ਆ ਬੇਲੀਆ!
ਨਵੇਂ ਸਾਲ ਤੇ , ਨਵੀਆਂ ਕਸਮਾਂ ਖਾਈਏ ।
ਮਾਂ ਪੰਜਾਬੀ ,
ਬੋਲੀ ਵਾਲਾ ਰਿਸ਼ਤਾ ਤੋੜ ਨਿਭਾਈਏ ।
ਯਾਦ ਕਰੋ ਤੁਸੀਂ ਗੁਰੂਆਂ ਤਾਈਂ, ਬੋਲੀ ਜਿਨ੍ਹਾਂ ਪੰਜਾਬੀ।
ਤੇਰਾਂ ਤੇਰਾਂ ਤੋਲਣ ਵਾਲਾ , ਨਾਨਕ ਬੜਾ ਹਿਸਾਬੀ ।
ਅੱਜ ਉਨ੍ਹਾਂ ਦੇ ਪੂਰਨਿਆਂ ਤੇ , ਸੋਹਣੇ ਅੱਖਰ ਪਾਈਏ ,
ਆ ਬੇਲੀਆ !
ਨਵੇਂ ਸਾਲ ਤੇ ਨਵੀਆਂ ……………………………।
ਵਾਰਿਸ ਸ਼ਾਹ ਦੀ ਪੜ੍ਹਕੇ ਹੀਰ, ਯਾਦ ਇਸ਼ਕ ਦੀ ਆਵੇ।
ਸੋਹਣੀ ਵਾਂਗਰ ਕੋਈ ਨਾ ਲੋਕੋ, ਐਵੇਂ ਹੀ ਡੁੱਬ ਜਾਵੇ ।
ਲਾਜ ਰਖੋ ਤੁਸੀਂ ਮਾਂ ਬੋਲੀ ਦੀ, ਸਭਨਾ ਨੂੰ ਸਮਝਾਈਏ ,
ਆ ਬੇਲੀਆ !
ਨਵੇਂ ਸਾਲ ਤੇ ਨਵੀਆਂ ……………………………..।
ਮਾਂ ਆਪਣੀ ਤੇ ਮਾਂ ਬੋਲੀ ਨੂੰ, ਭੁੱਲ ਕੇ ਕਦੇ ਵਿਸਾਰੋ ਨਾ।
ਹੋਰ ਬੋਲੀਆਂ ਬੋਲ ਕੇ ਮਹਿਲ , ਰੇਤਾ ਨਾਲ ਉਸਾਰੋ ਨਾ ।
ਜਿਸ ਮਾਂ ਤੋਂ ਲਈਆਂ ਲੋਰੀਆਂ, ਉਹਦੇ ਹੀ ਗੁਣ ਗਾਈਏ,
ਆ ਬੇਲੀਆ !
ਨਵੇਂ ਸਾਲ ਤੇ ਨਵੀਆਂ …………………………….. ।
ਸ਼ਾਹ ਹਸੈਨ , ਬੁੱਲਾ ਤੇ ਪੀਲੂ , ਭੁੱਲ ਨਾ ਜਾਇਉ ਲੋਕੋ ।
ਠੇਠ ਪੰਜਾਬੀ ਲਿਖੀ ਇਨ੍ਹਾਂ ਨੇ, ਰੱਜ ਰੱਜ ਗਾਉ ਲੋਕੋ ।
ਪੰਜ ਪਾਣੀ ਤੇ ਪੰਜ ਬਾਣੀਆਂ ਹਿਰਦੇ ਵਿਚ ਵਸਾਈਏ ,
ਆ ਬੇਲੀਆ !
ਨਵੇਂ ਸਾਲ ਤੇ ਨਵੀਆਂ ………………………………..।
ਪੜ੍ਹੋ ਲਿਖੋ , ਪੰਜਾਬੀ ਬੋਲ ਕੇ , ਸਭਨਾ ਨੂੰ ਸਮਝਾਇਉ।
ਐਵੇਂ ਬੋਲੀਆਂ ਹੋਰ ਬੋਲ ਕੇ , ਧੋਖਾ ਨਾ ਖਾ ਜਾਇਉ ।
“ਸੁਹਲ” ਪੰਜਾਬੀ ਮਾਂ ਬੋਲੀ ਦੀ ਗ਼ੱਜ ਕੇ /ਤਹਿ ਬੁਲਾਈਏ,
ਆ ਬੇਲੀਆ !
ਨਵੇਂ ਸਾਲ ਤੇ , ਨਵੀਆਂ ਕਸਮਾ ਖਾਈਏ ।
ਮਾਂ ਪੰਜਾਬੀ,
ਬੋਲੀ ਵਾਲਾ ਰਿਸ਼ਤਾ ਭੁੱਲ ਨਾ ਜਾਈਏ ।