ਦੀਪ ਜਗਦੀਪ ਸਿੰਘ, ਦਿੱਲੀ,
ਹਰ ਰੋਜ਼ ਮੇਰੀ ਅੱਖ ਸਵੇਰੇ ਇਕ ਆਵਾਜ਼ ਨਾਲ ਖੁੱਲਦੀ ਹੈ, ਆਲੂ ਲੈ ਲੋ, ਗੋਭੀ ਲੈ ਲੋ, ਬਤਾਊਂ ਲੈ ਲੋ ਓ ਓ ਓ..। ਹਰ ਰੋਜ਼ ਇਸ ਗੱਲ ਲਈ ਅਸੀ ਆਪਣੀ ਬੇਬੇ ਨੂੰ ਬੁਰਾ ਭਲਾ ਕਹਿੰਦੇ ਹਾਂ ਕਿਉਂ ਕਿ ਉਹ ਗਲੀ ਵਿਚ ਸਬਜ਼ੀ ਵੇਚਣ ਆਉਣ ਵਾਲੇ ਨੂੰ ਘਰ ਦੇ ਦਰਵਾਜ਼ੇ ਮੂਹਰੇ ਖੜਾ ਲੈਂਦੀ ਹੈ।ਸਬਜ਼ੀ ਵਾਲਾ ਆਪਣੇ ‘ਸੁਰੀਲੇ’ ਖ਼ਰਵੇ ਗਲੇ ਵਿਚੋਂ ਇਹੀ ਗੀਤ ਇਕੋ ਤਰਜ਼ ਵਿਚ ਰੋਜ਼ ਗਾਉਂਦਾ ਹੈ। ਜੇ ਕਿਤੇ ਹਿਮੇਸ਼ ਰੇਸ਼ਮੀਆਂ ਸਾਹਬ ਵੀ ਇਸ ਨੂੰ ਸੁਣ ਲੈਣ ਤਾਂ ਚੱਕਰ ਖਾ ਕੇ ਡਿਗ ਪੈਣ। ਖ਼ੈਰ ਛੱਡੋ, ਮੈਂ ਆਪਣੀ ਅਸਲੀ ਗੱਲ ਉੱਤੇ ਆਉਂਦਾ। ਇਹ ਘਟਨਾ ਇਸੇ ਸੋਮਵਾਰ ਦੀ ਹੈ। ਰੋਜ਼ ਸੁਣੀ ਜਾਣ ਵਾਲੀ ਆਵਾਜ਼ ਵਿਚ ਅੱਜ ਵੱਖਰਾ ਸੁਰ ਸੀ। ਧੋਨੀ ਲੈ ਲੋ, ਸਚਿਨ ਲੈ ਲੋ, ਭੱਜੀ ਲੈ ਲੋ, ਸਬਜ਼ੀ ਲੈ ਲੋ…ਭਾਈ.. ਜਲਦੀ ਲੈ ਲੋ ਭਾਈ…ਵੀ. ਆਈ. ਪੀ. ਸਬਜ਼ੀ ਲੈ ਲੋ ਭਾਈ…। ਉਸ ਦੇ ਰੋਜ਼ਾਨਾ ਵਾਲੇ ਗੀਤ ਦੇ ਆਦੀ ਹੋ ਚੁੱਕੇ ਸਾਡੇ ਕੰਨਾਂ ਨੂੰ ਚਾਰ ਸੌ ਚਾਲ੍ਹੀ ਵੋਲਟ ਦਾ ਝਟਕਾ ਲੱਗਿਆ। ਮੈਂ ਆਪਣੇ ਪਜਾਮੇਂ ਦੇ ਪੋਹਚਿਆਂ ਨੂੰ ਹੱਥ ਵਿਚ ਫੜੀ ਧੜੰਮ ਕਰ ਕੇ ਪੌੜੀਆਂ ਤੋਂ ਹੇਠਾਂ ਉਤਰ ਕੇ ਸਿੱਧਾ ਘਰ ਦੇ ਦਰਵਾਜੇ ਉੱਤੇ ਆ ਪਹੁੰਚਿਆ। ਹਾਲੇ ਸਬਜ਼ੀ ਵਾਲੇ ‘ਗਵੱਈਏ’ ਨੇ ਆਪਣਾ ਮੂੰਹ ਨਵਾਂ ਗੀਤ ਦੋਬਾਰਾ ਗਾਉਣ ਲਈ ਖੋਲ੍ਹਿਆ ਹੀ ਸੀ ਕਿ ਮੈਂ ਆਪਣੇ ਹੱਥ ਦਾ ਫਾਟਕ ਲਾ ਕੇ ਉਸ ਦਾ ਮੂੰਹ ਬੰਦ ਕਰ ਦਿੱਤਾ। ਉਸ ਨੂੰ ਘੂਰਦੇ ਹੋਏ ਮੈਂ ਪੁੱਛਿਆ, “ਕੀ ਰੌਲਾ ਪਾਇਆ ਏ, ਸਵੇਰੇ ਸਵੇਰੇ…ਧੋਨੀ ਲੈ ਲੋ, ਸਚਿਨ ਲੈ ਲੋ… ਓਏ ਦੇਸ਼ ਦੀਆਂ ਸਨਮਾਨਿਤ ਧੂੰਆਂਧਾਰ ਸ਼ਖ਼ਸੀਅਤਾਂ ਨੂੰ ਸਬਜ਼ੀ ਵਾਂਗ ਕਿਉਂ ਵੇਚ ਰਿਹਾ ਏਂ…।” ਉਹ ਖਿਝਦਿਆਂ ਬੋਲਿਆ, “ਸਰਦਾਰ ਜੀ, ਲਗਦਾ ਤੁਸੀ ਖਬਰੀਆ ਚੈਨਲ ਨਹੀਂ ਦੇਖਦੇ। ਪੂਰੀ ਦੁਨੀਆਂ ਨੇ ਇਨ੍ਹਾਂ ਨੂੰ ਸਰੇਆਮ ਵਿਕਦੇ ਵੇਖਿਐ। ਸਾਹਰੁਖ਼, ਪ੍ਰਿਟੀ ਜ਼ਿੰਟਾ ਸਮੇਤ ਸ਼ੇਅਰ ਬਾਜ਼ਾਰ ਦੀਆਂ ਤਿਕੜਮਾਂ ਨਾਲ ਰਾਤੋਂ-ਰਾਤ ਅਮੀਰ ਹੋ ਜਾਣ ਵਾਲੇ ਵੱਡੇ ਸਾਹਬਾਂ ਨੂੰ ਵੀ ਸ਼ਰਮ ਨੀ ਆਈ। ਅਸੀ ਕਿਉਂ ‘ਸ਼ਰਮ ਦਾ ਘੁੰਡ’ ਰਾਗ ਗਾਉਂਦੇ ਰਹੀਏ। ਮੈਂ ਆਪਣੀ ਬੇਵਕੂਫੀ ਬਾਰੇ ਬਿਨ੍ਹਾਂ ਸੋਚਿਆਂ, ਆਪਣੇ ਜਾਣਕਾਰੀ ਤੋਂ ਹੀਣੇ ਦਿਮਾਗ ਉੱਤੇ ਜ਼ੋਰ ਦਿੰਦਿਆਂ ਕਿਹਾ, “ਪਰ ਤੇਰੀ ਰੇਹੜੀ ਉੱਤੇ ਇਹ ਖਿਡਾਰੀ ਕਿੱਥੇ ਸਵਾਰ ਨੇ।” ਹੱਥ ਵਿਚ ਲੰਬਾ ਜਿਹਾ ਆਲੂ ਫੜਦਿਆਂ, ਉਸਦੇ ਅੰਡਾਕਾਰ ਸਿਰੇ ਉੱਤੇ ਉੱਗੇ ਭੁਰੇ ਰੰਗ ਦੇ ਵਾਲਾਂ ਨੂੰ ਉੱਪਰ ਚੁੱਕਦਿਆਂ, ਮੇਰੇ ਚਿਹਰੇ ਦੇ ਚੌਖਟੇ ਉੱਤੇ ਚਿਪਕੇ ਅੱਖਾਂ ਦੇ ਜੋੜੇ ਦੇ ਸਾਹਮਣੇ ਲਿਆਂਉਂਦਿਆਂ ਉਹ ਬੋਲਿਆ, “ਇਹ ਦੇਖ ਰਹੇ ਹੋ, ਇਸਦਾ ਨਾਮ ਐ ਧੋਨੀ ਆਲੂ। ਇਸ ਵਾਰ ਕੋਹਰੇ ਨੇ ਸਾਡੀ ਆਲੂਆਂ ਦੀ ਫ਼ਸਲ ਬਰਬਾਦ ਕਰ ਦਿੱਤੀ। ਬੀ.ਸੀ.ਸੀ.ਆਈ. ਤੋਂ ਥੋੜ੍ਹੀ ਜਿਹੀ ਸਿੱਖਿਆ ਲੈ ਕੇ ਖਾਸ ਦੋਸਤਾਂ ਦੀ ਸਿਫਾਰਿਸ਼ ਨਾਲ ਬਚੇ-ਖੁਚੇ ਆਲੂਆਂ ਵਿਚੋਂ ਚੁਣ ਕੇ 11 ਆਲੂ ਲੈ ਕੇ ਆਇਆਂ ਹਾਂ। ਸਭ ਦਾ ਨਾਮ ਕਰੋੜਾਂ ਰੁਪਏ ਵਿਚ ਵਿਕਣ ਵਾਲੇ ਕ੍ਰਿਕੇਟ ਦੇ ਧੂਆਂਧਾਰ ਖਿਡਾਰੀਆਂ ਦੇ ਨਾਮ ‘ਤੇ ਰੱਖੇ ਨੇ। ਸਰਦਾਰ ਜੀ, ਫ਼ਸਲ ਦੇ ਨਾਲ ਅਸੀ ਵੀ ਬਰਬਾਦ ਹੋ ਗਏ। ਬੱਸ ਇਕ ਆਸ ਬਚੀ ਹੈ। ਕਿਤੇ ਇਕ-ਅੱਧਾ ਗੌਤਮ ਗੰਭੀਰ ਆਲੂ ਲੱਖ-ਡੇਢ ਲੱਖ ਵਿਚ ਵੀ ਵਿਕ ਗਿਆ ਤਾਂ ਆਪਣੀ ਪੌ-ਬਾਰਾਂ ਹੋ ਜਾਣਗੀਆਂ।” ਇਸ ਤੋਂ ਪਹਿਲਾਂ ਕਿ ਅਸੀ ਉਸ ਤੋਂ ਕੁਝ ਪੁੱਛਦੇ ਉਹਨੇ ਆਪਣੀ ਮੌਸਮੀ ਸਕੀਮ ਦਾ ਵਿਸਤਾਰ ਸੁਣਾ ਦਿੱਤਾ। ਕਹਿੰਦਾ, “ਜਨਾਬ ਇਨ੍ਹਾਂ ਦੇ ਨਾਮ ਉੱਤੇ ਕੱਛੇ, ਬਨੈਣਾਂ, ਟਾਇਰ, ਫਿਨਾਇਲ, ਚਿਪਸ, ਕੰਡੋਮ ਵਿਕ ਸਕਦੇ ਨੇ ਤਾਂ ਕੀ ਇਹ ਨਿਮਾਣੇ ਜਿਹੇ ਆਲੂ ਨਹੀਂ ਵਿਕਣਗੇ। ਅਸੀ ਉਸਦੀ ਅਕਲ ਦੀ ਅੰਦਰੋਂ-ਅੰਦਰ ਦਾਦ ਦਿੰਦੇ ਨਹੀਂ ਥੱਕ ਰਹੇ ਸਾਂ। “ਸਾਡੇ ਜਿਹੇ ਫਟੀਚਰਾਂ ਦੇ ਮੁਹੱਲੇ ਵਿਚ ਤੇਰੇ ਇਹ ਸੇਲੀਬ੍ਰੇਟੀ ਆਲੂ ਖਰੀਦੂਗਾ ਕੌਣ।ਜਾਹ, ਸ਼ਾਹਰੁਖ਼, ਪ੍ਰੀਟੀ ਦੇ ਮੁਹੱਲੇ ਵਿਚ ਹੀ ਵੇਚ ਇਹ ਵੀ.ਆਈ.ਪੀ. ਆਲੂ…”, ਮੈਂ ਆਪਣੇ ਆਪ ਦੀ ਹਾਲਾਤ ਉੱਤੇ ਤਰਸ ਖਾਂਦਿਆਂ, ਉਸ ਤੋਂ ਹਮਦਰਦੀ ਦੀ ਆਸ ਨਾਲ ਕਿਹਾ। ਉਹ ਮੇਰੀ ਅਕਲ ਉੱਤੇ ਮਜ਼ਾਕੀਆ ਹਾਸਾ ਹੱਸਦਿਆਂ ਬੋਲਿਆ, “ਜਨਾਬ, ਇਹ ਤਾਂ ਉਹ ਲੋਕ ਨੇ, ਜਿਹੜੇ ਉਨ੍ਹਾਂ ਉੱਤੇ ਹੀ ਕਰੋੜਾਂ ਰੁਪਈਆਂ ਦਾ ਮੀਂਹ ਵਰ੍ਹਾਂਉਂਦੇ ਨੇ ਜਿਨ੍ਹਾਂ ਦੇ ਘਰ ਗਾਂਧੀ ਬਾਪੂ ਦੀਆਂ ਹਰੀਆਂ-ਲਾਲ ਮੋਹਰਾਂ ਰੱਖਣ ਦੀ ਪਹਿਲਾਂ ਹੀ ਥਾਂ ਨਹੀਂ। ਇਨ੍ਹਾਂ ਖਿਡਾਰੀਆਂ ਦੇ ਨਾਮ ਵਾਲੇ ਆਲੂ ਤਾਂ ਤੁਹਾਡੇ ਜਿਹੇ ਭੁੱਖੇ ਨੰਗੇ ਹੀ ਖਰੀਦਣਗੇ, ਜਿਹੜੇ ਉਨ੍ਹਾਂ ਦੇ ਹਰ ‘ਲੋਂਗ ਸ਼ਾਟ’ ਉੱਤੇ ਖੁਸਰਿਆਂ ਵਾਂਗ ਤਾੜੀਆਂ ਮਾਰਦੇ ਨੇ, ਭਾਵੇਂ ਗੇਂਦ ਬਾਊਂਡਰੀ ਪਾਰ ਕਰਨ ਤੋਂ ਪਹਿਲਾਂ ਹੀ ਬੋਚ ਲਈ ਜਾਵੇ। ਇਸ ਤੋਂ ਪਹਿਲਾਂ ਕਿ ਅਸੀ ਉਸ ਨੂੰ ਦੱਸਦੇ ਕਿ ਅਸੀ ਤਾਂ ਗਰੀਬੀ ਰੇਖਾ ਤੋਂ ਵੀ ਹੇਠਾਂ ਵਾਲੇ ਭੁੱਖੇ-ਨੰਗੇ ਹਾਂ, ਪਿਛਲੀ ਗਲੀ ਵਿਚੋਂ ਆਵਾਜ ਗੂੰਜੀ, ਓਏ ਧੋਨੀ ਆਲੂ ਵਾਲੇ ਭਾਈ ਜਲਦੀ ਆ, “ਕਿੱਥੇ ਘਸੇ ਹੋਏ ਨੰਗ ਨਾਲ ਬਹਿਸੀਂ ਪਿਆਂ। ਅਸੀ ਕਦੋਂ ਦੇ ਤੇਰੇ ਵੀ.ਆਈ.ਆਲੂ ਖਰੀਦਣ ਲਈ ਉਡੀਕ ਰਹੇ ਆਂ।” ਉਹ ਰੇਹੜੀ ਨੂੰ ਭਜਾਉਂਦਿਆਂ ਗਲੀ ਦਾ ਮੋੜ ਮੁੜ ਗਿਆ ਅਤੇ ਅਸੀ ਆਪਣਾ ਅਡਿੱਆ ਹੋਇਆ ਮੂੰਹ ਲੈ ਕੇ ਖੜੇ ਰਹਿ ਗਏ।
Wah bai wah! Allo oh bi sachin dhoni wah!
so close to the truth bravo