ਅੰਮ੍ਰਿਤਸਰ :- ਸਿੱਖੀ ਪ੍ਰੰਪਰਾਵਾਂ ਦਾ ਘਾਣ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਨੌਤੀ ਦੇਣ ਵਾਲੇ ਪ੍ਰਮਜੀਤ ਸਿੰਘ ਸਰਨਾ ਨੂੰ ਸੰਗਤਾਂ ਮੂੰਹ ਨਾ ਲਾਉਣ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਕੁਲਦੀਪ ਸਿੰਘ ਭੋਗਲ ਅਤੇ ਸ. ਭੁਪਿੰਦਰ ਸਿੰਘ ਆਨੰਦ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਮਜੀਤ ਸਿੰਘ ਸਰਨਾ ਵੱਲੋਂ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਦੀ ਇਨਕੁਆਰੀ ਕਰਵਾਉਣ ਸਬੰਧੀ ਦਿੱਤੇ ਬਿਆਨ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕੀਤਾ।
ਸਰਨਾ ਵੱਲੋਂ ਜਥੇ. ਅਵਤਾਰ ਸਿੰਘ ਦੀ ਇਨਕੁਆਰੀ ਕਰਵਾਉਣ ਦੀ ਕੀਤੀ ਮੰਗ ਦੀ ਜ਼ੋਰਦਾਰ ਨਿੰਦਾ ਕਰਦਿਆਂ ਇਥੋਂ ਜਾਰੀ ਇਕ ਸਾਂਝੇ ਬਿਆਨ ’ਚ ਉਨ੍ਹਾਂ ਕਿਹਾ ਕਿ ਜਥੇ. ਅਵਤਾਰ ਸਿੰਘ ਪੰਥ-ਪ੍ਰਸਤ, ਆਪਣੀ ਸੰਸਥਾ ਨੂੰ ਸਮਰਪਿਤ ਅਤੇ ਸਾਫ਼ ਸੁਥਰੇ ਅਕਸ ਵਾਲੇ ਨਿਮਾਣੇ ਸਿੱਖ ਹਨ ਜਿੰਨ੍ਹਾਂ ’ਤੇ ਸਿੱਖ ਲੀਡਰਸ਼ਿਪ ਨੇ ਆਪਣਾ ਭਰੋਸਾ ਪ੍ਰਗਟ ਕਰਦਿਆਂ ਇਸ ਮਹਾਨ ਸੰਸਥਾ ਦੀ ਸੇਵਾ ਸੌਪੀਂ, ਜਿਸ ’ਤੇ ਤਨਦੇਹੀ ਨਾਲ ਪਹਿਰਾ ਦਿੰਦਿਆਂ ਜਥੇ. ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਹੋਰ ਬੁਲੰਦ ਕੀਤਾ ਹੈ। ਉਨ੍ਹਾਂ ਵੱਲੋਂ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਬਨਾਉਣ, ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਸਿਖਿਆ ਦੇ ਖੇਤਰ ਵਿਚ ਕੀਤੇ ਕਾਰਜਾਂ ਦੀ ਲੰਮੀ ਤਫ਼ਸੀਲ ਹੈ, ਇਥੇ ਬਸ ਨਹੀਂ ਉਨ੍ਹਾਂ ਵੱਲੋਂ ਵਿਦੇਸ਼ਾਂ ਵਿਚ ਸਿੱਖੀ ਦੇ ਪ੍ਰਚਾਰ ਦੇ ਕੇਂਦਰ ਸਥਾਪਤ ਕਰਨ ਦੇ ਉਦਮਾਂ ਨੂੰ ਵੀ ਬੂਰ ਪੈਣ ਲੱਗਾ ਹੈ। ਪਰ ਇਸ ਦੇ ਉਲਟ ਸਰਨਾ ਵੱਲੋਂ ਆਪਣੀ ਜ਼ਮੀਰ ਨੂੰ ਗਹਿਣੇ ਪਾ ਕੇਂਦਰ ਸਰਕਾਰ ਪਾਸੋਂ ਵੱਡੇ-ਵੱਡੇ ਠੇਕੇ ਲੈ ਕੇ ਜੋ ਲੁੱਟ-ਘਸੁਟ ਕੀਤੀ ਹੈ ਸੰਗਤਾਂ ਉਸ ਤੋਂ ਵੀ ਭਲੀ ਪ੍ਰਕਾਰ ਜਾਣੂ ਹਨ।
ਉਨ੍ਹਾਂ ਕਿਹਾ ਕਿ ਗੁਰੂ ਘਰ ਅਤੇ ਪੰਥ ਦੀ ਸੇਵਾ ਕਰਨ ਦੀ ਬਜਾਏ ਸਰਨਾ ਪ੍ਰਧਾਨਗੀ ਦੇ ਨਸ਼ੇ ਵਿਚ ਸਿੱਖੀ ਪ੍ਰੰਪਰਾਵਾਂ ਨੂੰ ਤਹਿਸ-ਨਹਿਸ ਕਰਨ ’ਚ ਮਾਣ ਮਹਿਸੂਸ ਕਰਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਨੌਤੀ ਦੇਣਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ਾਂ ਦੇ ਉਲਟ ਚਲਣ ਨੂੰ ਹੀ ਪਰਮ ਧਰਮ ਸਮਝਦੇ ਹਨ। ਉਨ੍ਹਾਂ ਦੱਸਿਆ ਕਿ ਇਤਿਹਾਸਕ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀ ਸਾਢੇ ਸੱਤ ਏਕੜ ਜ਼ਮੀਨ ਵਿਚ ਕਾਰ-ਸੇਵਾ ਰਾਹੀਂ 200 ਬੈਡਾਂ ਦੀ ਸਮਰੱਥਾ ਵਾਲੇ ਹਸਪਤਾਲ ਦੀ ਇਮਾਰਤ ਤਿਆਰ ਕਰਵਾਈ ਪਰ ਇਸ ਇਮਾਰਤ ਵਿਚ ਹਸਪਤਾਲ ਚਲਾਉਣ ਦੀ ਬਜਾਏ ਸਰਨਾ ਨੇ ਇਕ ਨਿਜੀ ਕੰਪਨੀ ਪੰਜ ਤਾਰਾ ਹਸਪਤਾਲ ਬਨਾਉਣ ਲਈ 25 ਸਾਲਾ ਲੀਜ਼ ਪੁਰ ਦੇ ਕੇ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।
ਗੁਰਦੁਆਰਾ ਪ੍ਰਬੰਧ ’ਚ ਸਰਨਾ ਦੇ ਬੁਰੀ ਤਰ੍ਹਾਂ ਫੇਲ੍ਹ ਹੋਣ ਸਬੰਧੀ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤਾਂ ਦੀ ਮਾਇਆ ਨਾਲ ਤਿਆਰ ਕੀਤੀ ਸਰਾਂ, ਸਿੱਖੀ ਪ੍ਰੰਪਰਾਵਾਂ ਦੇ ਉਲਟ ਇਕ ਪ੍ਰਾਈਵੇਟ ਕੰਪਨੀ ਨੂੰ ਠੇਕੇ ਪੁਰ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਸ਼ਾਇਦ ਇਹ ਪਹਿਲਾਂ ਮੌਕਾ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਮਰਿਆਦਾ ਅਨੁਸਾਰ ਚਲਾਉਣ ਦੀ ਬਜਾਏ ਸੰਗਤਾਂ ਦੀ ਲੁੱਟ ਕਰਨ ਲਈ ਸਰਾਂ ਦਾ ਪ੍ਰਬੰਧ ਨਿੱਜੀ ਹੱਥਾਂ ਵਿਚ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਥੇ ਹੀ ਬਸ ਨਹੀਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਤਿਆਰ ਕਰਵਾਈ ਕਾਰ-ਪਾਰਕਿੰਗ ਦਾ ਪ੍ਰਬੰਧ ਦਿੱਲੀ ਕਮੇਟੀ ਵੱਲੋਂ ਖੁਦ ਚਲਾਉਣ ਦੀ ਬਜਾਏ ਐਨ.ਡੀ.ਐਮ.ਸੀ. ਨੂੰ 25 ਸਾਲਾਂ ਲੀਜ਼ ’ਤੇ ਦੇ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇ ਕਿਸੇ ਸਿੱਖ ਨੂੰ ਕਿਸੇ ਪੁਸਤਕ ਵਿਚ ਗੁਰੂ ਸਾਹਿਬ ਦੀ ਸ਼ਖਸੀਅਤ ਪ੍ਰਤੀ ਜਾਂ ਸਿੱਖ ਇਤਿਹਾਸ ਸਬੰਧੀ ਕੋਈ ਇਤਰਾਜਯੋਗ ਜਾਂ ਗਲਤ ਹਵਾਲੇ ਧਿਆਨ ਵਿਚ ਆਉਂਦੇ ਹਨ ਤਾਂ ਇਸ ਸਬੰਧੀ ਚਾਹੀਦਾ ਤਾਂ ਇਹ ਹੈ ਕਿ ਮਿਲ ਬੈਠ ਕੇ ਕੋਈ ਹੱਲ ਲੱਭਿਆ ਜਾਵੇ ਪਰ ਜੇ ਕੋਈ ਸੱਜਣ ਜੋ ਨਾ ਕੇਵਲ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੋਵੇ ਬਲ ਕਿ ਪੰਥਕ ਅਖਵਾਉਣ ਦਾ ਦਾਹਵਾ ਕਰਦਾ ਹੋਵੇ ਅਜਿਹੇ ਇਤਰਾਜ਼ਯੋਗ ਜਾਂ ਗਲਤ ਹਵਾਲੇ ਮੁੜ ਮਾਇਆ ਖ਼ਰਚ ਕੇ ਅਖਬਾਰਾਂ ਵਿਚ ਛਪਵਾਉਂਦਾ ਹੈ ਤਾਂ ਉਸ ਦੀ ਬਿਮਾਰ ਮਾਨਸਿਕਤਾ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਨਾ ਅਜਿਹਾ ਉਪੱਦਰ ਕਰਕੇ ਵੀ ਮਾਣ ਨਾਲ ਸਿਰ ਉੱਚਾ ਕਰਕੇ ਫਿਰ ਰਿਹਾ ਹੈ ਤੇ ਉਲਟਾ ਸ਼੍ਰੋਮਣੀ ਕਮੇਟੀ ਦੇ ਹਿਸਾਬ-ਕਿਤਾਬ ਦੀ ਪੜਤਾਲ ਦੀ ਮੰਗ ਕਰ ਰਿਹਾ ਹੈ।
ਉਨ੍ਹਾਂ ਸਪਸ਼ੱਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਹਿਸਾਬ-ਕਿਤਾਬ ਦੀ ਨਜ਼ਰਸਾਨੀ ਲਈ ਗੁਰਦੁਆਰਾ ਐਕਟ ਦੇ ਨਾਲ ਹੀ ‘ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ’ ਹੋਂਦ ਵਿਚ ਆ ਗਿਆ ਸੀ ਜਿਥੇ ਹਰ ਸਿੱਖ ਨੂੰ ਸਵਾ ਰੁਪਏ ਦਾ ਫੀਸ ਕੋਰਟ ਲਗਾ ਕੇ ਗੁਰਦੁਆਰਾ ਫੰਡਾਂ ਦੀ ਦੁਰਵਰਤੋਂ ਜਾਂ ਗੁਰਦੁਆਰਾ ’ਚ ਖਾਮੀਆਂ ਵਿਰੁੱਧ ਪਟੀਸ਼ਨ ਦਾਇਰ ਕੀਤੇ ਜਾਣ ਦਾ ਹੱਕ ਹਾਸਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਹਿਸਾਬ-ਕਿਤਾਬ ਨੂੰ ਸ਼੍ਰੋਮਣੀ ਕਮੇਟੀ ਇੰਟਰਨਲ ਆਡਿਟਰਾਂ ਤੋਂ ਇਲਾਵਾ ਸਰਕਾਰ ਵੱਲੋਂ ਨਿਯਤ ਕੀਤੇ ਆਡਿਟਰ ਵੀ ਚੈੱਕ ਕਰਦੇ ਹਨ। ਇਥੇ ਹੀ ਬਸ ਨਹੀਂ ਸ਼੍ਰੋਮਣੀ ਕਮੇਟੀ ਦਾ ਸਮੁੱਚਾ ਹਿਸਾਬ-ਕਿਤਾਬ ਮਾਸਿਕ ਪਰਚੇ ‘ਗੁਰਦੁਆਰਾ ਗਜ਼ਟ’ ’ਚ ਹਰ ਮਹੀਨੇ ਜਨਤਕ ਕੀਤਾ ਜਾਂਦਾ ਹੈ ਅਤੇ ਜਥੇ. ਅਵਤਾਰ ਸਿੰਘ ਦੇ ਕਾਰਜਕਾਲ ਦੌਰਾਨ ਇਸ ਨੂੰ ਕੰਪਿਊਟਰਾਈਜ਼ਡ ਕਰ ਦਿੱਤਾ ਗਿਆ ਹੈ। ਉਨ੍ਹਾਂ ਹੋਰ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ‘ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਵਾਂਗ ਸਰਕਾਰ ਜਾਂ ਕਿਸੇ ਸਿਆਸੀ ਪਾਰਟੀ ਦੀ ਖੁਸ਼ਨੂਦੀ ਹਾਸਲ ਕਰਨ ਲਈ ਵੱਡੇ-ਵੱਡੇ ਹੋਰਡਿੰਗਜ਼ ਜਾਂ ਬੈਨਰ ਨਹੀਂ ਲਗਾਏ ਜਾਂਦੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਯਤਨਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਹਰ ਰੋਜ ਅੰਮ੍ਰਿਤ ਵੇਲੇ ਦੇ ਮੁੱਖ ਵਾਕ ਦੀ ਕਥਾ ਵਿਚਾਰ ਦੁਆਰਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਿੱਧੇ ਪ੍ਰਸਾਰਨ ਰਾਹੀਂ ਸੰਸਾਰ ਭਰ ’ਚ ਨਿਰੋਲ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦਾ ਸੰਗਤਾਂ ਆਤਮਿਕ ਤੌਰ ’ਤੇ ਅਨੰਦ ਮਾਣਦੀਆਂ ਹਨ, ਉਥੇ ਇਸ ਦੇ ਐਨ ਉਲਟ ਜਨਾਬ ਸਰਨਾ ਸਿੱਖੀ ਦੇ ਪ੍ਰਚਾਰ ਨੂੰ ਇਨ੍ਹੇ ਹਲਕੇ ਪੱਧਰ ’ਤੇ ਲੈ ਆਏ ਹਨ ਕਿ ਗੁਰਦੁਆਰਾ ਬੰਗਲਾ ਸਾਹਿਬ ਤੋਂ ਕੀਤੀ ਜਾ ਰਹੀ ਗੁਰ-ਸ਼ਬਦ ਦੀ ਵਿਆਖਿਆ ’ਚ ਸਿਵਾਏ ਸ਼੍ਰੋਮਣੀ ਕਮੇਟੀ ਜਾਂ ਸਿੱਖ ਕੌਮ ਦੀ ਕਿਸੇ ਅਜ਼ੀਮ ਸ਼ਖ਼ਸੀਅਤ ਵਿਰੁੱਧ ਦੂਸ਼ਣਬਾਜ਼ੀ ਤੋਂ ਉਪਰ ਨਹੀਂ ਉਠ ਸਕੇ, ਜਿਸ ਦੀ ਹਰ ਪਾਸਿਓਂ ਨਿੰਦਾ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਦੇਣ ਵਾਲਾ ਸਰਨਾ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੀ ਨੁਮਾਇੰਦਗੀ ਦਾ ਭਰਮ ਪਾਲੀ ਬੈਠਾ ਸੀ ਅਤੇ ਉਸ ਦੇ ਇਸ ਹੰਕਾਰ ਤੇ ਗਲਤ ਫਹਿਮੀ ਨੂੰ ਸੰਗਤਾਂ ਦੇ ਉਸ ਥਪੇੜੇ ਨੇ ਦੂਰ ਕਰ ਦਿੱਤਾ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਉਲਟ ਦਸਮੇਸ਼ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ 11 ਜਨਵਰੀ ਦੀ ਬਜਾਏ 5 ਜਨਵਰੀ ਨੂੰ ਮਨਾਉਣ ਲਈ ਵੱਡੇ ਪੱਧਰ ’ਤੇ ਸੱਦਾ ਦੇ ਦਿੱਤਾ ਪਰ ਸੰਗਤਾਂ ਨੇ ਇਸ ਸੱਦੇ ਨੂੰ ਦਰਕਿਨਾਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਦਸਮੇਸ਼ ਪਿਤਾ ਦਾ ਆਗਮਨ ਪੁਰਬ 11 ਜਨਵਰੀ ਸੰਸਾਰ ਪੱਧਰ ’ਤੇ ਮਨਾ ਕੇ ਇੱਕਮੁਠਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਨਿੱਜ਼ੀ ਗਰਜਾਂ ਤੇ ਹਾਓਮੈ ਦੀ ਖਾਤਰ ਸਿੱਖੀ ਪ੍ਰੰਪਰਾਵਾਂ ਅਤੇ ਸਿੱਖ ਜਗਤ ਦੀ ਜਥੇਬੰਧਕ ਸ਼ਕਤੀ ਖੋਰਾ ਲਾਉਣ ਵਾਲੇ ਸਰਨਾ ਨੂੰ ਮੂੰਹ ਨਾ ਲਾਉਣ ਅਤੇ ਉਸ ਦੀਆਂ ਪੰਥ ਵਿਰੋਧੀ ਕਾਰਵਾਈਆਂ ਤੋਂ ਸੁਚੇਤ ਰਹਿਣ।
ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਅਪੀਲ ਕੀਤੀ ਕਿ ਸਿੱਖੀ ਪ੍ਰੰਪਰਾਵਾਂ ਨੂੰ ਖੋਰਾ ਲਾਉਣ ਅਤੇ ਸਿੱਖ ਜਗਤ ਦੇ ਸਰਵਉੱਚ ਪਾਵਨ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਨੌਤੀ ਦੇਣ ਵਾਲੇ ਸਰਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਕੇ ਸਿੱਖੀ ਪ੍ਰੰਪਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਦੇਣ ਦੀ ਜੁਰਤ ਨਾ ਕਰ ਸਕੇ।