ਕੇਰਲਾ ਦੇ ਪ੍ਰਸਿੱਧ ਮੰਦਿਰ ਸਬਰੀਮਾਲਾ ਦੇ ਨਜਦੀਕ ਮਚੀ ਭਗਦੜ ਵਿੱਚ ਮਰਨ ਵਾਲਿਆਂ ਦੀ ਸੰਖਿਆ 104 ਤੱਕ ਪਹੁੰਚ ਗਈ ਹੈ। ਕੇਰਲ ਸਰਕਾਰ ਨੇ ਰਾਜ ਵਿੱਚ ਤਿੰਨ ਦਿਨ ਤੱਕ ਸੋਗ ਮਨਾਉਣ ਦਾ ਐਲਾਨ ਕੀਤਾ ਹੈ। ਹਾਦਸੇ ਤੋਂ ਬਾਅਦ ਲਾਸ਼ਾਂ ਨੂੰ ਵੈਂਦਪੈਰੀਅਰ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਫਿਰ ਕੁਮਿਲੀ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜੋ ਕਿ ਹਾਦਸੇ ਵਾਲੇ ਸਥਾਨ ਤੋਂ 15 ਕਿਲੋਮੀਟਰ ਦੂਰ ਹੈ।
ਕੁਮਿਲੀ ਦੇ ਹਸਪਤਾਲ ਵਿੱਚ ਬਹੁਤ ਸਾਰੇ ਲੋਕ ਆਪਣੇ ਨਜ਼ਦੀਕੀ ਸਬੰਧੀਆਂ ਦੀ ਭਾਲ ਵਿੱਚ ਪਹੁੰਚ ਰਹੇ ਹਨ। ਇਥੇ 60 ਡਾਕਟਰ ਪੋਸਟਮਾਰਟਮ ਕਰਨ ਵਿੱਚ ਲਗੇ ਹੋਏ ਹਨ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸ਼ਰਧਾਲੂ ਮਕਰ ਜੋਤੀ ਦਾ ਦਰਸ਼ਨ ਕਰਕੇ ਵਾਪਿਸ ਆ ਰਹੇ ਸਨ। ਸਬਰੀਵਾਲਾ ਮੰਦਿਰ ਤੋਂ 30 ਕਿਲੋਮੀਟਰ ਦੀ ਦੂਰੀ ਤੇ ਇੱਕ ਜੀਪ ਬੇਕਾਬੂ ਹੋ ਕੇ ਸ਼ਰਧਾਲੂਆਂ ਦੀ ਭੀੜ ਤੇ ਚੜ੍ਹ ਗਈ। ਜਿਸ ਕਰਕੇ ਲੋਕਾਂ ਵਿੱਚ ਭਗਦੜ ਮੱਚ ਗਈ। ਮਰਨ ਵਾਲਿਆਂ ਵਿੱਚ ਜਿਆਦਾਤਰ ਲੋਕ ਆਂਧਰਾ ਪ੍ਰਦੇਸ਼, ਕਰਨਾਟਕਾ ਅਤੇ ਤਾਮਿਲਨਾਡੂ ਦੇ ਹਨ। ਹਾਦਸੇ ਸਮੇਂ ਇੱਕ ਲੱਖ ਦੇ ਕਰੀਬ ਲੋਕ ਉਥੇ ਮੌਜੂਦ ਸਨ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇਸ ਹਾਦਸੇ ਤੇ ਸੋਗ ਪ੍ਰਗਟਾਇਆ ਹੈ। ਕੇਂਦਰ ਸਰਕਾਰ ਨੇ ਮਰਨ ਵਾਲਿਆਂ ਦੇ ਪਰੀਵਾਰਾਂ ਨੂੰ ਇੱਕ-ਇੱਕ ਲੱਖ ਅਤੇ ਜਖਮੀਆਂ ਨੂੰ 50-50 ਹਜ਼ਾਰ ਰੁਪੈ ਮੁਆਵਜ਼ਾ ਦੇਣ ਦੀ ਘੋਸ਼ਣਾ ਕੀਤੀ ਹੈ।