ਲੁਧਿਆਣਾ:- ਪੰਜਾਬ ਫੇਰੀ ਤੇ ਆਏ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਸਭਿਆਚਾਰਕ ਸੱਥ ਪੰਜਾਬ ਵੱਲੋਂ ਕੀਤੇ ਸਨਮਾਨ ਉਪਰੰਤ ਬੋਲਦਿਆਂ ਕਿਹਾ ਹੈ ਕਿ ਕੈਨੇਡਾ ਵਸਦੇ ਪੰਜਾਬੀਆਂ ਵਿੱਚ ਇਥੇ ਵਸਦੇ ਪੰਜਾਬੀਆਂ ਨਾਲੋਂ ਸਾਹਿਤ ਅਤੇ ਸਭਿਆਚਾਰ ਪ੍ਰਤੀ ਵਧੇਰੇ ਖਿਚ ਹੈ ਅਤੇ ਇਸੇ ਕਰਕੇ ਇਸ ਸਾਲ ਕੈਨੇਡਾ ਦੀ ਜੰਮੀ ਜਾਈ ਮੁਟਿਆਰ ਅਰਸ਼ਦੀਪ ਕੌਰ ਗੋਸਲ ਮਿਸ ਵਰਲਡ ਪੰਜਾਬਣ ਬਣੀ ਹੈ ਅਤੇ ਦੋ ਸਾਲ ਪਹਿਲਾਂ ਟੋਰਾਂਟੋ ਦੀ ਹੀ ਗੁਰਪ੍ਰੀਤ ਖਹਿਰਾ ਨੂੰ ਦੂਜਾ ਸਥਾਨ ਮਿਲਿਆ ਸੀ। ਉਨ੍ਹਾਂ ਆਖਿਆ ਕਿ ਵੈਨਕੂਵਰ ਵਿੱਚ ਹਰ ਸਾਲ ਪੰਜਾਬੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਉਣ ਵਾਲੇ ਚੇਤਨਾ ਪ੍ਰਕਾਸ਼ਨ ਦੇ ਮਾਲਕ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ ਕਿ ਉਥੇ ਪੁਸਤਕਾਂ ਖਰੀਦਣ ਵਾਲਿਆਂ ਦੀ ਗਿਣਤੀ ਇਥੋਂ ਨਾਲੋਂ ਕਿਤ ਵੱਧ ਹੈ। ਉਨ੍ਹਾਂ ਆਖਿਆ ਕਿ ਸਭਿਆਚਾਰਕ ਸੱਥ ਪੰਜਾਬ ਨੇ ਨੌਜਵਾਨ ਲੜਕੀਆਂ ਵਿੱਚ ਵਿਰਸੇ ਪ੍ਰਤੀ ਜਾਗਰਤੀ ਦਾ ਜੋ ਬੀੜਾ ਚੁੱਕਿਆ ਹੈ ਉਸ ਨੂੰ ਵਿਦੇਸ਼ਾਂ ਵਿਚ ਵਧੇਰੇ ਪ੍ਰਵਾਨਗੀ ਹਾਸਿਲ ਹੋ ਰਹੀ ਹੈ। ਉਨ੍ਹਾਂ ਇਥੇ ਵਸਦੀਆਂ ਪੰਜਾਬੀ ਭੈਣਾਂ ਨੂੰ ਵੀ ਸੁਚੇਤ ਹੋਣ ਲਈ ਕਿਹਾ । ਸੁਖ ਧਾਲੀਵਾਲ ਨੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਦੇ ਨਿਵਾਸ ਤੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਰਸੇ ਵਿੱਚ ਮਾਣ ਮੱਤੀਆਂ ਨਿਸ਼ਾਨੀਆਂ ਵਿੱਚ ਅਣਖ ਸਵੈਮਾਣ ਇਕ ਦੂਸਰੇ ਦੇ ਕੰਮ ਆਉਣ ਦੀ ਭਾਵਨਾ ਹੌਲੀ ਹੌਲੀ ਖੁਰਦੀ ਜਾ ਰਹੀ ਹੈ ਅਤੇ ਗੱਭਰੂਆਂ ਵਿੱਚ ਵੀ ਇਹ ਚੇਤਨਾ ਜਗਾਉਣ ਦੀ ਲੋੜ ਹੈ ਤਾਂ ਜੋ ਉਹ ਆਪਣੇ ਪੰਜਾਬ ਦੀ ਸਹੀ ਸ਼ਾਨ ਸਲਾਮਤ ਰੱਖ ਸਕਣ। ਉਨ੍ਹਾਂ ਆਖਿਆ ਕਿ ਨਸ਼ਾਖੋਰੀ ਅਤੇ ਹਥਿਆਰਾਂ ਦੀ ਮਹਿਮਾ ਵਾਲੇ ਗੀਤ ਸਾਡੀ ਜਵਾਨੀ ਨੂੰ ਕੁਰਾਹੇ ਪਾ ਰਹੇ ਹਨ। ਇਸ ਲਈ ਸਭਿਆਚਾਰਕ ਸੱਥ ਪੰਜਾਬ ਨੂੰ ਵਿਸ਼ੇਸ਼ ਮੁਹਿੰਮ ਤੋਰਨੀ ਚਾਹੀਦੀ ਹੈ।
ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਗੁਰਭਜਨ ਗਿੱਲ ਨੇ ਆਖਿਆ ਕਿ ਸੁਖ ਧਾਲੀਵਾਲ ਕੈਨੇਡਾ ਵਿੱਚ ਪੰਜਾਬੀਆਂ ਦੀ ਲੜਾਈ ਸਹੀ ਦਿਸ਼ਾ ਵਿੱਚ ਅੱਗੇ ਤੋਰਨ ਵਾਲਾ ਗੱਭਰੂ ਹੈ ਜਿਸ ਨੇ ਇਸ ਧਰਤੀ ਦੀ ਪੀੜਾ ਨੂੰ ਪਛਾਣਿਆ ਹੈ।ਇਸ ਮੌਕੇ ਮਿਸ ਵਰਲਡ ਪੰਜਾਬਣ ਬਣੀ ਮੁਟਿਆਰ ਅਰਸ਼ਦੀਪ ਕੌਰ ਨੂੰ ਵੀ ਗੁਰਭਜਨ ਗਿੱਲ ਦੇ ਪਰਿਵਾਰ ਵੱਲੋਂ ਸਨਮਾਨਿਤ ਕੀਤਾ ਗਿਆ।