ਇਸਲਾਮਾਬਾਦ-ਪਾਕਿਸਤਾਨ ਵਿੱਚ ਅਮਰੀਕੀ ਰਾਜਦੂਤ ਕੈਮਰਨ ਮੁੰਟਰ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਪਾਕਿਸਤਾਨ ਦੇ ਪਤਸ਼ਾਸਨਿਕ ਅਤੇ ਆਰਥਿਕ ਮਾਮਲਿਆਂ ਵਿੱਚ ਦਖਲ ਦੇਣ ਦਾ ਅਧਿਕਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਸੱਭ ਤੋਂ ਜਿਆਦਾ ਮਦਦ ਅਮਰੀਕਾ ਤੋਂ ਹੀ ਮਿਲਦੀ ਹੈ।
ਅਮਰੀਕੀ ਰਾਜਦੂਤ ਮੁੰਟਰ ਨੇ ਇੱਕ ਸਮਾਗਮ ਦੌਰਾਨ ਕਿਹਾ ਕਿ ਅਮਰੀਕਾ ਪਾਕਿਸਤਾਨ ਦੇ ਮਾਣ-ਸਮਾਨ ਅਤੇ ਪ੍ਰਤਿਸ਼ਠਾ ਦਾ ਪੂਰਾ ਖਿਆਲ ਰੱਖਦਾ ਹੈ। ਉਹ ਪਾਕਿਸਤਾਨ ਸਰਕਾਰ ਵਲੋਂ ਪੈਟਰੌਲੀਅਮ ਉਤਪਾਦਨ ਦੀਆਂ ਕੀਮਤਾਂ ਵਾਪਿਸ ਲੈਣ ਦੇ ਫੈਸਲੇ ਤੇ ਹਿਲਰੀ ਕਲਿੰਟਨ ਵਲੋਂ ਕੀਤੀ ਗਈ ਪ੍ਰਤੀਕਿਰਿਆ ਦੇ ਸਬੰਧ ਵਿੱਚ ਗੱਲਬਾਤ ਕਰ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਹਿਲਰੀ ਦੀ ਪ੍ਰਤੀਕਿਰਿਆ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਥੇ ਇਹ ਵਰਨਣਯੋਗ ਹੈ ਕਿ ਹਿਲਰੀ ਨੇ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਨੂੰ “ਇਕ ਗਲਤੀ” ਦਸਿਆ ਸੀ।