ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ):-ਕਾਂਗਰਸ ਜਮਾਤ ਤਾਂ 1947 ਤੋਂ ਬਾਅਦ ਸਿੱਖਾਂ ਦੀ ਇੱਕ ਨੰਬਰ ਦੁਸ਼ਮਣ ਸਾਬਤ ਹੋਈ ਹੈ ਪਰ ਬਾਦਲਕਿਆਂ ਨੇ ਆਰ.ਐਸ.ਐਸ , ਬੀ.ਜੇ.ਪੀ ਵਰਗੀਆਂ ਪਾਰਟੀਆਂ ਦੀ ਕੰਨ੍ਹੇੜੀ ਚੜ੍ਹਕੇ ਸਿੱਖ ਕੌਮ ਦਾ ਬੇਹੱਦ ਨੁਕਸਾਨ ਕੀਤਾ ਹੈ ਜੋ ਕਿ ਸਿੱਖ ਕੌਮ ਲਈ ਅਸਹਿ ਹੈ, ਜਿਹੜਾ ਕਿ ਇਤਿਹਾਸ ਦੇ ਕਾਲੇ ਪੰਨਿਆਂ ਤੇ ਉਕਰਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰਅਕਾਲੀ ਦਲ (ਅੰਮ੍ਰਿਤਸਰ) ਦੇ ਨੌਜਵਾਨ ਕੌਮੀ ਜਨਰਲ ਸਕੱਤਰ ,ੇ ਕਿਸਾਨ ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਤੇ ਪ੍ਰਭਾਵਸ਼ਾਲੀ ਬੁਲਾਰੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਭਾਈ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਆਸ਼ੂਤੋਸ਼ ਨੂਰਮਹਿਲੀਏ , ਭਨਿਆਰੇ , ਨਿਰੰਕਾਰੀ, ਸੌਦਾ ਸਾਧ ਬਾਦਲ ਦੇ ਰਾਜ ਵਿੱਚ ਹੀ ਪੈਦਾ ਹੋਏ ਜਿਨ੍ਹਾਂ ਨੇ ਸਿੱਖ ਸਿਧਾਤਾਂ ਦੇ ਖਿਲਾਫ ਹਮੇਸ਼ਾ ਪ੍ਰਚਾਰ ਕੀਤਾ ਇਨ੍ਹਾਂ ਨੂੰ ਬਾਦਲ ਸਰਕਾਰਾਂ ਨੇ ਸੁਰੱਖਿਆ ਛੱਤਰੀ ਮੁਹੱਈਆ ਕਰਵਾਈ ਤੇ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਤੇ ਇਨ੍ਹਾਂ ਪੰਥ ਵਿਰੋਧੀਆਂ ਦੇ ਪਹਿਰੇ ਲਾ-ਲਾ ਸਤਿਸੰਗ ਕਰਵਾਏ ਪਰ ਜਿਨ੍ਹਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਵਰਗੀਆਂ ਪੰਥਕ ਸਖਸ਼ੀਅਤਾਂ ਨੇ ਸਿੱਖੀ ਦਾ ਨਿਰੋਲ ਪ੍ਰਚਾਰ ਕਰਨ ਲਈ ਮਾਨਸਾ ਦੇ ਭੀਖੀ ਵਿਖੇ ਦੀਵਾਨ ਸਜਾਏ ਉਨ੍ਹਾਂ ਨੂੰ ਬਾਦਲ ਸਰਕਾਰ ਦੀ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਤੇ ਦੀਵਾਨਾਂ ਵਿੱਚ ਵਿਘਨ ਪਾਇਆ। ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸੌਦਾ ਸਾਧ ਦੇ ਪ੍ਰੇਮੀਆਂ ਦੀਆਂ ਚੰਦ ਵੋਟਾਂ ਖਾਤਰ ਜੋ ਬਾਦਲ ਸਰਕਾਰ ਨੇ ਸਿੱਖਾਂ ਨਾਲ ਜ਼ਿਆਦਤੀਆਂ ਕੀਤੀਆਂ ਹਨ ਉਨ੍ਹਾਂ ਦਾ ਸਿੱਖ ਕੌਮ ਆਉਣਵਾਲੇ ਸਮੇਂ ਵਿੱਚ ਇਨ੍ਹਾਂ ਤੋਂ ਜਰੂਰ ਹਿਸਾਬ ਲਏਗੀ । ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਤੀਜਾ ਬਦਲ ਚਾਹੁੰਦੇ ਹਨ ਤੇ ਪੰਜਾਬ ਦੀ ਧਾਰਮਿਕ ਤੇ ਸਿਆਸੀ ਫਿਜ਼ਾ ਬਦਲਣ ਲਈ ਪੁਰੀ ਤਿਆਰੀ ਕਰੀਂ ਬੈਠੇ ਹਨ ਅਤੇ ਪਿਛਲੇ ਸਮੇਂ ਦੌਰਾਨ ਪਾਰਟੀ ਦੀਆਂ ਜਗਰਾਓਂ ਤੇ ਤਰਨਤਾਰਨ ਦੀਆਂ ਵਿਸ਼ਾਲ ਇਕੱਠਾਂ ਵਾਲੀਆਂ ਰੈਲੀਆਂ ਨੇ ਇਹ ਵੀ ਚਿੱਟੇ ਦਿਨ ਵਾਂਗ ਸਾਫ ਕਰ ਦਿੱਤਾ ਕਿ ਹੁਣ ਅਜ਼ਾਦੀ ਦੀ ਮੰਜ਼ਿਲ ਵੀ ਸਿੱਖ ਕੌਮ ਲਈ ਕੋਈ ਬਹੁਤੀ ਦੂਰ ਨਹੀਂ, ਜਿਸ ਦਿਨ ਸਿੱਖਾਂ ਦਾ ਆਪਣਾ ਘਰ ਹੋਵੇਗਾ ਜਿਸ ਵਿੱਚ ਸਿੱਖ ਅਜ਼ਾਦੀ ਦਾ ਨਿੱਘ ਮਾਣ ਸਕਣਗੇ ਤੇ ਸਾਰੀਆਂ ਕੌਮਾਂ ਤੇ ਧਰਮਾਂ ਦੇ ਲੋਕ ਬਰਾਬਰਤਾ ਨਾਲ ਰਹਿ ਸਕਣਗੇ। ਭਾਈ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਬਾਦਲ ਸਰਕਾਰ ਤਾਂ ਹਰ ਮੁਹਾਜ਼ ਤੇ ਬੁਰੀ ਤਰ੍ਹਾਂ ਹੀ ਫੇਲ੍ਹ ਸਾਬਤ ਹੋਈ ਤੇ ਇਸ ਸਰਕਾਰ ਨੇ ਕਿਸਾਨਾਂ ਦੀ ਮੰਡੀਆਂ ਵਿੱਚ ਉਹ ਦੁਰਦਸ਼ਾ ਕੀਤੀ ਕਿ ਪੰਜਾਬ ਦੇ ਕਿਸਾਨ ਆਪਣੀ ਫਸਲ ਵੇਚਣ ਗਏ ਹੀ ਕਈ-ਕਈ ਦਿਨ ਦਾਣਾਂ ਮੰਡੀਆਂ ਵਿੱਚ ਰੁਲਦੇ ਰਹੇ ਤੇ ਕਿਸਾਨਾਂ ਨੂੰ ਦਾਣਾ ਮੰਡੀਆਂ ਵਿੱਚ ਮੰਜੀਆਂ ਵੀ ਨਾਲ ਲਿਜਾਣੀਆਂ ਪਈਆਂ। ਪਾਰਟੀ ਦੇ ਭਵਿੱਖ ਦੇ ਪ੍ਰੋਗਰਾਮਾਂ ਸਬੰਧੀ ਪੁੱਛੇ ਜਾਣ ਤੇ ਭਾਈ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਪਾਰਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੌਕੇ ਵਿਸ਼ਾਲ ਕਾਨਫਰੰਸ ਕਰੇਗੀ, ਫਿਰ ਤਖਤੂਪੁਰੇ ਕਾਨਫਰੰਸ ਹੋਵੇਗੀ ਅਤੇ 12 ਫਰਵਰੀ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਨ ਪਾਰਟੀ ਵੱਡੇ ਪੱਧਰ ਤੇ ਮਨਾਏਗੀ। ਭਾਈ ਕਾਹਨ ਸਿੰਘ ਵਾਲਾ ਨੇ ਪਾਰਟੀ ਵੱਲੋਂ ਉਨ੍ਹਾਂ ਨੂੰ ਕਿਸਾਨ ਵਿੰਗ ਦੇ ਪ੍ਰਧਾਂਨ ਵਜੋਂ ਇੱਕ ਵੱਡੀ ਜ਼ਿੰਮੇਵਾਰੀ ਸੌਂਪਣ ਲਈ ਪਾਰਟੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਉਹ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਤੇ ਪਾਰਟੀ ਦੇ ਕਿਸਾਨ ਵਿੰਗ ਨੂੰ ਹੋਰ ਵਧੇਰੇ ਮਜਬੂਤ ਕਰਨ ਲਈ ਆਪਣੇ ਵੱਲੋਂ ਸਿਰ ਤੋੜ ਯਤਨ ਕਰਨਗੇ।