ਜੋਹਾਨਿਸਬਰਗ-ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਦੂਜੇ ਇਕ ਰੋਜ਼ਾ ਮੈਚ ਵਿਚ ਇਕ ਦੌੜਾਂ ਨਾਲ ਹਰਾ ਦਿੱਤਾ। ਇਹ ਮੈਚ ਕਾਫ਼ੀ ਰੋਮਾਂਚਕ ਰਿਹਾ। ਭਾਰਤੀ ਕ੍ਰਿਕਟ ਟੀਮ ਨੇ ਸਿਰਫ਼ 190 ਦੌੜਾਂ ਬਣਾਈਆਂ, ਲੇਕਨ ਦੱਖਣੀ ਅਫ਼ਰੀਕਾ ਦੀ ਟੀਮ 43 ਓਵਰਾਂ ਵਿਚ 189 ਦੇ ਸਕੋਰ ‘ਤੇ ਹੀ ਆਲ ਆਊਟ ਹੋ ਗਈ। ਇਸਦੇ ਨਾਲ ਹੀ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਵਿਚ ਖੇਡੀ ਜਾ ਰਹੀ 5 ਇਕ ਰੋਜ਼ਾ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ।
ਇਸ ਮੈਚ ਵਿਚ ਭਾਰਤੀ ਟੀਮ ਦੇ ਮੱਧਮ ਰਫ਼ਤਾਰ ਦੇ ਗੇਂਦਬਾਜ਼ ਮੁਨਾਫ਼ ਪਟੇਲ ਨੇ 4 ਵਿਕਟਾਂ ਝਾੜੀਆਂ। ਮੁਨਾਫ਼ ਪਟੇਲ ਨੇ ਆਖਰੀ ਦੋ ਵਿਕਟਾਂ ਝਾੜਕੇ ਇਹ ਜਿੱਤ ਭਾਰਤੀ ਟੀਮ ਦੀ ਝੋਲੀ ਪੁਆਈ। ਇਕ ਸਮਾਂ ਸੀ ਕਿ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਜਿੱਤ ਲਈ ਸਿਰਫ਼ 3 ਦੌੜਾਂ ਚਾਹੀਦੀਆਂ ਸਨ ਅਤੇ ਉਸ ਦੇ ਦੋ ਖਿਡਾਰੀ ਆਊਟ ਹੋਣੇ ਬਾਕੀ ਸਨ। ਪਰ ਮੁਨਾਫ਼ ਪਟੇਲ ਨੇ ਮੋਰਨੇ ਮੋਕਰੇਲ ਨੂੰ (6) ਆਊਟ ਕਰਕੇ ਅਤੇ ਵਾਇਨੇ ਪਰਨੇਲ(12) ਯੁਵਰਾਜ ਦੇ ਹੱਥੀਂ ਕੈਚ ਕਰਾਕੇ ਭਾਰਤੀ ਟੀਮ ਨੂੰ ਇਕ ਦੌੜ ਨਾਲ ਜਿੱਤ ਹਾਸਲ ਕਰਵਾਈ। ਦੱਖਣੀ ਅਫ਼ਰੀਕੀ ਟੀਮ ਦੇ ਕਪਤਾਨ ਗਰੀਮ ਸਮਿਥ ਨੇ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਾ ਬਚਾ ਸਕੇ। ਭਾਰਤੀ ਟੀਮ ਵਲੋਂ ਯੁਵਰਾਜ ਸਿੰਘ ਨੇ ਸਭ ਤੋਂ ਵੱਧ 53 ਦੌੜਾਂ ਦਾ ਸ਼ਾਨਦਾਰ ਯੋਗਦਾਨ ਪਾਇਆ।
ਇਸਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਹੁ ਧੋਨੀ ਨੇ ਟੌਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਪਰ ਇਥੇ ਵੀ ਭਾਰਤੀ ਟੀਮ ਕੁਝ ਵਧੀਆ ਕਾਰਗੁਜ਼ਾਰੀ ਨਾ ਕਰ ਸਕੀ। ਉਸਦੇ ਖਿਡਾਰੀ ਮੁਰਲੀ ਵਿਜੈ (16), ਵਿਰਾਟ ਕੋਹਲੀ (22), ਸਚਿਨ (24), ਧੋਨੀ (38) ਦੌੜਾਂ ਹੀ ਬਣਾ ਸਕੇ। ਇਸ ਟੀਮ ਨੂੰ ਸੰਭਾਲਣ ਵਿਚ ਯੁਵਰਾਜ ਸਿੰਘ (53) ਅਤੇ ਧੋਨੀ (38) ਨੇ ਚੌਥੀ ਵਿਕਟ ਦੀ ਹਿੱਸੇਦਾਰੀ ਨੂੰ 83 ਦੌੜਾਂ ਦਾ ਯੋਗਦਾਨ ਦੇ ਕੇ ਸੰਭਾਲਿਆ। ਇਨ੍ਹਾਂ ਤੋਂ ਬਾਅਦ ਰੈਨਾ(11), ਰੋਹਿਤ (9), ਹਰਭਜਨ (3), ਜਹੀਰ (0), ਨੇਹਰਾ (1) ਅਤੇ ਮੁਨਾਫ਼ ਬਿਨਾਂ ਆਊਟ ਹੋਏ (6) ਆਇਆ ਰਾਮ ਗਯਾ ਰਾਮ ਹੁੰਦੇ ਗਏ।
ਦੂਜਾ ਇਕ ਰੋਜ਼ਾ ਮੈਚ ਭਾਰਤ ਨੇ ਜਿਤਿਆ
This entry was posted in ਖੇਡਾਂ.