ਇਸਲਾਮਾਬਾਦ-ਪਾਕਿਸਤਾਨ ਦੇ ਪੁਲਿਸ ਅਧਿਕਾਰੀਆਂ ਅਨੁਸਾਰ ਇਸਲਾਮਾਬਾਦ ਦੀ ਕੋਹਮਾਰ ਮਾਰਕਿਟ ਵਿੱਚ ਗਵਰਨਰ ਦੇ ਆਪਣੇ ਹੀ ਸੁਰੱਖਿਆ ਗਾਰਡ ਨੇ ਉਸ ਸਮੇਂ ਗੋਲੀਆਂ ਚਲਾਈਆਂ ਜਦੋਂ ਉਹ ਆਪਣੀ ਗੱਡੀ ਵਿੱਚੋਂ ਉਤਰ ਰਹੇ ਸਨ। ਉਹ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਚਕੋਟੀ ਦੇ ਨੇਤਾ ਸਨ।
ਗਵਰਨਰ ਸਲਮਾਨ ਤਾਸੀਰ ਨੇ ਕੁਝ ਦਿਨ ਪਹਿਲਾਂ ਹੀ ਈਸ਼-ਨਿੰਦਾ ਦੇ ਅਰੋਪ ਵਿੱਚ ਮੌਤ ਦੀ ਸਜ਼ਾ ਕਟ ਰਹੀ ਇਸਾਈ ਮਹਿਲਾ ਆਸੀਆ ਬੀਬੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਜਲਦੀ ਹੀ ਉਸ ਦੀ ਮਾਫ਼ੀ ਲਈ ਰਾਸ਼ਟਰਪਤੀ ਨੂੰ ਬੇਨਤੀ ਕਰਨਗੇ। ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ।
ਸਲਮਾਨ ਤਾਸੀਰ ਦੀ ਛਾਤੀ ਵਿੱਚ ਕਈ ਗੋਲੀਆਂ ਮਾਰੀਆਂ ਗਈਆਂ ਅਤੇ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਉਨ੍ਹਾਂ ਨੂੰ ਫੌਰਨ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ। ਪਰ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸੀਨੇ ਤੇ 9 ਗੋਲੀਆਂ ਲਗੀਆਂ ਹਨ।
ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਮਲਿਕ ਦਾ ਕਹਿਣਾ ਹੈ ਕਿ ਅੰਗ-ਰੱਖਿਅਕ ਨੇ ਗਵਰਨਰ ਦਾ ਕਤਲ ਕਰਨ ਤੋਂ ਬਾਅਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਗਾਰਡ ਦਾ ਕਹਿਣਾ ਹੈ ਕਿ ਉਸ ਨੇ ਇਸ ਲਈ ਕਤਲ ਕੀਤਾ ਕਿ ਸਲਮਾਨ ਤਾਸੀਰ ਨੇ ਈਸ਼-ਨਿੰਦਾ ਕਨੂੰਨ ਨੂੰ ਕਾਲਾ ਕਨੂੰਨ ਕਿਹਾ ਸੀ। ਪੁਲਿਸ ਨੇ ਕੁਝ ਸ਼ਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸਲਮਾਨ ਤਾਸੀਰ ਪਾਕਿਸਤਾਨ ਦੀਆਂ ਰਾਜਨੀਤਕ ਹਸਤੀਆਂ ਵਿੱਚ ਇਕ ਖਾਸ ਸਥਾਨ ਰੱਖਦੇ ਸਨ।