ਫਿਰੋਜ਼ਪੁਰ - ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜੋਰ ਦੇ ਕੇ ਕਿਹਾ ਕਿ ਉਹ ਮਹਿੰਗਾਈ ਅਤੇ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰਿਆਂ ਦੇ ਮੁੱਦੇ ਨੂੰ ਲੈ ਕੇ ਯੂ ਪੀ ਏ ਚੇਅਰਪਰਸਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਦੇ ਘਰ ਅਗੇ ਧਰਨਾ ਮਾਰੇ ਅਸੀਂ ਉਸ ਦਾ ਸਾਥ ਦਿਆਂਗੇ।
ਅੱਜ ਇਥੇ ਜਿਲਾ ਫਿਰੋਜ਼ਪੁਰ ਦੀ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਯੂ ਪੀ ਏ ਸਰਕਾਰ ਹਰ ਫਰੰਟ ’ਤੇ ਫ਼ੇਲ੍ਹ ਹੋ ਚੁੱਕੀ ਹੈ। ਉਹਨਾਂ ਕੈਪਟਨ ਨੂੰ ਸਵਾਲ ਕੀਤਾ ਕਿ ਕੇਂਦਰ ਦੀ ਦਿਸ਼ਾਹੀਣ ਯੋਜਨਾਬੰਦੀ ਰਾਹੀਂ ਮਹਿੰਗਾਈ ਦੀ ਦਰ ਨੂੰ 14 ਤੋਂ 18.5 ਫੀਸਦੀ ’ਤੇ ਪਹੁੰਚਾ ਕੇ ਆਮ ਜਨਤਾ ਦਾ ਕਚੂਮਰ ਕੱਢ ਦੇਣ, 72 ਹਜ਼ਾਰ ਕਰੋੜ ਦੀ ਕੇਂਦਰੀ ਕਿਸਾਨ ਕਰਜ਼ਾ ਮੁਆਫ਼ੀ ਯੋਜਨਾ ਵਿਚੋਂ ਪੰਜਾਬ ਦੀ ਕਿਸਾਨੀ ਨੂੰ ਸਿਰਫ਼ 1 ਫੀਸਦੀ ਦੇਣ, ਪੰਜਾਬ ਦੀ ਸਨਅਤ ਨੂੰ ਪੂਰੀ ਤਰਾਂ ਤਬਾਹ ਕਰ ਦੇਣ ਲਈ ਕੇਂਦਰ ਵਲੋਂ ਗੁਆਂਢੀ ਰਾਜਾਂ ਨੂੰ ਦਿੱਤੀਆਂ ਜਾ ਰਹੀਆਂ ਸਨਅਤੀ ਰਿਆਇਤਾਂ ਨੂੰ ਜਾਰੀ ਰੱਖਣ ਦੇ ਕੀਤੇ ਗਏ ਐਲਾਨ ਅਤੇ ਪੰਜਾਬ ਪ੍ਰਤੀ ਕੇਦਰੀ ਕਰ ਅਤੇ ਗਰਾਂਟਾਂ ਦੀ ਵਿਤਕਰੇ ਭਰਪੂਰ ਵੰਡ ਪ੍ਰਣਾਲੀ ਦੇ ਖਿਲਾਫ ਪੰਜਾਬ ਕਾਂਗਰਸ ਪ੍ਰਧਾਨ ਹੁਣ ਧਰਨਾ ਕਿਉਂ ਨਹੀਂ ਦੇ ਰਿਹਾ, ਜਿਵੇਂ ਉਹਨਾਂ ਸਤੰਬਰ 2002 ਵਿਚ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਬਤੌਰ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦਿਖਾਉਣ ਲਈ ਪ੍ਰਧਾਨ ਮੰਤਰੀ ਦੇ ਘਰ ਸਾਹਮਣੇ ਸਮੁੱਚੀ ਮੰਤਰੀ ਮੰਡਲ ਅਤੇ ਵਿਧਾਇਕਾਂ ਨੂੰ ਨਾਲ ਲੈ ਕੇ ਧਰਨਾ ਮਾਰਿਆ ਸੀ।
ਰੈਲੀ ਸੰਬੰਧੀ ਪ੍ਰੋ.ਸਰਚਾਂਦ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਨੌਜਵਾਨਾਂ ਅੰਦਰ ਇੱਕ ਨਵੀਂ ਰੂਹ ਫੂਕਦਿਆਂ ਸ: ਮਜੀਠੀਆ ਨੇ ਕਾਂਗਰਸ ਦੀ ਸਖ਼ਤ ਨਿਖੇਧੀ ਕੀਤੀ ਤੇ ਕਿਹਾ ਕਿ ਕਾਂਗਰਸ ਨੇ 50 ਸਾਲ ਦੇ ਸ਼ਾਸਨ ਦੌਰਾਨ ਦੇਸ਼ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਤੇ ਭ੍ਰਿਸ਼ਟਾਚਾਰ ਦੋਵੇਂ ਸਕੀਆਂ ਭੈਣਾਂ ਹਨ ਤੇ ਪਿਛਲਾ ਸਾਲ ਤਾਂ ਕਾਂਗਰਸ ਨੇ ਭ੍ਰਿਸ਼ਟਾਚਾਰ ਤੇ ਘੋਟਾਲਿਆਂ ਨੂੰ ਸਮਰਪਿਤ ਕੀਤੀ ਰਖਿਆ ਤੇ ਨਵਾਂ ਸਾਲ ਅਤਿ ਦੀ ਮਹਿੰਗਾਈ ਦੇ ਹਵਾਲੇ ਕਰ ਦਿਤਾ ਹੈ। ਉਹਨਾਂ ਕਿਹਾ ਕਿ ਸੋਨੀਆ ਗਾਂਧੀ ਨਹੀਂ ਚਾਹੁੰਦੀ ਕਿ 2 ਜੀ ਸਪੈਕਟਰਮ ਘੋਟਾਲਾ, ਆਦਰਸ਼ ਸੁਸਾਇਟੀ ਘੋਟਾਲਾ ਅਤੇ ਕਾਮਨ ਵਲਥ ਘੋਟਾਲਿਆਂ ਦੀ ਸਚਾਈ ਲੋਕਾਂ ਸਾਹਮਣੇ ਆਵੇ ਇਸੇ ਲਈ ਉਹ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਨੂੰ ਟਾਲ ਰਹੀ ਹੈ।
ਉਹਨਾਂ ਕਿਹਾ ਕਿ ਬੀਤੇ ਦਿਨੀਂ ਇਨਕਮ ਟੈਕਸ ਨਿਆਂ ਅਥਾਰਟੀ ਵਲੋਂ ਸ੍ਰੀ ਰਾਜੀਵ ਗਾਂਧੀ ਦੀ ਸ਼ਮੂਲੀਅਤ ਵਾਲੀ ਬੋਫਰਜ਼ ਕਾਂਡ ਵਿਚ ਕਵਾਰਤਰੋਚੀ ਅਤੇ ਵਿਨ ਚੱਢਾ ਨੂੰ 41 ਕਰੋੜ ਦੀ ਦਿੱਤੀ ਗਈ ਦਲਾਲੀ ਦਾ ਸੱਚ ਸਾਹਮਣੇ ਲੈ ਆਉਣ ਨਾਲ ਕਾਂਗਰਸ ਦਾ ਅਸਲੀ ਭ੍ਰਿਸ਼ਟ ਚੇਹਰਾ ਇਕ ਵਾਰ ਫਿਰ ਬੇ ਨਕਾਬ ਹੋ ਗਿਆ ਹੈ
ਸ: ਮਜੀਠੀਆ ਨੇ 1975 ਦੀ ਐਮਰਜੈਂਸੀ ਵਿਰੁਧ ਸੁਪਰੀਮ ਕੋਰਟ ਵਲੋਂ ਕੀਤੀ ਗਈ ਟਿੱਪਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੋਕਤੰਤਰੀ ਕਦਰਾਂ ਕੀਮਤਾਂ ਦੀ ਉਕਤ ਘਾਣ ਲਈ ਕਾਂਗਰਸ ਅਤੇ ਪ੍ਰਧਾਨ ਮੰਤਰੀ ਨੂੰ ਸੰਸਦ ਵਿਚ ਮਤਾ ਲਿਆ ਕੇ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਤਾਂ ਕਿ ਭਵਿਖ ਦੌਰਾਨ ਕੋਈ ਵੀ ਹਕੂਮਤ ਲੋਕਤੰਤਰ ਨਾਲ ਖਿਲਵਾੜ ਕਰਨ ਦੀ ਹਿੰਮਤ ਨਾ ਕਰ ਸਕੇ।
ਪੰਜਾਬ ਨਾਲ ਕੀਤੇ ਜਾ ਰਹੇ ਕੇਂਦਰੀ ਵਿਤਕਰਿਆਂ ਦੀ ਸਖ਼ਤ ਸ਼ਬਦਾਂ ਨਾਲ ਅਲੋਚਨਾ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਦੀ ਰਾਜਾਂ ਪ੍ਰਤੀ ਕਰ ਅਤੇ ਗਰਾਂਟਾਂ ਦੀ ਵੰਡ ਪ੍ਰਣਾਲੀ ਦੋਸ਼ ਪੂਰਨ ਹੈ। ਉਹਨਾਂ ਇਸ ਨੂੰ ਮੁੜ ਤੋਂ ਸੋਧਣ ਦੀ ਮੰਗ ਕਰਦਿਆਂ ਦੱਸਿਆ ਕਿ 2001 ਵਿਚ 30 ਰਾਜਾਂ ਦਾ ਕਰਜਾ 4.9 ਲੱਖ ਕਰੋੜ ਸੀ ਜੋ ਕਿ 2009 ਵਿਚ ਵੱਧ ਕੇ 14.5 ਲੱਖ ਕਰੋੜ ਨੂੰ ਪਹੁੰਚ ਗਿਆ । ਉਹਨਾਂ ਕਿਹਾ ਕਿ ਮੌਜੂਦਾ ਹਲਾਤਾਂ ਵਿਚ ਕੇਂਦਰ ਪੰਜਾਬ ਤੋਂ ਵੱਧ ਕਮਾਈ ਕਰਨ ਦੇ ਬਾਵਜੂਦ ਕੁਲ ਕੇਂਦਰੀ ਟੈਕਸ ਵਿਚੋਂ ਪੰਜਾਬ ਨੂੰ 1. 29 % ਹੀ ਦੇ ਰਿਹਾ ਹੈ, ਜਦੋ ਕਿ ਯੂ ਪੀ ਨੂੰ ਟੈਕਸ ਵਿਚੋਂ 21 .7 % ਅਤੇ ਬਿਹਾਰ ਨੂੰ 12.4 % ਮਿਲ ਰਿਹਾ , ਇਸੇ ਤਰਾਂ ਕੇਂਦਰੀ ਗਰਾਂਟ ਵਿਚੋਂ ਯੂ ਪੀ ਅਤੇ ਮਹਾਰਾਸ਼ਟਰ ਹਰ ਇਕ ਨੂੰ 9%, ਅੰਧਰਾ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਨੂੰ 7.7 %, ਅਸਾਮ , ਬਿਹਾਰ ਅਤੇ ਮਧਪ੍ਰਦੇਸ਼ ਨੂੰ 6.6% ਮਿਲ ਰਿਹਾ ਜਦ ਕਿ ਪੰਜਾਬ ਨੂੰ ਸਿਰਫ 1.19 ਫੀਸਦੀ ਦਾ ਨਿਗੁਣਾ ਹਿੱਸਾ ਹੀ ਮਿਲਦਾ ਹੈ।
ਉਹਨਾਂ ਕਿਹਾ ਕਿ ਕੇਂਦਰੀ ਟੈਕਸਾਂ ਅਤੇ ਗਰਾਂਟਾਂ ਵਿਚੋਂ ਮਿਲਦੇ ਨਿਗੂਣੇ ਹਿੱਸੇ ਦੇ ਬਾਵਜੂਦ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀਆਂ ਕੋਸ਼ਿਸ਼ਾਂ ਨਾਲ ਪੰਜਾਬ ਠੋਸ ਯੋਜਨਾਬੰਦੀ ਸਦਕਾ ਵਿਕਾਸ ਦੀਆਂ ਸਿਖਰਾਂ ਨੂੰ ਛੂਹ ਰਿਹਾ ਹੈ। ਉਹਨਾਂ ਕਿਹਾ ਕਿ ਰਾਜ ਵਿਚ ਵਿਸ਼ਾਲ ਪਧਰ ’ਤੇ ਪੂੰਜੀ ਨਿਵੇਸ਼ ਹੋ ਰਿਹਾ ਹੇ। ਉਹਨਾਂ ਕਿਹਾ ਕਿ 19 ਹਜਾਰ ਕਰੋੜ ਦੀ ਲਾਗਤ ਵਾਲੀ ਬਠਿੰਡਾ ਰਿਫੈਨਰੀ ਦੀ ਵੱਡੀ ਪ੍ਰਾਪਤੀ ਕਰਨ ਦੇ ਨਾਲ ਨਾਲ ਸਰਕਾਰ ਵਲੋਂ ਰਾਜ ਨੂੰ ਸਨਅਤੀ ਵਿਕਾਸ ਲਈ ਲੋੜੀਂਦਾ ਬੁਨਿਆਦੀ ਢਾਂਚਾ ਕਾਇਮ ਕਰਨਾ, ਬਿਜਲੀ ਪੱਖੋਂ ਆਤਮ ਨਿਰਭਰ ਕਰਨ ਲਈ 36 ਹਜ਼ਾਰ ਕਰੋੜ ਦੇ 4 ਥਰਮਲ ਪਲਾਂਟ, ਅੰਤਰਰਾਸ਼ਟਰੀ ਹਵਾਈ ਅੱਡੇ, 4 ਤੋਂ 6 ਮਾਰਗੀ ਸੜਕਾਂ ਦਾ ਨਿਰਮਾਣ , ਐਲੀਵੇਟਡ ਰੋਡ ਆਦਿ ਦੀ ਜੰਗੀ ਪੱਧਰ ’ਤੇ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਕੈਪਟਨ ਦੀਆਂ ਗਿੱਦੜ ਭਬਕੀਆਂ ਦੀ ਪਰਵਾਹ ਕੀਤੇ ਬਿਨਾਂ ਸਰਕਾਰ ਰਾਜ ਦੇ ਆਰਥਿਕ ਤੇ ਸਰਵਪਖੀ ਵਿਕਾਸ ਨੂੰ ਸਮਰਪਿਤ ਰਹੇਗੀ ਤੇ ਸਾਲ 2011 ਅਕਾਲੀ ਭਾਜਪਾ ਸਰਕਾਰ ਦਾ ਵਿਕਾਸ ਦਾ ਵਰ੍ਹਾ ਹੋਵੇਗਾ। ਉਹਨਾਂ ਕਿਸਾਨਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀ ਫਰੀ ਬਿਜਲੀ ਤੇ ਗਰੀਬਾਂ ਲਈ ਆਟਾ ਦਾਲ ਸਕੀਮਾਂ ਦੀਆਂ ਸਬਸਿਡੀਆਂ ਦੀ ਵਕਾਲਤ ਕਰਦਿਆਂ ਕਿਹਾ ਕਿ ਜਨ ਕਲਿਆਣ ਲੋਕਤੰਤਰ ਲਈ ਜਰੂਰੀ ਹੈ। ਚੰਗਾ ਰਾਜਨੀਤਿਕ , ਸਮਾਜਿਕ ਅਤੇ ਆਰਥਿਕ ਵਿਵਸਥਾ ਤੇ ਵਾਤਾਵਰਨ ਹੀ ਲੋਕਤੰਤਰ ਲਈ ਲਾਭਦਾਇਕ ਸਿੱਧ ਹੋ ਸਕਦਾ ।
ਉਹਨਾਂ ਇਹ ਵੀ ਦੱਸਿਆ ਕਿ ਰਾਜ ਸਰਕਾਰ ਵਲੋਂ ਸਿਖਿਆ, ਸਿਹਤ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਬਣਾਉਣ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ 70 ਹਜ਼ਾਰ ਤੋਂ ਵੱਧ ਅਧਿਆਪਕ, ਸਿਪਾਹੀ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਵਿਚ ਭਰਤੀਆਂ ਕੀਤੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਉਹ ਫਿਰੋਜ਼ਪੁਰ ਜਿਲੇ ਨੂੰ ਵਿਕਾਸ ਦੀਆਂ ਬੁਲਦੀਆਂ ’ਤੇ ਲੈ ਜਾਣ ਲਈ ਕੋਈ ਕਰ ਨਹੀਂ ਛੱਡਣ ਗੇ। ਮਜੀਠੀਆ ਨੇ ਕਿਹਾ ਕਿ ਸਰਹੱਦੀ ਲੋਕਾਂ ਨੇ ਹਮੇਸਾ ਹੀ ਦੇਸ਼ ਲਈ ਮੋਹਰੀ ਹੋ ਕੇ ਕੁਰਬਾਨੀਆਂ ਦਿੱਤੀਆਂ ਪਰ ਕਾਂਗਰਸ ਨੇ ਕਦੇ ਵੀ ਇਨਾਂ ਦੀ ਸਾਰ ਨਹੀਂ ਲਈ ਉਨ੍ਹਾਂ ਨੇ ਸਰਹੱਦ ਪਾਰ ਵਾਲੀ ਜਮੀਨ ਦੇਕਿਸਾਨਾਂ ਨੂੰ ਪ੍ਰਤੀ ਏਕੜ 10 ਹਜ਼ਾਰ ਰੁਪਏ ਮੂਆਵਜ਼ਾ ਦੇਣ ਦੀ ਮੰਗ ਕੀਤੀ।
ਉਹਨਾਂ ਯੂਥ ਅਕਾਲੀ ਦਲ ਦੇ ਸਮਾਜਿਕ ਏਜੰਡੇ ਦੀ ਗਲ ਕਰਦਿਆਂ ਕਿਹਾ ਕਿ ਯੂਥ ਨੂੰ ਸਮਾਮਿਜਕ ਬੁਰਾਈਆਂ ਵਿਰੁੱਧ ਅਗੇ ਆਉਣ ਦਾ ਸਦਾ ਦਿੱਤਾ । ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਹੁਣ ਦਾਜ, ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦਿਆਂ ਨੌਜਵਾਨ ਵਰਗ ਨੂੰ ਖੇਡਾਂ, ਖ਼ੂਨ ਦਾਨ ਤੇ ਮੈਡੀਕਲ ਕੈਂਪ ਲਾਉਣ, ਹਰ ਵਰਕਰ ਇੱਕ ਰੁੱਖ ਲਾਉਣ, 5 ਲੋੜਵੰਦ ਬਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਲ ਵਿਸ਼ੇਸ਼ ਤਵੱਜੋ ਦੇਵੇਗਾ। ਇਸ ਮੌਕੇ ਯੂਥ ਅਕਾਲੀ ਦਲ ਦੇ ਨੌਜਵਾਨ ਵਰਕਰਾਂ ਨੂੰ ਪਿੰਡ ਪਿੰਡ ਅਤੇ ਵਾਰਡ ਪੱਧਰ ਤੇ ਆਪਣੀਆਂ ਇਕਾਈਆਂ ਕਾਇਮ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਹਦਾਇਤ ਦਿੱਤੀ। ਅੱਜ ਮਜੀਠੀਆ ਦੀ ਆਮਦ ਮੌਕੇ ਉਹਨਾਂ ਦੇ ਸ਼ਾਨਦਾਰ ਸਵਾਗਤ ਲਈ ਸੜਕਾਂ ’ਤੇ ਪੰਜ ਕਿੱਲੋ ਮੀਟਰ ਤੱਕ ਗੱਡੀਆਂ ਦਾ ਕਾਫਲਾ ਢੋਲ ਧਮਕੇ ਨਾਲ ਸ਼ਾਮਿਲ ਸੀ।
ਅੱਜ ਦੀ ਇਤਿਹਾਸਕ ਰੈਲੀ ਦੌਰਾਨ ਜ਼ਿਲ੍ਹੇ ਭਰ ਤੋਂ ਆਏ ਹਜ਼ਾਰਾਂ ਯੂਥ ਅਕਾਲੀ ਦਲ ਦੇ ਵਰਕਰਾਂ ਦਾ ਉਤਸ਼ਾਹ ਤੇ ਜੋਸ਼ ਦੇਖਿਆਂ ਹੀ ਬਣਦਾ ਸੀ।