ਫਤਿਹਗੜ੍ਹ ਸਾਹਿਬ :- “ਮੁਤੱਸਵੀ ਜਮਾਤ ਆਰ ਐਸ ਐਸ ਦੇ ਸਵਾਮੀ ਅਸੀਮਾਨੰਦ ਵੱਲੋਂ ਮੈਜਿਸਟ੍ਰੇਟ ਸਾਹਮਣੇ ਲਿਖਤੀ ਰੂਪ ਵਿੱਚ ਹਲਫੀਆ ਬਿਆਨ ਦਰਜ ਕਰਵਾ ਕੇ ਇਹ ਪ੍ਰਵਾਨ ਕਰਨਾ ਕਿ ਸਮਝੌਤਾ ਐਕਸਪ੍ਰੈਸ, ਮਾਲੇਗਾਓ, ਹੈਦਰਾਬਾਦ ਦੇ ਮੱਕਾ ਮਸਜਿਦ, ਅਜਮੇਰ ਸਰੀਫ਼ ਅਤੇ ਨਾਂਦੇੜ ਆਦਿ ਵਿਖੇ ਕੀਤੇ ਗਏ ਬੰਬ ਵਿਸਫੋਟ ਹਿੰਦੂ ਦਹਿਸ਼ਤਗਰਦਾਂ ਨੇ ਕੀਤੇ ਹਨ, ਉਪਰੰਤ ਇਹ ਸਾਬਿਤ ਹੋ ਗਿਆ ਹੈ ਕਿ ਹਿੰਦੂ ਦਹਿਸ਼ਤਗਰਦਾਂ ਦੀ ਸਰਪ੍ਰਸਤੀ ਸ਼੍ਰੀ ਅਡਵਾਨੀ ਵਰਗੇ ਬੀਜੇਪੀ ਅਤੇ ਆਰ ਐਸ ਐਸ ਦੇ ਸ਼੍ਰੀ ਮੋਹਨ ਭਗਵਤ ਵਰਗੇ ਕਰ ਰਹੇ ਹਨ ਜੋ ਭਗਵੇ ਅੱਤਵਾਦ ਦੇ ਸਰਗਨੇ ਹਨ। ਇਸ ਲਈ ਹਿੰਦ ਹਕੂਮਤ ਨੂੰ ਦਹਿਸ਼ਤਗਰਦੀ ਖਤਮ ਕਰਨ ਦੀ ਗੱਲ ਕਰਨ ਤੋਂ ਪਹਿਲੇ ਇਸ ਦਹਿਸ਼ਤਗਰਦੀ ਨੂੰ ਜਨਮ ਦੇਣ ਵਾਲੀ ਮਾਂ ਨੂੰ ਦਬੋਚਣਾ ਪਵੇਗਾ।”
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ ਦੀ ਸੈਟਰਲ ਲੀਡਰਸਿਪ ਵੱਲੋ ਇਹ ਕਹਿ ਕੇ ਕਿ ਹਿੰਦੂਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਦੀ ਕੀਤੀ ਜਾ ਰਹੀ ਬਿਆਨਬਾਜ਼ੀ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇੱਕ ਬਿਆਨ ਵਿੱਚ ਜ਼ਾਹਿਰ ਕੀਤੇ। ਉਨ੍ਹਾ ਕਿਹਾ ਕਿ ਇਸ ਅਤਿ ਸੰਜੀਦਾ ਮੁੱਖ ਮੁੱਦੇ “ਹਿੰਦੂ ਦਹਿਸ਼ਤਗਰਦੀ” ਵਿਰੁੱਧ ਮੁਲਕ ਵਿੱਚ ਉੱਠੀ ਆਵਾਜ਼ ਦੀ ਦਿਸ਼ਾ ਅਤੇ ਪ੍ਰਭਾਵ ਨੂੰ ਬਦਲਣ ਲਈ ਬੀਜੇਪੀ ਨੇ ਹੋਰ ਮੁੱਦਿਆਂ ਉੱਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਜਦੋ ਕਿ ਇੱਥੋ ਦੇ ਨਿਵਾਸੀਆਂ ਦੇ ਅਮਨ ਚੈਨ ਅਤੇ ਕਾਨੂੰਨੀ ਵਿਵਸਥਾ ਨੂੰ ਡਾਵਾਂਡੌਲ ਕਰਨ ਵਿੱਚ ਹਿੰਦੂ ਦਹਿਸ਼ਤਗਰਦੀ ਵਾਲਾ ਮੁੱਦਾ ਮੁੱਖ ਹੈ। ਉਨ੍ਹਾ ਕਿਹਾ ਕਿ ਬੇਸ਼ੱਕ ਰਿਸ਼ਵਤਖੋਰੀ ਅਤੇ ਘਪਲਿਆ ਦੇ ਮੁੱਦਿਆਂ ਦੇ ਵੀ ਅਸੀਂ ਉਨ੍ਹੇ ਹੀ ਵਿਰੁੱਧ ਹਾਂ ਜਿੰਨੀ ਦਹਿਸ਼ਤਗਰਦੀ ਵਾਲੇ ਮੁੱਦੇ ਦੇ। ਪਰ ਸਭ ਤੋ ਪਹਿਲੇ ਦਹਿਸ਼ਤਗਰਦੀ ਨੂੰ ਖਤਮ ਕਰਕੇ ਇੱਥੇ ਅਮਨ ਚੈਨ ਅਤੇ ਇਨਸਾਫ ਵਾਲਾ ਪ੍ਰਬੰਧ ਕਾਇਮ ਹੋਣਾ ਜ਼ਰੂਰੀ ਹੈ। ਸਮਾਜ ਵਿੱਚ ਰਿਸ਼ਵਤਖੋਰੀ, ਮਿਲਾਵਟਖੋਰੀ, ਜਖੀਰੇਬਾਜ਼ੀ ਆਦਿ ਬੁਰਾਈਆਂ ਨੂੰ ਖਤਮ ਕਰਨ ਲਈ ਵੀ ਸਾਨੂੰ ਵੱਖਰੇ ਤਰੀਕੇ ਲੜਣਾ ਪਵੇਗਾ। ਉਨ੍ਹਾ ਕਿਹਾ ਕਿ ਸਵਾਮੀ ਅਸੀਮਾਨੰਦ ਵੱਲੋ ਸੁਨੀਲ ਜ਼ੋਸ਼ੀ, ਇੰਦਰੇਸ਼ ਕੁਮਾਰ, ਸੰਦੀਪ ਡਾਂਗੇ, ਰਾਮ ਚੰਦਰ ਕਲਸਾਂਗਰਾ, ਪ੍ਰਗਿਆ ਠਾਕੁਰ ਸਿੰਘ, ਸਵਾਮੀ ਦਯਾਨੰਦ ਪਾਂਡੇ ਅਤੇ ਕਰਨਲ ਪੁਰੋਹਿਤ ਵਰਗੇ ਆਰ ਐਸ ਐਸ, ਅਭਿਨਵ ਭਾਰਤ ਅਤੇ ਹੋਰ ਮੁਤੱਸਵੀ ਸੰਗਠਨਾਂ ਦੇ ਮੈਬਰਾਂ ਦੇ ਨਾਮ ਸਾਹਮਣੇ ਆਉਣ ਤੋਂ ਕੋਈ ਲੁੱਕੀ ਛਿਪੀ ਗੱਲ ਨਹੀਂ ਰਹਿ ਗਈ ਕਿ ਇਹ ਵਿਸਫੋਟ “ਭਗਵੇ ਅੱਤਵਾਦ” ਆਦਿ ਦੀਆਂ ਕੜੀਆਂ ਸਨ। ਉਨ੍ਹਾ ਕਿਹਾ ਕਿ 2008 ਵਿੱਚ ਇਨ੍ਹਾ ਮੁਤੱਸਵੀ ਸੰਗਠਨਾਂ ਨੇ ਯੋਜਨਾਬੱਧ ਢੰਗ ਰਾਹੀਂ ਕਰਨਾਟਕਾ, ਕੇਰਲਾ, ਉੜੀਸਾ, ਮੰਗਲੋਰ ਆਦਿ ਦੱਖਣੀ ਸੂਬਿਆਂ ਦੇ ਇਸਾਈਆਂ ਦੇ ਚਰਚਾਂ, ਨਨਜਾਂ ਉੱਤੇ ਹਮਲੇ ਕੀਤੇ ਅਤੇ ਉਨ੍ਹਾ ਨਾਲ ਬਲਾਤਕਾਰ ਕੀਤੇ। ਇਸੇ ਤਰ੍ਹਾ ਸ਼੍ਰੀ ਵਾਜਪਾਈ ਜਦੋਂ ਵਜ਼ੀਰ ਏ ਆਜਿਮ ਸਨ ਅਤੇ ਸ਼੍ਰੀ ਐਲ ਕੇ ਅਡਵਾਨੀ ਡਿਪਟੀ ਵਜ਼ੀਰ ਏ ਆਜਿਮ ਸਨ ਤਾਂ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਮੁਸਲਿਮ ਕੌਮ ਦਾ ਕਤਲੇਆਮ ਕੀਤਾ। ਅਮਰੀਕੀ ਸਦਰ ਸ਼੍ਰੀ ਕਲਿੰਟਨ ਦੇ ਦੋਰੇ ਸਮੇ 2000 ਵਿੱਚ ਚਿੱਠੀਸਿੰਘਪੁਰਾ (ਕਸ਼ਮੀਰ) ਵਿਖੇ 43 ਬੇਗੁਨਾਹ ਸਿੱਖਾਂ ਨੂੰ ਕਤਲ ਕਰਨ ਵਾਲੇ ਵੀ ਹਿੰਦੂ ਦਹਿਸ਼ਤਗਰਦ ਸਨ, ਜਿਸਦਾ ਸ਼੍ਰੀ ਕਲਿੰਟਨ ਨੇ ਵੀ ਇੰਕਸਾਫ਼ ਕੀਤਾ ਹੈ। 1984 ਵਿੱਚ ਹੋਏ ਬਲਿਊ ਸਟਾਰ ਦੇ ਫੌਜੀ ਹਮਲੇ ਸਬੰਧੀ ਸ਼੍ਰੀ ਅਡਵਾਨੀ ਨੇ ਆਪਣੇ ਵੱਲੋ ਲਿਖੀ ਕਿਤਾਬ ਮੇਰਾ ਜੀਵਨ ਮੇਰਾ ਦੇਸ਼ ਵਿੱਚ ਮੰਨਿਆ ਹੈ ਕਿ ਇਹ ਹਮਲਾ ਅਸੀਂ ਕਰਵਾਇਆ। 2007 ਵਿੱਚ ਸਿੰਗਾਰ ਸਿਨੇਮਾ ਲੁਧਿਆਣਾ ਵਿਖੇ ਹੋਏ ਬੰਬ ਵਿਸਫੌਟ ਜਿਸ ਵਿੱਚ ਮੁਸਲਿਮ ਭਰਾ ਮਾਰੇ ਗਏ ਸਨ, ਇਹ ਸਭ ਹਿੰਦੂ ਦਹਿਸ਼ਤਗਰਦੀ ਦੇ ਕਾਰਨਾਮੇ ਹਨ।
ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਅਮਰੀਕਾ ਨੇ ਇਰਾਕ, ਅਫਗਾਨਿਸਤਾਨ, ਪਾਕਿਸਤਾਨ ਆਦਿ ਕਬਾਇਲੀ ਇਲਾਕਿਆਂ ਵਿੱਚ ਦਹਿਸ਼ਤਗਰਦੀ ਨੂੰ ਖਤਮ ਕਰਨ ਲਈ ਡਰੋਨ ਹਮਲੇ ਕੀਤੇ। ਉਸੇ ਤਰ੍ਹਾ ਦੱਖਣੀ ਏਸ਼ੀਆ ਦੇ ਮੁਲਕਾਂ ਵਿੱਚ ਪਣਪ ਰਹੀ ਦਹਿਸ਼ਤਗਰਦੀ ਉਦੋ ਤੱਕ ਖਤਮ ਨਹੀਂ ਹੋ ਸਕਦੀ ਜਦੋਂ ਤੱਕ “ਨਾਗਪੁਰ” (ਹਿੰਦੋਸਤਾਨ) ਵਿਖੇ ਹਿੰਦੂ ਦਹਿਸ਼ਤਗਰਦਾਂ ਦੇ ਸੈਟਰ ਨੂੰ ਤਬਾਹ ਨਹੀਂ ਕੀਤਾ ਜਾਂਦਾ।