ਪੁਣੇ-ਖੇਤੀ ਮੰਤਰੀ ਸ਼ਰਦ ਪਵਾਰ ਨੇ ਇਕ ਵਾਰ ਫਿਰ ਵਧਦੀ ਮਹਿੰਗਾਈ ਦੀ ਜਿੰਮੇਵਾਰੀ ਲੈਣ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਮਹਿੰਗਾਈ ਨਾਲ ਨਜਿੱਠਣ ਲਈ ਨੀਤੀਆਂ ਸਰਕਾਰ ਵਲੋਂ ਉੱਚ ਪੱਧਰ ‘ਤੇ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਨੀਤੀਆਂ ਵਿਚ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਸ਼ਾਮਲ ਹੁੰਦੇ ਹਨ।
ਸ਼ਰਦ ਪਵਾਰ ਨੇ ਇਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਮੁਦਰਾ ਸਫਿਤੀ ਨਾਲ ਨਜਿੱਠਣ ਲਈ ਨੀਤੀਆਂ ਮੰਤਰੀ ਮੰਡਲੇ ਦੇ ਸਾਂਝੇ ਫੈਸਲਿਆਂ ਨਾਲ ਬਣਦੀਆਂ ਹਨ। ਇਨ੍ਹਾਂ ਨੀਤੀਆਂ ਵਿਚ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਆਰਥਕ ਸਲਾਹਕਾਰ ਸ਼ਾਮਲ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਲਈ ਮਹਿੰਗਾਈ ਲਈ ਸਿਰਫ਼ ਖੇਤੀ ਮੰਤਰਾਲੇ ਨੂੰ ਜਿੰਮੇਵਾਰ ਠਹਿਰਾਉਣਾ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ਮੰਤਰਾਲੇ ਦਾ ਕੰਮ ਇਹ ਵੇਖਣਾ ਹੈ ਕਿ ਦੇਸ਼ ਵਿਚ ਕਣਕ, ਝੋਨੇ, ਚੀਨੀ ਅਤੇ ਤਿਲਹਨਾਂ ਦਾ ਉਤਪਾਦਨ ਠੀਕ ਠਾਕ ਹੋ ਰਿਹਾ ਹੈ ਜਾਂ ਨਹੀਂ। ਹੁਣ ਸਾਡੇ ਕੋਲ ਅਗਲੇ ਦੋ ਤੋਂ ਤਿੰਨ ਸਾਲਾਂ ਦਾ ਭੰਡਾਰ ਹੈ। ਭਾਰਤ ਵਿਚ ਇਹ ਚੀਜ਼ਾਂ ਦੂਜੇ ਦੇਸ਼ਾਂ ਦੇ ਮੁਕਾਬਲੇ ਸਸਤੀਆਂ। ਪਿਆਜ਼ ਨੂੰ ਦੂਜੇ ਦੇਸ਼ਾਂ ਤੋਂ ਮੰਗਵਾਉਣ ਸਬੰਧੀ ਪਵਾਰ ਨੇ ਕਿਹਾ ਕਿ ਇਸਦੀ ਪਾਬੰਦੀ ਦਾ ਫੈਸਲਾ ਹਾਲਾਤ ਨੂੰ ਵੇਖਣ ਤੋਂ ਬਾਅਦ ਲਿਆ ਜਾਵੇਗਾ।