋਟਕਪੂਰਾ ਰੋਡ ਅਤੇ ਬਠਿੰਡਾ ਰੋਡ ਮੁਕਤਸਰ ਵਿਖੇ ਰੇਹੜੀਆਂ ਖੜ੍ਹੀਆਂ ਕਰਨ ਅਤੇ ਸ਼ਹਿਰ ਅੰਦਰ ਰੇਹੜੀਆਂ ਲੈ ਕੇ ਇੱਧਰ ਉਧਰ ਘੁੰਮਣ ਫਿਰਨ ਦੀ ਵੀ ਸਖਤ ਮਨਾਹੀ ਕੀਤੀ ਗਈ ਹੈ
ਜਿਲ੍ਹਾ ਮੈਜਿਸਟਰੇਟ ਦੇ ਇੱਕ ਹੋਰ ਹੁਕਮ ਅਨੁਸਾਰ ਮੁਕਤਸਰ ਦੀਆਂ ਸਾਰੀਆਂ ਨਗਰ ਕੌਸਲਾਂ ਦੀ ਹਦੂਦ ਅੰਦਰ ਵੱਡੇ ਅਤੇ ਛੋਟੇ ਸਭ ਕਿਸਮ ਦੇ ਵਾਹਨਾਂ ਦੀ ਸਪੀਡ 40 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਤ ਕੀਤੀ ਗਈ ਹੈ,ਜਦਕਿ ਚੁੰਗੀ ਤੋਂ ਬਾਹਰ ਪੈਂਦੀਆਂ ਸਾਰੀਆਂ ਸੜਕਾਂ ਤੇ ਸਭ ਕਿਸਮ ਦੇ ਵਾਹਨਾਂ ਦੀ ਸਪੀਡ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ । ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ ਮਿਤੀ 18 ਫਰਵਰੀ-2011 ਤੱਕ ਲਾਗੂ ਰਹਿਣਗੇ ।