ਨਵੀਂ ਦਿੱਲੀ : – ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਪੰਜਾਬ ਪੁਲਿਸ ਵਲੋਂ ਕੀਤੀ ਗਈ ਗ੍ਰਿਫਤਾਰੀ ਪੁਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਪੰਜਾਬ ਪੁਲਿਸ ਵਲੋਂ ਕੀਤੀ ਗਈ ਗ੍ਰਿਫਤਾਰੀ ਨੇ ਪੰਜਾਬ ਦੀ ‘ਪੰਥਕ’ ਸਰਕਾਰ ਦਾ ਪੰਥ-ਵਿਰੋਧੀ ਚੇਹਰਾ ਨੰਗਾ ਕਰ ਦਿਤਾ ਹੈ। ਸ. ਸਰਨਾ ਨੇ ਇਸ ਸਬੰਧ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ ਸਿੱਖੀ-ਵਿਰੋਧੀ ਸਰਗਰਮੀਆਂ ਵਿੱਚ ਰੁਝੇ ਸੌਦਾ ਸਾਧ ਅਤੇ ਦੂਜੇ ਡੇਰੇਦਾਰਾਂ ਦੇ ਵਿਰੁਧ ਸਿੱਖਾਂ ਨੂੰ ਜਾਗਰੂਕ ਕਰ, ਉਨ੍ਹਾਂ ਦੇ ਪੰਜੇ ਵਿਚੋਂ ਆਜ਼ਾਦ ਕਰਾਉਣ ਦੀ ਸ਼ਾਂਤਮਈ ਮੁਹਿੰਮ ਛੇੜੀ ਹੋਈ ਹੈ। ਜਿਸ ਕਾਰਣ ਉਹ, ਸੌਦਾ ਸਾਧ ਅਤੇ ਦੂਜੇ ਸਿੱਖੀ-ਵਿਰੋਧੀ ਡੇਰੇਦਾਰਾਂ ਦੀ ਸਰਪ੍ਰਸਤੀ ਕਰ ਰਹੀ ਪੰਜਾਬ ਦੀ ‘ਪੰਥਕ’ ਸਰਕਾਰ ਦੀਆਂ ਨਜ਼ਰਾਂ ਵਿੱਚ ਰੜਕ ਰਹੇ ਹਨ। ਸ. ਸਰਨਾ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਪੰਜਾਬ ਪੁਲਿਸ ਵਲੋਂ ਉਨ੍ਹਾਂ ਦੀ ਗ੍ਰਿਫਤਾਰੀ ਸੌਦਾ-ਸਾਧ ਦੇ ਪੇਰੋਕਾਰਾਂ ਦੀ ਸ਼ਿਕਾਇਤ ’ਤੇ ਪੰਜਾਬ ਦੀ ਪੰਥਕ ਸਰਕਾਰ ਦੇ ਮੁੱਖੀਆਂ ਦੀ ਸਹਿਮਤੀ ਨਾਲ ਕੀਤੀ ਦਸੀ ਗਈ ਹੈ।
ਸ. ਸਰਨਾ ਨੇ ਕਿਹਾ ਕਿ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਗ੍ਰਿਫਤਾਰੀ ਨੇ ਸਾਬਤ ਕਰ ਦਿਤਾ ਹੈ ਕਿ ਪੰਜਾਬ ਵਿੱਚ ਸਿੱਖੀ ਨੂੰ ਢਾਹ ਲਾਣ ਦੇ ਉਦੇਸ਼ ਨਾਲ ਸਰਗਰਮ ਚਲੇ ਆ ਰਹੇ ਡੇਰੇਦਾਰਾਂ ਨੂੰ ਪੰਜਾਬ ਦੀ ਕਹਿੰਦੀ ਕਹਾਉਂਦੀ ‘ਪੰਥਕ’ ਸਰਕਾਰ ਦੀ ਸਰਪ੍ਰਸਤੀ ਅਤੇ ਸ਼ਹਿ ਪ੍ਰਾਪਤ ਹੈ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇ ਛੇਤੀ ਹੀ ਬਾਬਾ ਦਾਦੂਵਾਲ ਨੂੰ ਰਿਹਾ ਨਾ ਕੀਤਾ ਗਿਆ ਤਾਂ ਪੰਥਕ ਧਿਰਾਂ ਨੂੰ ‘ਪੰਥਕ’ ਸਰਕਾਰ ਦਾ ਸ਼ਾਂਤਮਈ ਵਿਰੋਧ ਕਰਨ ਲਈ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ ਅਤੇ ਇਸਤੋਂ ਨਿਕਲਣ ਵਾਲੇ ਨਤੀਜਿਆਂ ਲਈ ਉਹ ਆਪ ਜ਼ਿਮੇਂਦਾਰ ਹੋਵੇਗੀ।
ਸ. ਸਰਨਾ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੁਛਿਆ ਕਿ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਪੁਰ ਪਹਿਰਾ ਦੇਣ ਵਾਲੇ ਬਾਬਾ ਦਾਦੂਵਾਲ ਨੂੰ ਗ੍ਰਿਫਤਾਰ ਕਰ, ਉਨ੍ਹਾਂ ਵਲੋਂ ਡੇਰੇਦਾਰਾਂ ਹਥੋਂ ਸਿੱਖੀ ਨੂੰ ਬਚਾਣ ਦੇ ਕੀਤੇ ਜਾ ਰਹੇ ਜਤਨਾਂ ਵਿੱਚ ਰੁਕਾਵਟ ਪਾਣ ਵਾਲੀ ਅਖੌਤੀ ‘ਪੰਥਕ’ ਸਰਕਾਰ ਦੇ ਮੁੱਖੀਆਂ ਵਿਰੁਧ ਉਹ ਕੀ ਕਾਰਵਾਈ ਕਰਨ ਜਾ ਰਹੇ ਹਨ?