ਅੰਮ੍ਰਿਤਸਰ:- ਡਾ: ਜਸਬੀਰ ਸਿੰਘ ਸਾਬਰ, ਡਾਇਰੈਕਟਰ, ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਨੇ ਦਫਤਰ ਪੱਤਰ-ਵਿਹਾਰ ਕੋਰਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆਂ ਕਿ ਇਹ ਕੋਰਸ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਦੁਆਰਾ ਸਿੱਖ ਧਰਮ ਦੀ ਮੁਢਲੀ ਜਾਣਕਾਰੀ ਨੂੰ ਘਰ-ਘਰ ਪਹੁੰਚਾਉਣ ਲਈ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿਚ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਸ਼ੁਰੂ ਕੀਤਾ ਗਿਆ ਹੈ ਜਿਸਦੇ ਦੋ ਸ਼ੈਸ਼ਨ ਪੂਰੇ ਹੋ ਚੁਕੇ ਹਨ। ਹੁਣ ਤਕ ਇਸ ਕੋਰਸ ਵਿਚ ਭਾਰਤ ਦੇ ਹਰੇਕ ਸੂਬੇ ਅਤੇ ਵਿਦੇਸਾਂ ਤੋਂ ਵੀ ਵਿਦਿਆਰਥੀ ਦਾਖਲਾ ਲੈ ਚੁਕੇ ਹਨ। ਇਸਦੇ ਤੀਜੇ ਨਵੇਂ ਸ਼ੈਸ਼ਨ ਸਾਲ 2011-12 ਲਈ ਦਾਖਲਾ ਸ਼ੁਰੂ ਹੈ ਜੋ ਮਿਤੀ 28 ਫਰਵਰੀ 2011 ਤੱਕ ਜਾਰੀ ਰਹੇਗਾ। ਡਾ. ਸਾਬਰ ਨੇ ਦੱਸਿਆ ਕਿ ਪੱਤਰ-ਵਿਹਾਰ ਕੋਰਸ ਵਿਚ ਦਾਖਲਾ ਲੈਣ ਲਈ ਉਮਰ ਦੀ ਹੱਦ 16 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਪਰਂ ਵੱਧ ਉਮਰ ਦੀ ਕੋਈ ਸੀਮਾ ਨਹੀਂ ਹੈ। ਇਸ ਕੋਰਸ ਵਿਚ 92 ਸਾਲ ਦੀ ਉਮਰ ਦੇ ਜਗਿਆਸੂ ਦਾਖਲਾ ਲੈ ਚੁਕੇ ਹਨ। ਹਰੇਕ ਵਿਅਕਤੀ ਇਹ ਕੋਰਸ ਕਰ ਸਕਦਾ ਹੈ ਭਾਵੇਂ ਉਹ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਹੋਣ ਜਾਂ ਨੌਕਰੀ-ਪੇਸ਼ਾ ਕਰਨ ਵਾਲਾ ਅਤੇ ਰਿਟਾਇਰਡ ਅਧਿਕਾਰੀ/ਕਰਮਚਾਰੀ ਅਤੇ ਵਪਾਰੀ ਵਰਗ ਅਤੇ ਉਹ ਆਮ ਇਸਤਰੀ-ਪੁਰਸ਼ ਜੋ ਪੰਜਾਬੀ, ਹਿੰਦੀ ਜਾਂ ਅੰਗ੍ਰੇਜ਼ੀ ਪੜ੍ਹ ਅਤੇ ਲਿਖ ਸਕਦਾ ਹੋਵੇ ਉਹ ਸਾਧਾਰਣ ਕਾਗਜ਼ ਉੱਤੇ ਪ੍ਰਾਥਨਾ-ਪੱਤਰ ਲਿਖ ਕੇ ਦਾਖਲਾ ਲੈ ਸਕਦਾ ਹੈ। ਡਾ. ਸਾਬਰ ਨੇ ਦੱਸਿਆ ਕਿ ਇਸ ਕੋਰਸ ਲਈ 100 ਰੁਪਏ ਦੀ ਕੇਵਲ ਰਜਿਸਟਰੇਸ਼ਨ ਫੀਸ ਹੀ ਰੱਖੀ ਗਈ ਹੈ ਜੋ ਆਰੰਭ ਵਿਚ ਇਕੋ ਵਾਰ ਦੇਣੀ ਪੈਂਦੀ ਹੈ। ਇਸ ਉਪਰੰਤ ਦੋ ਸਾਲ ਦੀ ਸਾਰੀ ਪਾਠ-ਸਮੱਗਰੀ, ਪੇਪਰ ਆਦਿ ਦਾ ਸਾਰਾ ਖਰਚ ਸ਼੍ਰੋਮਣੀ ਕਮੇਟੀ ਵਲੋਂ ਸਹਿਣ ਕੀਤਾ ਜਾਂਦਾ ਹੈ। ਡਾ. ਸਾਬਰ ਨੇ ਹੋਰ ਦਸਿਆ ਕਿ ਇਸ ਕੋਰਸ ਦੀ ਲਿਖਤੀ ਪ੍ਰੀਖਿਆ ਹਰ ਸਾਲ ਦਸੰਬਰ ਵਿਚ ਲਈ ਜਾਂਦੀ ਹੈ। ਜੋ ਵੀ ਵਿਦਿਆਰਥੀ ਇਸ ਪ੍ਰੀਖਿਆ ਵਿਚੋਂ ਪਹਿਲੇ. ਦੂਜੇ, ਤੀਜੇ ਦਰਜੇ ਤੇ ਆਵੇਗਾ ਉਸ ਨੂੰ ਕ੍ਰਮਵਾਰ 7100 ਰ:ੁ, 5100 ਰੁ:, 3100 ਰੁ: ਅਤੇ ਇਸ ਤੋਂ ਇਲਾਵਾ 80 % ਤੋਂ ਵੱਧ ਨੰਬਰ ਲੈਣ ਵਾਲੇ 51 ਵਿਦਿਆਰਥੀਆਂ ਨੂੰ 1100-1100 ਰੁਪੈ ਨਗਦ ਇਨਾਮ ਦੇਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਵਲੋਂ ਕਾਨਵੋਕੇਸ਼ਨ ਦੇ ਅਵਸਰ ਤੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਜਾਵੇਗਾ। ਫੀਸ ਮਨੀਆਰਡਰ ਜਾਂ ਬੈਂਕ ਡਰਾਫਟ ਰਾਂਹੀ ‘ਸਕੱਤਰ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ. ਪ੍ਰ. ਕਮੇਟੀ), ਅੰਮ੍ਰਿਤਸਰ’ ਦੇ ਨਾਂ ਭੇਜੀ ਜਾਂ ਦਸਤੀ ਨਗਦ ਜਮਾ ਕਰਵਾਈ ਜਾ ਸਕਦੀ ਹੈ। ਪ੍ਰਾਸਪੈਕਟਸ ਅਤੇ ਪਾਠ-ਸਮਗਰੀ ਵਿਦਿਆਰਥੀ ਵਲੋਂ ਦਿਤੇ ਗਏ ਪਤੇ ਉੱਤੇ ਉਚਿਤ ਸਮੇਂ ਤੇ ਡਾਕ ਦੁਆਰਾ ਭੇਟਾ ਰਹਿਤ ਭੇਜ ਦਿੱਤੀ ਜਾਂਦੀ ਹੈ। ਇਸ ਮੌਕੇ ਤੇ ਦਲਜੀਤ ਸਿੰਘ ਗਲਾਲੀਪੁਰ, ਰਣਜੀਤ ਸਿੰਘ ਭੋਮਾ, ਹਰਜੀਤ ਸਿੰਘ ਆਦਿ ਹਾਜ਼ਰ ਸਨ।
ਘਰ ਬੈਠਿਆਂ ਹੀ ਮੁਫਤ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਕਰਨ ਲਈ ਤੀਜੇ ਸੈਸ਼ਨ ਦਾ ਦਾਖਲਾ ਸ਼ੁਰੂ
This entry was posted in ਪੰਜਾਬ.