ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਰਵਸਿਟੀ ਲੁਧਿਆਣਾ ਦੇ ਪੌਦਾ ਰੋਗ ਵਿਗਿਆਨ ਵਿਭਾਗ ਵੱਲੋਂ ਕੀਤੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਆਲੂਆਂ ਦਾ ਪਿਛੇਤਾ ਝੁਲਸ ਰੋਗ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁਝ ਖੇਤਾਂ ਵਿੱਚ ਸ਼ੁਰੂ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਕਾਫੀ ਬਦਲਾਅ ਆ ਗਿਆ ਹੈ ਅਤੇ ਕਈ ਥਾਵਾਂ ਤੇ ਹਲਕੀ ਤੋਂ ਭਾਰੀ ਬਾਰਸ਼ ਵੀ ਪਈ ਹੈ ਜਿਸ ਨਾਲ ਮੌਸਮ ਵਿੱਚ ਨਮੀ ਦੀ ਮਾਤਰਾ ਵੱਧ ਗਈ ਹੈ। ਅਜਿਹੀਆਂ ਹਾਲਤਾਂ ਵਿੱਚ ਬੀਮਾਰੀ ਦੇ ਹੱਲੇ ਦਾ ਖਤਰਾ ਵਧੇਰੇ ਹੋ ਜਾਂਦਾ ਹੈ। ਇਸ ਲਈ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਿਨ੍ਹਾਂ ਖੇਤਾਂ ਵਿੱਚ ਆਲੂਆਂ ਦੀ ਫ਼ਸਲ ਪੱਕਣ ਲੱਗੀ ਹੈ, ਉਨ੍ਹਾਂ ਖੇਤਾਂ ਵਿੱਚ ਪਤਰਾਲ ਨੂੰ ਕੱਟ ਦੇਣ ਤਾਂ ਜੋ ਆਲੂਆਂ ਉੱਤੇ ਇਸ ਬੀਮਾਰੀ ਦੀ ਲਾਗ ਨਾ ਲੱਗੇ।
ਵਿਭਾਗ ਦੇ ਮੁਖੀ ਡਾ: ਤਰਲੋਚਨ ਸਿੰਘ ਥਿੰਦ ਮੁਤਾਬਕ ਜਿਨ੍ਹਾਂ ਖੇਤਾਂ ਵਿੱਚ ਬੀਜਾਈ ਲੇਟ ਸੀ ਅਤੇ ਫ਼ਸਲ ਪੱਕਣ ਵਿੱਚ ਸਮਾਂ ਹੈ, ਉਨ੍ਹਾਂ ਆਲੂਆਂ ਦੀ ਫ਼ਸਲ ਤੇ ਇੰਡੋਫਿਲ ਐਮ-45 ਜਾਂ ਐਨਟਰਾਕੋਲ ਜਾਂ ਕਵਚ (500-700 ਗਰਾਮ ਦਵਾਈ 250 ਤੋਂ 350 ਲਿਟਰ ਪਾਣੀ ਵਿੱਚ ਘੋਲ ਕੇ) ਦਾ ਛਿੜਕਾਅ ਕਰ ਦਿਓ। ਛਿੜਕਾਅ ਹਫਤੇ ਹਫਤੇ ਦੀ ਵਿੱਥ ਤੇ ਦੁਹਰਾਓ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਛਿੜਕਾਅ ਦੇ ਲਈ ਪਾਣੀ ਦੀ ਪੂਰੀ ਮਾਤਰਾ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਜੋ ਫ਼ਸਲ ਤੇ ਛਿੜਕਾਅ ਚੰਗੀ ਤਰ੍ਹਾਂ ਹੋ ਜਾਵੇ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਲੂਆਂ ਦੇ ਪਿਛੇਤੇ ਝੁਲਸ ਰੋਗ ਨੂੰ ਰੋਕਣ ਲਈ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਦਵਾਈਆਂ ਦਾ ਛਿੜਕਾਅ ਹੀ ਕਰਨ।
ਆਲੂਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਓ
This entry was posted in ਪੰਜਾਬ.