ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਅੱਜ ਲੋਹੜੀ ਦੇ ਤਿਉਹਾਰ ਮੌਕੇ ਵੱਖ-ਵੱਖ ਥਾਵਾਂ ਤੇ ਹੋਏ ਸਮਾਗਮਾਂ ਵਿੱਚ ਵਿਗਿਆਨੀਆਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਸਾਂਝੇ ਤੌਰ ਤੇ ਇਸ ਗੱਲ ਦਾ ਪ੍ਰਣ ਕੀਤਾ ਕਿ ਉਹ ਪੁੱਤਰਾਂ ਦੇ ਨਾਲ ਨਾਲ ਧੀਆਂ ਦੀ ਲੋਹੜੀ ਮਨਾਉਣ ਲਈ ਵੀ ਲੋਕ ਚੇਤਨਾ ਲਹਿਰ ਚਲਾਉਣਗੇ ਤਾਂ ਜੋ ਭਰੂਣ ਹੱਤਿਆ ਵਰਗੀ ਕੁਰੀਤੀ ਨੂੰ ਪੰਜਾਬ ਵਿਚੋਂ ਖਤਮ ਕੀਤਾ ਜਾ ਸਕੇ। ਯੂਨੀਵਰਸਿਟੀ ਦੇ ਅਧਿਆਪਕਾਂ ਦੀ ਸੰਸਥਾ ਫੈਕਲਟੀ ਕਲੱਬ ਵਿਖੇ ਵੀ ਲੋਹੜੀ ਦਾ ਤਿਉਹਾਰ ਇਸੇ ਭਾਵਨਾ ਅਧੀਨ ਮਨਾਇਆ ਗਿਆ ਜਦ ਕਿ ਅੱਜ ਯੂਨੀਵਰਸਿਟੀ ਦੇ ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਵੱਲੋਂ ਖੋਜ ਏਰੀਏ ਵਿੱਚ ਅਗਨ ਦੇਵਤਾ ਦੀ ਗਵਾਹੀ ਸਾਹਮਣੇ ਰੱਖਦਿਆਂ ਸਾਰੇ ਕਰਮਚਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਭਰੂਣ ਹੱਤਿਆ ਦੀ ਕੁਰੀਤੀ ਆਪਣੇ ਸਮਾਜਿਕ ਚੌਗਿਰਦੇ ਵਿਚੋਂ ਖਤਮ ਕਰਨ ਲਈ ਤਾਣ ਲਾ ਦੇਣਗੇ। ਵਿਭਾਗ ਦੇ ਮੁਖੀ ਡਾ: ਕੁਸ਼ਲ ਸਿੰਘ ਤੋਂ ਇਲਾਵਾ ਇਸ ਮੌਕੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਧਿਆਪਕ ਗੁਰਭਜਨ ਗਿੱਲ ਨੇ ਵੀ ਲੋਹੜੀ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਵਰਤਮਾਨ ਤੀਕ ਆਈਆਂ ਤਬਦੀਲੀਆਂ ਬਾਰੇ ਦੱਸਿਆ । ਉਨ੍ਹਾਂ ਆਖਿਆ ਕਿ ਪੁੱਤਰ ਮਿਠੜੇ ਮੇਵੇ ਦੀ ਥਾਂ ਹੁਣ ਸਾਨੂੰ ਬੱਚੇ ਮਿਠੜੇ ਮੇਵੇ ਦਾ ਨਾਅਰਾ ਬੁ¦ਦ ਕਰਨਾ ਚਾਹੀਦਾ ਹੈ। ਇਸ ਮੌਕੇ ਡਾ: ਪ੍ਰੇਮਜੀਤ ਸਿੰਘ ਨੇ ਵਾਤਾਵਰਨ ਦੀ ਸ਼ੁੱਧਤਾ ਅਤੇ ਜਲ ਸੋਮਿਆਂ ਦੀ ਸੰਭਾਲ ਬਾਰੇ ਕਵਿਤਾਵਾਂ ਪੇਸ਼ ਕੀਤੀਆਂ। ਵਿਭਾਗ ਵਿੱਚ ਨਵ ਨਿਯੁਕਤ ਅਧਿਆਪਕਾਂ ਡਾ: ਮਧੂ ਬਾਲਾ ਦੀ ਅਗਵਾਈ ਵਿੱਚ ਸਾਰੇ ਅਧਿਆਪਕਾਂ, ਕਾਮਿਆਂ ਅਤੇ ਵਿਦਿਆਰਥੀਆਂ ਨੇ ਬਾਹਾਂ ਖੜੀਆਂ ਕਰਕੇ ਭਰੂਣ ਹੱਤਿਆ ਦੇ ਖਿਲਾਫ ਸਰਗਰਮ ਹੋਣ ਦਾ ਪ੍ਰਣ ਕੀਤਾ। ਇਸ ਮੌਕੇ ਡਾ: ਰਣਜੀਤ ਸਿੰਘ, ਡਾ: ਪਰਮਿੰਦਰ ਸਿੰਘ, ਕਰਮਜੀਤ ਸਿੰਘ ਨਾਰੰਗਵਾਲ ਨੇ ਵੀ ਲੋਹੜੀ ਬਾਰੇ ਸੰਬੋਧਨ ਕੀਤਾ ਜਦ ਕਿ ਡਾ: ਏ ਕੇ ਦੂਬੇ ਨੇ ਧੰਨਵਾਦ ਦੇ ਸ਼ਬਦ ਕਹੇ।
ਇਸੇ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਖੇਤੀ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਵੱਲੋਂ ਖੋਜ ਏਰੀਏ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਵਿਭਾਗ ਦੇ ਮੁਖੀ ਡਾ: ਜਸਕਰਨ ਸਿੰਘ ਮਾਹਲ ਨੇ ‘‘ਈਸ਼ਰ ਆ, ਦਲਿੱਦਰ ਜਾਹ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ’’ ਦੇ ਮਨੋਰਥ ਰਾਹੀਂ ਕਰਮਚਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਲੋਹੜੀ ਨਵੇਂ ਉਤਸ਼ਾਹ ਦਾ ਸੁਨੇਹਾ ਦਿੰਦੀ ਹੈ। ਇਸ ਲਈ ਪ੍ਰਕਿਰਤੀ ਦੇ ਸੁਨੇਹੇ ਨੂੰ ਸਮਝਦੇ ਹੋਏ ਸਾਨੂੰ ਪਹਿਲਾਂ ਨਾਲੋਂ ਵਧੇਰੇ ਸ਼ਕਤੀ ਨਾਲ ਕਰਮਸ਼ੀਲ ਹੋਣਾ ਚਾਹੀਦਾ ਹੈ।