ਭਾਰਤ ਵਿਚ ਜਦੋਂ ਵੀ ਕਦੀ ਹਾਲਾਤ ਖ਼ਰਾਬ ਹੁੰਦੇ ਹਨ ਤਾਂ ਸਾਡੀ ਸਰਕਾਰ ਬਾਹਰੀ ਤਾਕਤਾਂ ਨੂੰ ਇਲਜ਼ਾਮ ਦਿੰਦੇ ਹੋਏ ਸਰਹਾਣੇ ਥੱਲੇ ਬਾਂਹ ਦੇ ਕੇ ਸੌਂ ਜਾਂਦੀ ਹੈ। ਪਰ ਇਸ ਵਾਰ ਤਾਂ ਭਾਰਤ ਦੇ ਖੇਤੀ ਮੰਤਰੀ ਸ਼ਰਦ ਪਵਾਰ ਨੇ ਹੱਦ ਹੀ ਕਰ ਦਿੱਤੀ ਹੈ। ਦੇਸ਼ ਵਿਚ ਜਦੋਂ ਜਨਤਾ ਪਿਆਜ਼, ਟਮਾਟਰਾਂ ਅਤੇ ਦੁੱਧ ਆਦਿ ਦੀਆਂ ਵਧਦੀਆਂ ਕੀਮਤਾਂ ਨਾਲ ਤ੍ਰਾਹ ਤ੍ਰਾਹ ਕਰ ਰਹੀ ਹੈ ਤਾਂ ਉਨ੍ਹਾਂ ਨੇ ਇਸ ਤੋਂ ਵੀ ਆਪਣਾ ਪੱਲਾ ਝਾੜਦੇ ਹੋਏ ਇਹ ਜਿੰਮੇਵਾਰ ਦੇਸ਼ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਮੰਤਰੀ ਮੰਡਲ ਦੇ ਹੋਰਨਾਂ ਲੋਕਾਂ ‘ਤੇ ਸੁੱਟ ਦਿੱਤੀ ਅਤੇ ਆਪ ਇਸ ਇਲਜ਼ਾਮ ਤੋਂ ਸੁਰਖਰੂ ਹੋ ਕੇ ਘਰ ਆਣ ਬੈਠੇ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਦੇਸ਼ ਵਿਚ ਖੇਤੀ ਮੰਤਰਾਲੇ ਦੀ ਜਿੰਮੇਵਾਰ ਕੁਰਸੀ ‘ਤੇ ਬੈਠਾ ਹੋਇਆ ਲੀਡਰ ਖੇਤੀ ਅਤੇ ਡੇਅਰੀ ਉਤਪਾਦਾਂ ਦੀਆਂ ਵਧਦੀਆਂ ਹੋਈਆਂ ਕੀਮਤਾਂ ਤੋਂ ਪੱਲਾ ਝਾੜਕੇ ਚੁੱਪ ਚਾਪ ਬੈਠਾ ਹੋਇਆ ਹੈ। ਇੰਨਾ ਹੀ ਨਹੀਂ ਇਸ ਵਧਦੀ ਹੋਈ ਮਹਿੰਗਾਈ ਲਈ ਆਪਣੀ ਹੀ ਸਰਕਾਰ ਦੇ ਹੋਰਨਾਂ ਲੀਡਰਾਂ ਨੂੰ ਕੁੜਿੱਕੀ ਵਿਚ ਫਸਾਉਣ ਦੀ ਗੱਲ ਕਰ ਰਿਹਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਜੇਕਰ ਸਾਡੇ ਦੇਸ਼ ਦੇ ਖੇਤੀ ਮੰਤਰੀ ਜਾਂ ਖੇਤੀ ਮੰਤਰਾਲੇ ਨੂੰ ਪਤਾ ਸੀ ਇਕ ਇਸ ਵਾਰ ਪਿਆਜ਼ ਦੀ ਖੇਤੀ ਘੱਟ ਹੋ ਰਹੀ ਹੈ ਤਾਂ ਉਨ੍ਹਾਂ ਨੇ ਬਾਹਰਲੇ ਦੇਸ਼ਾਂ ਤੋਂ ਪਿਆਜ਼ ਆਦਿ ਮੰਗਵਾਉਣ ਦੀ ਸਲਾਹ ਆਪਣੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਜਾਂ ਮੰਤਰੀ ਮੰਡਲ ਦੇ ਹੋਰਨਾਂ ਅਧਿਕਾਰੀਆਂ ਨੂੰ ਕਿਉਂ ਨਾ ਦਿੱਤੀ?
ਜੇ ਕਿਹਾ ਜਾਵੇ ਕਿ ਸ਼ਰਦ ਪਵਾਰ ਜੋ ਦੇਸ਼ ਦੀ ਜਨਤਾ ਦੀਆਂ ਮੁਸ਼ਕਲਾਂ ਦਾ ਧਿਆਨ ਰੱਖਣ ਦੀ ਬਜਾਏ ਦੇਸ਼ ਦੀ ਕ੍ਰਿਕਟ ਟੀਮ ਵੱਲ ਵਧੇਰੇ ਧਿਆਨ ਦਿੰਦੇ ਹਨ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਚਾਹੀਦਾ ਤਾਂ ਇਹ ਹੈ ਜਦੋਂ ਕਿਸੇ ਲੀਡਰ ਨੂੰ ਦੇਸ਼ ਵਿਚ ਕਿਸੇ ਮੰਤਰਾਲੇ ਦਾ ਅਹੁਦਾ ਸੌਂਪਿਆ ਜਾਂਦਾ ਹੈ ਤਾਂ ਉਸ ਪਾਸੋਂ ਹੋਰਨਾਂ ਸਾਰੀਆਂ ਦੂਜੀਆਂ ਕੁਰਸੀਆਂ ਖੋਹ ਲਈਆਂ ਜਾਣ ਜਾਂ ਫਿਰ ਉਸਨੂੰ ਇਹ ਕਿਹਾ ਜਾਵੇ ਕਿ ਜੇਕਰ ਉਨ੍ਹਾਂ ਨੂੰ ਦੂਜੇ ਅਹੁਦਿਆਂ ‘ਤੇ ਰਹਿਣ ਦਾ ਇੰਨਾ ਹੀ ਚਾਅ ਹੈ ਤਾਂ ਉਨ੍ਹਾਂ ਨੂੰ ਆਪਣੇ ਮੰਤਰੀ ਦੇ ਅਹੁਦੇ ਨੂੰ ਤਿਆਗਣਾ ਹੋਵੇਗਾ। ਕਿਉਂ ਸ਼ਰਦ ਪਵਾਰ ਅਜਿਹਾ ਲੀਡਰ ਹੈ ਜਿਹੜਾ ਹੋਰਨਾਂ ਕੁਰਸੀਆਂ ਨੂੰ ਵੀ ਜੱਫਾ ਮਾਰਕੇ ਬੈਠਾ ਰਹਿਣਾ ਚਾਹੁੰਦਾ ਹੈ। ਇਸ ਵੇਲੇ ਭਾਵੇਂ ਉਸ ਕੋਲ ਕ੍ਰਿਕਟ ਦੀ ਪ੍ਰਧਾਨਗੀ ਨਹੀਂ ਹੈ ਪਰੰਤੂ ਉਹ ਕ੍ਰਿਕਟ ਕੰਟਰੋਲ ਬੋਰਡ ਦੀਆਂ ਸਾਰੀਆਂ ਹੀ ਸਰਗਰਮੀਆਂ ਦੀ ਪੂਰੀ ਜਾਣਕਾਰੀ ਰੱਖਦੇ ਹਨ। ਦੇਸ਼ ਦੀ ਜਨਤਾ ਦਾ ਕੀ ਹੈ ਵਿਚਾਰੀ ਔਖੀ ਸੌਖੀ ਹੋਕੇ ਮਹਿੰਗਾਈ ਨਾਲ ਦੋ ਹੱਥ ਕਰ ਹੀ ਲਵੇਗੀ।
ਦੇਸ਼ ਦੇ ਖੇਤੀ ਮੰਤਰੀ ਸ਼ਰਦ ਪਵਾਰ ਨੂੰ ਚਾਹੀਦਾ ਹੈ ਕਿ ਦੇਸ਼ ਦੀ ਜਨਤਾ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀਆਂ ਜਿੰਮੇਵਾਰੀਆਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਜਿੰਮੇਵਾਰੀਆਂ ਨੂੰ ਹੋਰਨਾਂ ਲੀਡਰਾਂ ਉਪਰ ਸੁੱਟਦੇ ਹੋਏ ਹੱਥ ਖੜੇ ਕਰਕੇ ਨਾ ਭੱਜਣ। ਇਸਤੋਂ ਪਹਿਲਾਂ ਵੀ ਕਈ ਵਾਰ ਸ਼ਰਦ ਪਵਾਰ ਆਪਣੇ ਮੰਤਰਾਲੇ ਉਪਰ ਛਾਈਆਂ ਮੁਸ਼ਕਲਾਂ ਤੋਂ ਖਹਿੜਾ ਛੁਡਵਾਕੇ ਅਜਿਹੇ ਗ਼ੈਰ ਜਿੰਮੇਵਾਰਾਨਾ ਬਿਆਨ ਦੇ ਚੁੱਕੇ ਹਨ। ਜੇਕਰ ਮਹਿੰਗਾਈ ਦੀ ਗੱਲ ਇਕ ਪਾਸੇ ਕਰਕੇ ਉਨ੍ਹਾਂ ਨੂੰ ਇਹ ਸਵਾਲ ਕੀਤਾ ਜਾਵੇ ਕਿ ਕੀ ਉਹ ਦੱਸ ਸਕਦੇ ਹਨ ਦੇਸ਼ ਦੇ ਕਿਸਾਨਾਂ ਨੂੰ ਖੁਦਕਸ਼ੀਆਂ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ? ਕਿਸਾਨਾਂ ਵਲੋਂ ਬੀਜੀਆਂ ਗਈਆਂ ਫ਼ਸਲਾਂ ਦੀਆਂ ਕੀਮਤਾਂ ਦਾ ਨਿਰਧਾਰਣ ਉਨ੍ਹਾਂ ਦੇ ਖਰਚਿਆਂ ਤੋਂ ਘੱਟ ਕਿਉਂ ਕੀਤਾ ਜਾਂਦਾ ਹੈ? ਦੇਸ਼ ਦੇ ਸਰਕਾਰੀ ਗੋਦਾਮਾਂ ਵਿਚ ਪਈਆਂ ਜਿਨਸਾਂ ਕਿਉਂ ਮੀਂਹਾਂ ਵਿਚ ਭਿੱਜ ਰਹੀਆਂ ਹਨ? ਕਿਸਾਨਾਂ ਵਲੋਂ ਮੰਡੀ ਵਿਚ ਲਿਆਂਦੀਆਂ ਫ਼ਸਲਾਂ ਨੂੰ ਮੀਂਹ ਕਣੀ ਤੋਂ ਬਚਾਉਣ ਲਈ ਉਨ੍ਹਾਂ ਨੇ ਕਿੰਨੇ ਕੁ ਰਾਜਾਂ ਦੀਆਂ ਸਰਕਾਰਾਂ ਨੂੰ ਸ਼ੈਡ ਬਨਾਉਣ ਲਈ ਆਰਡਰ ਕੀਤੇ ਹਨ? ਇਹੋ ਜਿਹੇ ਇਕ ਨਹੀਂ ਅਨੇਕਾਂ ਸਵਾਲ ਹਨ ਜਿਨ੍ਹਾਂ ਦਾ ਜਵਾਬ ਦੇਣਾ ਅਤੇ ਉਨ੍ਹਾਂ ਸਵਾਲਾਂ ਨੂੰ ਹੱਲ ਕਰਨ ਲਈ ਖੇਤੀ ਮੰਤਰੀ ਸ਼ਰਦ ਪਵਾਰ ਨੂੰ ਧਿਆਨ ਦੇਣਾ ਚਾਹੀਦਾ ਹੈ।
ਜੇਕਰ ਸ਼ਰਦ ਪਵਾਰ ਦੇ ਕੋਲ ਅਜਿਹੇ ਸਵਾਲਾਂ ਦੇ ਜਵਾਬ ਨਹੀਂ ਹਨ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਕੇ ਕ੍ਰਿਕਟ ਕੰਟਰੋਲ ਬੋਰਡ ਦੀ ਸਿਆਸਤ ਤੱਕ ਹੀ ਸੀਮਤ ਰਹਿਣ। ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਸੋਭਦਾ ਕਿ ਇਕ ਖੇਤੀ ਪ੍ਰਧਾਨ ਦੇਸ਼ ਵਿਚ ਜਿੰਮੇਵਾਰੀ ਭਰਪੂਰ ਖੇਤੀ ਮੰਤਰੀ ਦਾ ਅਹੁਦਾ ਲੈਣ ਤੋਂ ਬਾਅਦ ਉਹ ਅਜਿਹੇ ਗ਼ੈਰ ਜਿੰਮੇਦਾਰਾਨਾ ਬਿਆਨ ਦੇਣ।