ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੀ ਏ ਯੂ ਕਿਸਾਨ ਕਮੇਟੀ ਦੀ ਮਿਲਣੀ ਵੱਖ-ਵੱਖ ਮਾਹਿਰਾਂ ਨਾਲ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕੀਤੀ । ਇਸ ਮੌਕੇ ਡਾ: ਕੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਖੋਜ ਨੂੰ ਸੇਧਾਂ ਦੇਣ ਲਈ ਕਿਸਾਨਾਂ ਵੱਲੋਂ ਦਿੱਤੀ ਗਈ ਪਰਤੀ ਸੂਚਨਾ ਬਹੁਤ ਵੱਡਾ ਸਥਾਨ ਰੱਖਦੀ ਹੈ ਜਿਸ ਦੇ ਅਨੁਸਾਰ ਹੀ ਯੂਨੀਵਰਸਿਟੀ ਵੱਲੋਂ ਆਪਣੀ ਖੋਜ ਨੂੰ ਦਿਸ਼ਾ ਪ੍ਰਦਾਨ ਕੀਤੀ ਜਾਂਦੀ ਹੈ। ਡਾ: ਕੰਗ ਨੇ ਕਿਹਾ ਕਿ ਅਗਲੇ ਦਸ ਸਾਲਾਂ ਤਕ ਤਕਰੀਬਨ 276 ਮਿਲੀਅਨ ਟਨ ਅਨਾਜ ਦੀ ਜ਼ਰੂਰਤ ਪਵੇਗੀ ਜਿਸ ਨੂੰ ਹਾਸਲ ਕਰਨ ਲਈ ਪੰਜਾਬ ਦੇ ਕਿਸਾਨਾਂ ਦਾ ਸਹਿਯੋਗ ਅਤਿਅੰਤ ਜ਼ਰੂਰੀ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚਲੇ ਰਿਸ਼ਤੇ ਨੂੰ ਨਹੁੰ ਮਾਸ ਦਾ ਰਿਸ਼ਤਾ ਕਿਹਾ ਅਤੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਪਿਛਲੇ ਸਮੇਂ ਦੀ ਤਰ੍ਹਾਂ ਭਵਿੱਖ ਵਿੱਚ ਵੀ ਕਿਸਾਨਾਂ ਦੀ ਜ਼ਰੂਰਤ ਅਨੁਸਾਰ ਯੂਨੀਵਰਸਿਟੀ ਵੱਲੋਂ ਤਕਨਾਲੋਜੀ ਵਿਕਸਤ ਕੀਤੀ ਜਾਵੇਗੀ।
ਇਸ ਮਿਲਣੀ ਦੇ ਸ਼ੁਰੂ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਹਾਜ਼ਰ ਕਿਸਾਨਾਂ ਅਤੇ ਪਸਾਰ ਮਾਹਿਰਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਪਸਾਰ ਸੰਬੰਧੀ ਯੂਨੀਵਰਸਿਟੀ ਵੱਲੋਂ ਉਲੀਕੀਆਂ ਗਈਆਂ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਇਸ ਮਿਲਣੀ ਦੌਰਾਨ ਵਿਸ਼ੇਸ਼ ਤੌਰ ਤੇ ਉੜੀਸਾ ਰਾਜ ਤੋਂ ਆਏ ਕਿਸਾਨਾਂ ਨੇ ਵੀ ਭਾਗ ਲਿਆ। ਇਸ ਮਿਲਣੀ ਦੌਰਾਨ ਅਮਰੀਕਨ ਕਪਾਹ ਉੱਪਰ ਕੀਟਨਾਸ਼ਕਾਂ ਦੇ ਮਾੜੇ ਅਸਰ, ਕਣਕ ਦੇ ਬੀਜ ਉੱਪਰ ਸਬਸਿਡੀਆਂ, ਸਬਜ਼ੀਆਂ ਅਤੇ ਫ਼ਲਾਂ ਵਿੱਚ ਬੀਮਾਰੀਆਂ ਦੀ ਰੋਕਥਾਮ, ਬਦਲਦੇ ਵਾਤਾਵਰਨ ਦੇ ਪੈ ਰਹੇ ਮਾੜੇ ਅਸਰ ਸੰਬੰਧੀ ਪੰਜਾਬ ਭਰ ਤੋਂ ਆਏ ਕਿਸਾਨਾਂ ਵੱਲੋਂ ਅਨੇਕਾਂ ਸਵਾਲ ਮਾਹਿਰਾਂ ਤੋਂ ਪੁੱਛੇ ਗਏ। ਹਾਜ਼ਰ ਕਿਸਾਨਾਂ ਵੱਲੋਂ ਵਪਾਰਕ ਤੌਰ ਤੇ ਚਲਾਈਆਂ ਜਾ ਰਹੀਆਂ ਦੁਕਾਨਾਂ, ਜਿਨ੍ਹਾਂ ਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਸੰਬੰਧ ਖੇਤੀਬਾੜੀ ਲਾਗਤਾਂ ਨਾਲ ਹੈ, ਦੇ ਨੁਮਾਇੰਦਿਆਂ ਨੂੰ ਖੇਤੀਬਾੜੀ ਸੰਬੰਧੀ ਤਕਨੀਕੀ ਸਿਖਲਾਈ ਪ੍ਰਦਾਨ ਕਰਨ ਲਈ ਵੀ ਤਜਵੀਜ਼ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਦੇਸ਼ਕ ਡਾ: ਸਤਬੀਰ ਸਿੰਘ ਗੋਸਲ, ਖੇਤੀਬਾੜੀ ਕਾਲਜ ਦੇ ਡੀਨ ਡਾ: ਦਲਜੀਤ ਸਿੰਘ ਚੀਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਵਿਸ਼ਾ ਵਸਤੂ ਮਾਹਿਰ ਵੀ ਹਾਜ਼ਰ ਸਨ।
ਪੀ ਏ ਯੂ ਕਿਸਾਨ ਕਮੇਟੀ ਦੀ ਮਾਹਿਰਾਂ ਨਾਲ ਮਿਲਣੀ ਆਯੋਜਿਤ
This entry was posted in ਖੇਤੀਬਾੜੀ.