ਫਤਹਿਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ) – ਰਾਸ਼ਟਰ ਪੱਧਰ ਦੀਆਂ ਖੇਡਾਂ ਵੱਖ ਵੱਖ ਧਰਮ,ਭਾਸ਼ਾਵਾਂ ਅਤੇ ਸੱਭਿਆਚਾਰ ਨਾਲ ਸਬੰਧਤ ਖਿਡਾਰੀ ਜਦੋਂ ਖੇਡ ਮੈਦਾਨ ਵਿੱਚ ਖੇਡ ਭਾਵਨਾ ਨਾਲ ਨਿੰਤਰਦੇ ਹਨ ਤਾਂ ਰਾਸ਼ਟਰੀ ਏਕਤਾ ਅਤੇ ਆਖੰਡਤਾ ਹੋਰ ਮਜਬੂਤ ਹੁੰਦੀ ਹੈ ਕਿਉਂਕਿ ਖੇਡਾਂ ਖਿਡਾਰੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਕੇ ਖਿਡਾਰੀਆਂ ਦੀ ਸ਼ਖਸ਼ੀਅਤ ਨੂੰ ਨਿਖਾਰਣ ਵਿੱਚ ਅਹਿਮ ਯੋਗਦਾਨ ਪਾਉਦੀਆਂ ਹਨ । ਇਹ ਪ੍ਰਗਟਾਵਾ ਡਾਇਰੈਟਰ ਖੇਡ ਵਿਭਾਗ ਪੰਜਾਬ ਪਦਮਸ੍ਰੀ ਸ੍ਰ: ਪ੍ਰਗਟ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਚੱਲ ਰਹੇ ਤੀਜੇ ਰਾਸ਼ਟਰ ਪੱਧਰ ਦੇ ਪੇਂਡੂ ਟੂਰਨਾਮੈਂਟ (ਲੜਕੇ ਅਤੇ ਲੜਕੀਆਂ, ਅੰਡਰ-16) ਦੇ ਆਖਰੀ ਦਿਨ ਜੇਤੂ ਟੀਮਾਂ ਨੂੰ ਇਨਾਮ ਵੰਡਣ ਤੋਂ ਪਹਿਲਾ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਆਖਿਆ ਕਿ ਕਿ ਪਾਈਕਾ ਸਕੀਮ ਅਧੀਨ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਜੋ ਪਿੰਡਾਂ ਵਿੱਚ ਛੁਪੀ ਖੇਡ ਪ੍ਰਿਤਭਾ ਨੂੰ ਉਜਾਗਰ ਕਰਨ ਵਾਸਤੇ ਵੱਡੀ ਪੱਧਰ ਤੇ ਉਪਰਾਲਾ ਕੀਤਾ ਜਾ ਰਿਹਾ ਹੈ। ਉਸ ਦੇ ਆਉਣ ਵਾਲੇ ਦਿਨਾਂ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ । ਉਨ੍ਹਾਂ ਆਖਿਆ ਕਿ ਇਸ ਸਕੀਮ ਅਧੀਨ 10 ਸਾਲਾਂ ਵਿੱਚ ਹਰੇਕ ਪਿੰਡ ਨੂੰ ਖੇਡਾਂ ਦਾ ਬੁਨਿਆਦੀ ਢਾਂਚਾ ਉਸਾਰਨ ਲਈ ਇੱਕ ਲੱਖ ਰੁਪਏ ਤੋਂ ਇਲਾਵਾਂ 10 ਹਜਾਰ ਰੁਪਏ ਖੇਡਾਂ ਦਾ ਸਮਾਨ ਖਰੀਦਣ ਅਤੇ 10 ਹਜਾਰ ਰੁਪਏ ਗਰਾਊਡ ਦੀ ਮੁਰੰਮਤ ਲਈ ਦਿੱਤੇ ਜਾਣਗੇ । ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਸਾਲ ਖੇਡ ਵਿਭਾਗ ਵੱਲੋਂ 14 ਸਟੇਡੀਅਮ ਉਸਾਰੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ 8 ਸਟੇਡੀਅਮ ਬਹੁਮੰਤਵੀ ਅਤੇ 6 ਹਾਕੀ ਸਟੇਡੀਅਮ ਅੰਤਰ ਰਾਸ਼ਟਰੀ ਮਿਆਰ ਦੇ ਉਸਾਰੇ ਜਾਣਗੇ । ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਤਾਂ ਜੋ ਪੰਜਾਬ ਮੁੜ ਤੋਂ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਵਾਲਾ ਸੂਬਾ ਬਣ ਸਕੇ । ਇਸ ਸਮਾਗਮ ਨੂੰ ਡਿਪਟੀ ਡਾਇਰੈਕਟਰ ਖੇਡ ਵਿਭਾਗ ਸ੍ਰੀ ਸੋਹਣ ਲਾਲ ਲੋਟੇ ਨੇ ਕੜਕਦੀ ਠੰਡ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਖਿਡਾਰੀਆਂ ਦੇ ਰਹਿਣ ਲਈ ਕੀਤੇ ਗਏ ਸੁਚੱਜੇ ਪ੍ਰਬੰਧਾਂ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਨ੍ਹਾਂ ਰਾਸ਼ਟਰੀ ਖੇਡਾਂ ਦੇ ਸੁਚੱਜੇ ਆਯੋਜਨ ਵਿੱਚ ਐਸ.ਡੀ.ਐਮ ਸ੍ਰ: ਗੁਰਪਾਲ ਸਿੰਘ ਚਾਹਲ, ਨੋਡਲ ਅਫਸਰ ਸ੍ਰ:ਸੁਰਜੀਤ ਸਿੰਘ ਸੰਧੂ ਅਤੇ ਜਿਲ੍ਹੇ ਖੇਡ ਅਫਸਰ ਸ੍ਰੀਮਤੀ ਉਤਮ ਕੌਰ ਦਾ ਵਿਸ਼ੇਸ ਯੋਗਦਾਨ ਰਿਹਾ । ਇਸ ਸਮਾਗਮ ਵਿੱਚ ਪਾਇਕਾ ਦੇ ਪ੍ਰੋਜੈਕਟ ਡਾਇਰੈਕਟਰ ਸ੍ਰ: ਧੱਜਾ ਸਿੰਘ, ਐਨ.ਆਈ.ਐਸ. ਦੇ ਪ੍ਰਤੀਨਿੱਧ ਸ੍ਰੀ ਪ੍ਰੇਮ ਸਰਮਾਂ, ਸ੍ਰੀਮਤੀ ਵਰਵਿੰਦਰਪ੍ਰਤੀ ਕੌਰ, ਵਿਸ਼ੇਸ ਤੌਰ ਤੇ ਸਾਮਲ ਹੋਏ । ਇਥੇ ਵਰਣਨਯੋਗ ਹੈ ਕਿ ਆਂਦਰਾਪ੍ਰਦੇਸ਼ ਦੀ ਟੀਮ ਵੱਲੋਂ ਖੇਡਣ ਵਾਲੇ ਬਾਕਸਰ ਸ੍ਰ: ਭਾਗ ਇੰਦਰ ਸਿੰਘ ਨੂੰ ਪੂਰਨ ਸਿੱਖੀ ਸਰੂਪ ਕਾਇਮ ਰੱਖਣ ਲਈ ਐਸ.ਜੀ.ਪੀ. ਵੱਲੋਂ 51 ਹਜਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਤ ਕੀਤਾ ਗਿਆ । ਇਸ ਤੋਂ ਪਹਿਲਾ ਸਾਨਦਾਰ ਮਾਰਚ ਪਾਸਟ ਦੀ ਅਗਵਾਈ ਪੰਜਾਬ ਦੇ ਬਾਕਸਰ ਗੋਲਡ ਮੈਡਲਿਸਟ ਸ੍ਰੀ ਜਤਿੰਦਰ ਸਿੰਘ ਨੇ ਕੀਤੀ ।
ਟੂਰਨਾਮੈਂਟ ਦੇ ਆਖਰੀ ਦਿਨ ਮੇਜਬਾਨ ਪੰਜਾਬ ਨੇ ਲੜਕਿਆਂ ਦੇ ਬਾਕਸਿੰਗ ਦੇ ਫਾਈਨਲ ਮੁਕਾਬਲਿਆਂ ਵਿਚ ਵੱਧੀਆ ਮੁੱਕੇਬਾਜੀ ਦਾ ਪ੍ਰਦਰਸਨ ਕਰਦੇ ਹੋਏ 46 ਅੰਕ ਲੈ ਕੇ ਓਵਰਆਲ ਟ੍ਰਾਫੀ ਜਿੱਤ ਲਈ, ਹਰਿਆਣਾ ਦਾ ਦੂਸਰਾ ਸਥਾਨ ਰਿਹਾ ਜਿਸਨੇ 37 ਅੰਕ ਪ੍ਰਾਪਤ ਕੀਤੇ ਜਦੋਂ ਕਿ ਆਂਧਰਾ ਪ੍ਰਦੇਸ ਨੇ 26 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ ਸੈਮੀ ਫਾਈਨਲ ਲੜਕਿਆਂ ਦੇ ਮੁਕਾਬਲੇ ਵਿਚ ਮੱਧ ਪ੍ਰਦੇਸ ਨੇ ਮੇਘਾਲਿਆ ਨੂੰ 3-1 ਦੇ ਅੰਕਾਂ ਦੇ ਫਰਕ ਨਾਲ ਹਰਾਇਆ, ਤਾਮਿਨਲਾਡੂ ਨੇ ਤ੍ਰਿਪੂਰਾ ਨੂੰ ਹਰਾਇਆ। ਟੇਬਲ ਟੈਨਿਸ ਸੈਮੀ ਫਾਈਨਲ ਲੜਕੀਆਂ ਦੇ ਮੁਕਾਬਲੇ ਵਿਚ ਮੱਧ ਪ੍ਰਦੇਸ ਨੇ ਗੋਆ ਨੂੰ 3-0 ਦੇ ਫਰਕ ਨਾਲ ਹਰਾਇਆ, ਤਮਿਲਨਾਡੂ ਨੇ ਤ੍ਰਿਪੂਰਾ ਨੂੰ 3-0 ਦੇ ਫਰਕ ਨਾਲ ਹਰਾਇਆ। ਟੇਬਲ ਟੈਨਿਸ ਦੇ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿਚ ਤਾਮਿਲਨਾਡੂ ਨੇ ਮੱਧ ਪ੍ਰਦੇਸ ਨੂੰ 3-0 ਅੰਕਾਂ ਦੇ ਫਰਕ ਨਾਲ ਹਰਾ ਕੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਅਤੇ ਮੱਧ ਪ੍ਰਦੇਸ ਦੂਜੇ ਅਤੇ ਤ੍ਰਿਪੂਰਾ ਤੀਜੇ ਸਥਾਨ ’ਤੇ ਰਿਹਾ। ਟੇਬਲ ਟੈਨਿਸ ਦੇ ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿਚ ਤਾਮਿਲਨਾਡੂ ਨੇ ਮੱਧ ਪ੍ਰਦੇਸ ਨੂੰ 3-0 ਅੰਕਾਂ ਦੇ ਫਰਕ ਨਾਲ ਹਰਾ ਕੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਅਤੇ ਮੱਧਿਆ ਪ੍ਰਦੇਸ ਦੂਜੇ ਅਤੇ ਤ੍ਰਿਪੂਰਾ ਤੀਸਰੇ ਸਥਾਨ ਤੇ ਰਿਹਾ।
ਇਸ ਮੌਕੇ ਹੋਏ ਲੜਕਿਆਂ ਦੇ ਬਾਕਸਿੰਗ ਦੇ ਫਾਈਨਲ ਮੁਕਾਬਲਿਆਂ ਵਿਚ 48 ਕਿਲੋਗ੍ਰਾਮ ਵਰਗ ਵਿਚ ਪੰਜਾਬ ਦੇ ਇੰਦਰਜੀਤ ਸਿੰਘ ਨੇ ਹਰਿਆਣਾ ਦੇ ਅੰਕਿਤ ਨੂੰ ਅੰਕਾਂ ਦੇ ਅਧਾਰ ਤੇ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ, 52 ਕਿਲੋਗ੍ਰਾਮ ਵਰਗ ਵਿਚ ਪੰਜਾਬ ਦੇ ਨਵਜੋਤ ਨੇ ਹਿਮਾਚਲ ਪ੍ਰਦੇਸ ਦੇ ਅਮਨ ਨੂੰ ਅੰਕਾਂ ਦੇ ਅਧਾਰ ਤੇ ਹਰਾ ਕੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ, 57 ਕਿਲੋਗ੍ਰਾਮ ਵਰਗ ਵਿਚ ਪੰਜਾਬ ਦੇ ਸੀਵਨ ਨੇ ਆਧਰਾਂ ਪ੍ਰਦੇਸ ਦੇ ਕਆਮੁਦੀਨ ਨੂੰ ਅੰਕਾਂ ਦੇ ਫਰਕ ਨਾਲ ਹਰਾ ਕੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ, 63 ਕਿਲੋਗ੍ਰਾਮ ਵਰਗ ਵਿਚ ਹਰਿਆਣਾ ਦੇ ਸੂਰਜ ਨੇ ਪੰਜਾਬ ਦੇ ਨਵੀਨ ਨੂੰ ਅੰਕਾਂ ਦੇ ਫਰਕ ਨਾਲ ਹਰਾ ੇਕ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਅਤੇ ਪੰਜਾਬ ਦੂਸਰੇ ਸਥਾਨ ’ਤੇ ਰਿਹਾ, 70 ਕਿਲੋਗ੍ਰਾਮ ਵਰਗ ਵਿਚ ਉਤਰਾਖੰਡ ਦੇ ਸਤੀਸ ਨੇ ਪੰਜਾਬ ਦੇ ਸੰਦੀਪ ਨੂੰ ਅੰਕਾਂ ਦੇ ਅਧਾਰ ’ਤੇ ਹਰਾ ਕੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ, 80 ਕਿਲੋਗ੍ਰਾਮ ਵਰਗ ਵਿਚ ਪੰਜਾਬ ਦੇ ਗੁਰਵਿੰਦਰ ਨੇ ਆਂਧਰਾ ਪ੍ਰਦੇਸ ਦੇ ਵਿਸਾਲ ਨੂੰ ਅੰਕਾ ਦੇ ਅਧਾਰ ’ਤੇ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ।