ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਵੱਲੋ ਆਏ ਇਸ ਬਿਆਨ ਕਿ “ਅਸੀਂ ਅਗਲੀਆਂ ਚੋਣਾਂ ਰਿਸ਼ਵਤਖੋਰੀ ਅਤੇ ਕਾਨੂੰਨੀ ਵਿਵਸਥਾ ਦੇ ਮੁੱਦਿਆਂ ਉੱਤੇ ਲੜਾਂਗੇ” ਦਾ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਪਹਿਲਾ ਕਾਂਗਰਸ ਦੇ ਹੋਏ ਇਜਲਾਸ ਵਿੱਚ ਬੀਬੀ ਸੋਨੀਆ ਗਾਂਧੀ ਚੇਅਰਪਰਸਨ ਕਾਂਗਰਸ, ਡਾ: ਮਨਮੋਹਨ ਸਿੰਘ ਵਜ਼ੀਰ ਏ ਆਜਿਮ ਹਿੰਦ ਅਤੇ ਸ਼੍ਰੀ ਰਾਹੁਲ ਗਾਂਧੀ ਵੱਲੋ ਰਿਸ਼ਵਤਖੋਰੀ ਵਿਰੁੱਧ ਕੰਮ ਕਰਨ ਅਤੇ ਇਸਨੂੰ ਮੁਲਕ ਵਿੱਚੋ ਖਤਮ ਕਰਨ ਦੇ ਐਲਾਨ ਕੀਤੇ ਗਏ ਸਨ ਅਤੇ ਹੁਣ ਬੀਬੀ ਰਜਿੰਦਰ ਕੌਰ ਭੱਠਲ ਜਿਨ੍ਹਾ ਉੱਤੇ ਪਹਿਲੋ ਹੀ ਵੱਡੇ ਵੱਡੇ ਗਬਨ, ਘੋਟਾਲੇ ਕਰਨ ਅਤੇ ਵੱਡੀਆਂ ਰਿਸ਼ਵਤਾਂ ਲੈਣ ਦੇ ਕੇਸ ਅਦਾਲਤਾਂ ਵਿੱਚ ਅੱਜ ਵੀ ਚੱਲ ਰਹੇ ਹਨ ਅਤੇ ਜਿਨ੍ਹਾ ਨੇ ਆਪਣੀ ਹਕੂਮਤ ਵੇਲੇ ਰਿਸ਼ਵਤਖੋਰੀ ਦੀ ਖੁਦ ਸਰਪ੍ਰਸਤੀ ਕਰਕੇ ਹਿਮਾਚਲ, ਪਟਿਆਲਾ ਅਤੇ ਸੰਗਰੂਰ ਵਿੱਚ ਵੱਡੀਆਂ ਜ਼ਮੀਨਾਂ-ਜਾਇਦਾਦਾਂ ਬਣਾਈਆਂ ਹੋਣ। ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਜਿਨ੍ਹਾ ਨੇ ਇਸਲਾਮਾਬਾਦ, ਡੁੱਬਈ, ਹਿਮਾਚਲ ਅਤੇ ਹੋਰ ਸਥਾਨਾਂ ਉੱਤੇ ਆਪਣੀਆਂ ਰਿਸ਼ਵਤਾਂ ਰਾਹੀ ਕਮਾਏ ਗਏ ਧਨ ਰਾਹੀਂ ਜਾਇਦਾਦਾਂ ਬਣਾਈਆਂ ਹੋਣ, ਅਜਿਹੇ ਰਿਸ਼ਵਤਖੋਰ ਆਗੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਕੇ ਕਾਂਗਰਸ ਜਮਾਤ ਅੱਜ ਪ੍ਰਚਾਰ ਕਰ ਰਹੀ ਹੈ ਕਿ ਅਸੀ ਰਿਸ਼ਵਤਖੋਰੀ ਖਤਮ ਕਰਾਂਗੇ ਅਤੇ ਕਾਨੂੰਨੀ ਵਿਵਸਥਾ ਕਾਇਮ ਰੱਖਾਂਗੇ ਦੀ ਗੱਲ ਮੁਲਕ ਨਿਵਾਸੀਆਂ ਨੂੰ ਗੁੰਮਰਾਹ ਕਰਨ ਵਾਲੀ ਹੈ। ਇਸ ਲਈ ਇਨ੍ਹਾ ਕਾਂਗਰਸੀ ਆਗੂਆਂ ਵੱਲੋ “ਰਿਸ਼ਵਤਖੋਰੀ” ਨੂੰ ਖਤਮ ਕਰਨ ਦੇ ਐਲਾਨ ਕੇਵਲ ਅਖਬਾਰੀ ਹਨ ਅਤੇ ਇਨ੍ਹਾ ਦਾ ਕੋਈ ਵੀ ਅਰਥ ਨਹੀਂ ਰਹਿ ਜਾਂਦਾ। ਸ: ਮਾਨ ਨੇ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਵਧਾਉਦੇ ਹੋਏ ਕਿਹਾ ਕਿ ਇਸ ਮੁਲਕ ਅਤੇ ਪੰਜਾਬ ਵਿੱਚ ਜੋ ਵੀ ਵੱਡੇ ਘਪਲੇ, ਜਖੀਰੇਬਾਜ਼ੀ, ਚੋਰ ਬਾਜਾਰੀ ਜਾਂ ਰਿਸ਼ਵਤਖੋਰੀ ਹੁਣ ਤੱਕ ਹੋਈ ਹੈ, ਉਸ ਵਿੱਚ ਵੱਡੇ ਵੱਡੇ ਕਾਂਗਰਸੀ, ਭਾਜਪਾ ਦੇ ਆਗੂ ਅਤੇ ਬਾਦਲ ਦਲੀਏ ਹੀ ਮੋਹਰੀ ਰਹੇ ਹਨ। ਦੂਸਰਾ ਪੰਜਾਬ ਵਿੱਚ ਚਾਲੀ ਲੱਖ ਦੇ ਕਰੀਬ ਨੌਜਵਾਨਾਂ ਦੀ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਇਨ੍ਹਾ ਉਪਰੋਕਤ ਜਮਾਤਾਂ ਅਤੇ ਆਗੂਆਂ ਨੇ ਅੱਜ ਤੱਕ ਕੋਈ ਯਤਨ ਨਹੀਂ ਕੀਤਾ ਅਤੇ ਨਾ ਹੀ ਇਸਨੂੰ ਦੂਰ ਕਰਨ ਲਈ ਅਤੇ ਪੰਜਾਬ ਵਿੱਚ ਨਸਿਆਂ ਦੇ ਵੱਧਦੇ ਜਾ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਅਤੇ ਹੋਰ ਉਪਰੋਕਤ ਸਮਾਜਿਕ ਬੁਰਾਈਆਂ ਦਾ ਅੰਤ ਕਰਨ ਲਈ ਇਨ੍ਹਾ ਕੋਲ ਕੋਈ ਯੋਜਨਾ ਹੈ। ਉਨ੍ਹਾ ਕਿਹਾ ਕਿ ਬੋਫਰਜ਼ ਤੋਪਾਂ ਅਤੇ ਪਣਡੁੱਬੀਆਂ ਦੀ ਖ੍ਰੀਦੋ-ਫਿਰੋਖਤ ਕਰਦੇ ਸਮੇਂ, ਕਾਰਗਿਲ ਦੇ ਸ਼ਹੀਦਾਂ ਦੇ ਕਫਨ ਬਣਾਉਦੇ ਸਮੇਂ, ਇਰਾਕ-ਭਾਰਤ ਦਾ ਅਨਾਜ ਘੋਟਾਲਾ, ਰਾਸ਼ਟਰਮੰਡਲ ਦੀਆਂ ਖੇਡਾਂ ਦੇ ਪ੍ਰਬੰਧ ਦੇ ਹੋਏ ਘੋਟਾਲੇ, ਜੀ2 ਸਪੈਕਟ੍ਰਮ ਘੋਟਾਲਾ, ਆਦਰਸ਼ ਹਾਊਸਿੰਗ ਸੋਸਾਇਟੀ ਦੇ ਘੋਟਾਲੇ, ਸਿਟੀ ਸੈਟਰ ਆਦਿ ਦੇ ਘੋਟਾਲਿਆਂ ਵਿੱਚ ਇਹ ਉਪਰੋਕਤ ਜਮਾਤਾਂ ਦੇ ਆਗੂ, ਉਨ੍ਹਾ ਦੇ ਪਰਿਵਾਰ ਹੀ ਮੁੱਖ ਦੋਸ਼ੀ ਹਨ। ਜਿਨ੍ਹਾ ਦੇ ਖੂਨ ਵਿੱਚ ਗੈਰ ਇਖਲਾਕੀ ਅਤੇ ਗੈਰ ਸਮਾਜਿਕ ਤੱਤ ਵੱਧ ਚੁੱਕੇ ਹੋਣ, ਉਹ ਆਗੂ ਅਤੇ ਜਮਾਤਾਂ ਰਿਸ਼ਵਤਖੋਰੀ ਅਤੇ ਜਖੀਰੇਬਾਜ਼ੀ ਦੀਆਂ ਅਲਾਮਤਾਂ ਨੂੰ ਖਤਮ ਨਹੀਂ ਕਰ ਸਕਦੇ। ਇਨ੍ਹਾ ਸਮੁੱਚੀਆਂ ਸਮਾਜਿਕ ਬੁਰਾਈਆਂ ਨੂੰ ਅਤੇ ਇੱਥੋ ਦੀ ਬੇਰੁਜ਼ਗਾਰੀ ਨੂੰ ਖਤਮ ਕਰਨ ਦਾ ਇੱਕੋ ਇੱਕ ਸਹੀ ਹੱਲ ਹੈ ਕਿ ਉਪਰੋਕਤ ਜਮਾਤਾਂ ਵਿੱਚ ਵਿਚਰਣ ਵਾਲੇ ਸਿੱਖ ਆਗੂ ਇਮਾਨਦਾਰੀ ਨਾਲ “ਖਾਲਿਸਤਾਨ” ਨੂੰ ਕਾਇਮ ਕਰਨ ਵਿੱਚ ਭੂਮਿਕਾ ਨਿਭਾਉਣ। ਜਦੋ ਖਾਲਿਸਤਾਨ ਦਾ ਆਜ਼ਾਦ ਮੁਲਕ ਕਾਇਮ ਹੋ ਗਿਆ ਤਾਂ ਉਸਦੀ ਆਪਣੀ ਸਮੁੰਦਰੀ, ਹਵਾਈ ਅਤੇ ਥਲ ਸੈਨਾ ਦੀਆਂ ਇਮਾਨਦਾਰ ਫੋਰਸਾਂ ਹੋਣਗੀਆਂ ਅਤੇ ਮੁਲਕਾਂ ਦੀਆਂ ਸਰਹੱਦਾਂ ਨੂੰ ਖੋਲ ਕੇ ਕਾਰੋਬਾਰ ਅਤੇ ਵਪਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਸ ਆਜ਼ਾਦ ਮੁਲਕ ਵਿੱਚ ਕੋਈ ਵੀ ਬੇਰੁਜ਼ਗਾਰ ਨਹੀਂ ਰਹੇਗਾ ਅਤੇ ਨਾ ਹੀ ਕਿਸੇ ਨੂੰ ਗੈਰ ਵਿਧਾਨਿਕ ਜਾਂ ਗੈਰ ਸਮਾਜਿਕ ਕਾਰਵਾਈ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ ਕਿਉਕਿ ਖਾਲਿਸਤਾਨ ਦਾ ਮੁਲਕ ਗੁਰਾਂ ਦੀ ਸੋਚ “ਹਲੇਮੀ ਰਾਜ” ਉੱਤੇ ਅਧਾਰਿਤ ਹੋਵੇਗਾ ਅਤੇ ਅਮਲੀ ਰੂਪ ਵਿੱਚ “ਸਰਬੱਤ ਦੇ ਭਲੇ” ਦੇ ਮਿਸ਼ਨ ਨੂੰ ਮੁੱਖ ਰੱਖ ਕੇ ਹਕੂਮਤ ਚਲਾਈ ਜਾਵੇਗੀ ਅਤੇ ਸਾਫ਼ ਸੁੱਥਰਾ ਨਿਜ਼ਾਮ ਦਿੱਤਾ ਜਾਵੇਗਾ।
ਸੋਨੀਆ, ਡਾ: ਮਨਮੋਹਨ ਸਿੰਘ ਅਤੇ ਬੀਬੀ ਭੱਠਲ ਵਰਗੇ ਕਾਂਗਰਸੀਆਂ ਵੱਲੋ “ਰਿਸ਼ਵਤਖੋਰੀ” ਵਿਰੁੱਧ ਰਾਗ ਅਲਾਪਣ ਦਾ ਕੋਈ ਅਰਥ ਨਹੀਂ
This entry was posted in ਪੰਜਾਬ.