ਬਰਨਾਲਾ – ਪੰਜਾਬ ਵਿੱਚ ਹਿੰਦੂ ਸਿੱਖਾਂ ਵਿੱਚ ਕਿਸੇ ਕਿਸਮ ਦਾ ਕੋਈ ਝਗੜਾ ਨਹੀਂ ਹੈ। ਸਿੱਖਾਂ ਦਾ ਜੋ ਕੋਈ ਝਗੜਾ ਹੈ ਤਾਂ ਸਿਰਫ ਹਿੰਦੋਸਤਾਨ ਦੇ ਵਿਤਕਰਿਆਂ ਭਰੇ ਕੁਪ੍ਰਬੰਧ ਨਾਲ ਹੈ। ਪਰ ਕੁਝ ਕੱਟੜਵਾਦੀਏ ਸ਼ਿਵਸੈਨਿਕ ਸਸਤੀ ਸ਼ੋਹਰਤ ਹਾਸਲ ਕਰਨ ਲਈ ਭੜਕਾਉ ਬਿਆਨਬਾਜੀ ਕਰਕੇ ਮਹੌਲ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ, ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀਂ ਜਨਰਲ ਸਕੱਤਰ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਅਤੇ ਜਥੇਦਾਰ ਦਰਸ਼ਨ ਸੰਧੂ ਸਿੰਘ ਸੰਧੂ ਕੈਲੇਫ਼ੋਰਨੀਆ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸ਼ਹੀਦ ਅਤੇ ਸਿੱਖ ਕੌਮ ਦੇ ਹੀਰੋ ਹਨ। ਅੱਜ ਪੰਜਾਬ ਦਾ ਹਰ ਸਿੱਖ ਅਤੇ ਨੌਜੁਆਨ ਵਰਗ ਸੰਤਾਂ ਦੀ ਫੋਟੋ ਆਪਣੀ ਕਾਰ ਜਾ ਮੋਟਰ ਸਾਇਕਲ ਤੇ ਲਾ ਕੇ ਫ਼ਖਰ ਮਹਿਸੂਸ ਕਰਦਾ ਹੈ ਉਨ੍ਹਾਂ ਕਿਹਾ ਕਿ ਭਿੰਡਰਾਂ ਵਾਲੇ ਅੱਤਵਾਦੀ ਨਹੀਂ ਸਗੋਂ ਸੱਤਵਾਦੀ ਸਨ ਜਿੰਨਾ ਨੇ ਸਿੱਖਾਂ ਨੂੰ ਧਰਮ ਵਿੱਚ ਪੱਕੇ ਰਹਿਣ ਦੇ ਨਾਲ ਨਾਲ ਹਿੰਦੂ ਭਰਾਵਾਂ ਨੂੰ ਵਾਰ ਵਾਰ ਆਪਣੇ ਭਾਸ਼ਨਾਂ ਵਿੱਚ ਪੱਕੇ ਹਿੰਦੂ ਬਣਨ ਦੀ ਤਕੀਦ ਵੀ ਕੀਤੀ ਇਸ ਲਈ ਉਨ੍ਹਾਂ ਪ੍ਰਤੀ ਅੱਤਵਾਦੀ ਸ਼ਬਦ ਵਰਤਣਾ ਆਪਣੇ ਮੂੰਹ ਦਾ ਸਵਾਦ ਖਰਾਬ ਕਰਨ ਤੋਂ ਸਿਵਾ ਹੋਰ ਕੁਝ ਨਹੀਂ ਹੋ ਸਕਦਾ।
ਜਥੇਦਾਰ ਧਨੌਲਾ ਨੇ ਕਿਹਾ ਕਿ ਜਿੱਥੋਂ ਤੱਕ ਖ਼ਾਲਿਸਤਾਨ ਦਾ ਸਵਾਲ ਹੈ ਸਾਡੀ ਪਾਰਟੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਇੱਕ ਫੈਸਲੇ ਰਾਹੀਂ ਖੁੱਲ ਦੇ ਦਿੱਤੀ ਹੈ ਕਿ ਆਜ਼ਾਦੀ ਮੰਗਣੀ ਹਰ ਮਨੁੱਖ ਦਾ ਬੁਨਿਆਦੀ ਹੱਕ ਹੈ ਕੋਈ ਵੀ ਪੁਰ ਅਮਨ ਤੇ ਲੋਕ ਰਾਜ਼ੀ ਤਰੀਕੇ ਨਾਲ ਆਜ਼ਾਦੀ ਮੰਗਣ ਵਾਲਾ ਵਿਅਕਤੀ ਅਪਰਾਧੀ ਘੋਸ਼ਿਤ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਾਨੂੰਨ ਨੂੰ ਮੰਨਣ ਵਾਲੀ ਅਤੇ ਜਾਬਤੇ ਵਿੱਚ ਰਹਿਣ ਵਾਲੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਜਿਹੜੀੇ ਇਸ਼ਤਿਹਾਰਾ, ਪੋਸਟਰਾਂ ਰਾਹੀਂ ਅਤੇ ਸੰਗਤਾ ਦੇ ਇਕੱਠਾਂ ਵਿੱਚ ਭਾਸ਼ਨਾਂ ਰਾਹੀਂ ਬੋਲ ਕੇ ਲੋਕਾਂ ਨੂੰ ਆਜ਼ਾਦੀ ਬਾਰੇ ਜਾਗੂਰਕ ਕਰ ਰਹੀ ਹੈ ਕਿਉਂਕਿ 1849 ਤੱਕ ਸਿੱਖਾਂ ਦਾ ਦੇਸ਼ ਅਤੇ ਰਾਜ ਵੱਖਰਾ ਸੀ ਜਦੋਂ ਅੰਗਰੇਜਾ ਨੇ ਭਾਰਤ ਤੇ ਪੂਰੀ ਤਰ੍ਹਾਂ ਕਬਜਾ ਕਰ ਲਿਆ ਸੀ ਤਾਂ ਕੁਝ ਸਮੇਂ ਪਿੱਛੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਸਿੱਖ ਰਾਜ ਉਪਰ ਵੀ ਗੋਰਿਆ ਨੇ ਕਬਜਾ ਕਰ ਲਿਆ ਸੀ ਅਤੇ ਵਾਅਦਾ ਕੀਤਾ ਸੀ ਕਿ ਜਦੋਂ ਕੰਵਰ ਦਲੀਪ ਸਿੰਘ 21 ਸਾਲ ਦਾ ਹੋ ਜਾਵੇਗਾ ਤਾਂ ਸਿੱਖਾਂ ਨੂੰ ਰਾਜ ਵਾਪਿਸ ਦੇ ਦਿੱਤਾ ਜਾਵੇਗਾ। ਜਿੱਥੇ ਗੋਰਿਆ ਨੇ ਵਾਅਦਾ ਖ਼ਿਲਾਫੀ ਕੀਤੀ ਉੱਥੇ 1947 ਵਿੱਚ ਕੁਝ ਸਿੱਖ ਲੀਡਰਾਂ ਦੀ ਨਲਾਇਕੀ ਅਤੇ ਨਹਿਰੂ, ਗਾਂਧੀ ਅਤੇਪਟੇਲ ਦੀ ਸ਼ਾਤਰਤਾ ਨੇ ਸਿੱਖ ਰਾਜ ਨੂੰ ਦੋਫਾੜ ਕਰਕੇ ਕੁਝ ਹਿੱਸਾ ਪਾਕਿਸਤਾਨ ਅਤੇ ਕੁਝ ਹਿੰਦੂ ਰਾਸ਼ਟਰ ਵਿੱਚ ਮਿਲਾ ਦਿੱਤਾ। ਸੋ ਅਸੀ ਹੁਣ ਬਜੁਰਗਾ ਦੀ ਗਲਤੀ ਦੀ ਸੋਧ ਕਰਕੇ ਆਪਣਾ ਘਰ ਖ਼ਾਲਿਸਤਾਨ ਮੁੜ ਸੁਰਜੀਤ ਕਰਨਾ ਚਾਹੁੰਦੇ ਹਾਂ ਅਤੇ ਸ਼ਿਵ ਸੈਨਿਕਾ ਨੂੰ ਵਿਸ਼ਵਾਸ ਦਿਵਾਉਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਗੂੰ ਖ਼ਾਲਿਸਤਾਨ ਵਿੱਚ ਸਿੱਖਾਂ ਹਿੰਦੂਆਂ ਮੁਸਲਮਾਨਾਂ ਇਸਾਈਆਂ ਅਤੇ ਰੰਗਰੇਟੇ ਸਿੱਖਾਂ (ਦਲਿਤਾਂ) ਲਈ ਕਾਨੂੰਨ ਅਤੇ ਅਧਿਕਾਰ ਸਭ ਬਰਾਬਰ ਹੋਣਗੇ।
ਜਥੇਦਾਰ ਧਨੌਲਾ ਨੇ ਸ਼ਿਵ ਸੈਨਾ ਦੇ ਆਗੂਆਂ ਤੋ ਸਹਿਮਤੀ ਮੰਗੀ ਕਿ ਜੇਕਰ ਉਹ ਰਜ਼ਾਮੰਦ ਹਨ ਤਾਂ ਅਸੀ ‘‘ਸਿੱਖ ਖ਼ਾਲਿਸਤਾਨ ਕਿਉਂ ਚਾਹੁੰਦੇ ਹਨ?’’ ਦੇ ਵਿਸ਼ੇ ਤੇ ਸੈਮੀਨਾਰ ਕਰਵਾਉਣ ਲਈ ਤਿਆਰ ਹਾਂ ਅਤੇ ਸ਼ਿਵ ਸੈਨਿਕਾ ਨੂੰ ਘਰੋ ਲੈ ਕੇ ਜਾਣ ਤੇ ਸੈਮੀਨਾਰ ਵਿੱਚ ਪੂਰਨ ਆਜ਼ਾਦੀ ਨਾਲ ਭਾਸ਼ਣ ਦਿਵਾਉਣ ਉਪਰੰਤ ਘਰ ਵਾਪਿਸ ਛੱਡ ਕੇ ਜਾਣ ਤੱਕ ਦੀ ਸੁਰੱਖਿਆ ਦੀ ਗਾਰੰਟੀ ਲੈਦੇ ਹਾਂ। ਅਸੀ ਮੀਡਿਆ ਤੇ ਲੋਕਾਂ ਸਾਹਮਣੇ ਖੁੱਲੀ ਬਹਿਸ ਦੌਰਾਨ ਸਾਬਿਤ ਕਰ ਦੇਵਾਂਗੇ ਕਿ ਖ਼ਾਲਿਸਤਾਨ ਬਿਨ੍ਹਾਂ ਸਿੱਖਾਂ ਦੀ ਨਿਰਾਲੀ ਪਹਿਚਾਣ, ਬਾਣੀ, ਬਾਣਾ, ਸਿਧਾਂਤ, ਸਭਿਆਚਾਰ ਅਤੇ ਬੋਲੀ ਭਵਿੱਖ ਵਿੱਚ ਸੁਰੱਖਿਅਤ ਨਹੀਂ ਰਹਿ ਸਕਦੀ। ਖ਼ਾਲਿਸਤਾਨ ਦਾ ਸਭ ਤੋਂ ਵੱਧ ਫਾਇਦਾ ਹਿੰਦੂ ਭਰਾਵਾਂ ਅਤੇ ਹਿੰਦੋਸਤਾਨ ਨੂੰ ਹੋਵੇਗਾ ਕਿਉਂਕਿ ਹਿੰਦੂਆਂ ਤੇ ਮੁਸਲਮਾਨਾਂ ਦਰਿਮਾਨ ਲਗਭਗ ਚੌਦਾ ਸਦੀਆ ਤੋਂ ਦੁਸ਼ਮਣੀ ਚੱਲੀ ਆਉਂਦੀ ਹੈ ਅਤੇ ਅੱਜ ਤਿੰਨ ਵੱਡੀਆ ਨਿਊਕਲੀਅਰ ਤਾਕਤਾਂ ਹਿੰਦੂ ਰਾਸ਼ਟਰ ਹਿੰਦੋਸਤਾਨ, ਮੁਸਲਿਮ ਪਾਕਿਸਤਾਨ ਅਤੇ ਕੌਮਨਿਸਟ ਚੀਨ ਆਪਸ ਵਿੱਚ ਭਿੜ ਜਾਂਦੇ ਹਨ ਤਾਂ ਜੰਗ ਦਾ ਮੈਦਾਨ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਅਤੇ ਜੰਮੂ ਦਾ ਇਲਾਕਾ ਹੀ ਬਣੇਗਾ ਅਤੇ ਅੱਜ ਤੱਕ ਕੋਈ ਅਜਿਹੀ ਮਿਜ਼ਾਇਲ ਨਹੀਂ ਬਣੀ ਜਿਹੜੀ ਹਿੰਦੂ ਸਿੱਖ ਜਾਂ ਮੁਸਲਮਾਨ ਦੀ ਪਛਾਣ ਕਰ ਸਕੇ। ਇਸ ਲਈ ਅਸੀ ਦੱਖਣੀ ਏਸ਼ੀਆ ਖਿੱਤੇ ਵਿੱਚ ਸਦੀਵੀ ਅਮਨ ਕਾਇਮ ਕਰਨ ਲਈ ਤਿੰਨਾਂ ਪ੍ਰਮਾਣੂ ਤਾਕਤਾਂ ਵਿਚਕਾਰ ਬਫ਼ਰ ਸਟੇਟ ਖ਼ਾਲਿਸਤਾਨ ਬਣਾਉਣ ਦੀ ਮੰਗ ਕਰ ਰਹੇ ਹਾਂ।
ਜਥੇਦਾਰ ਧਨੌਲਾ ਨੇ ਕਿਹਾ ਕਿ ਸ਼ਿਵ ਸੈਨਿਕਾ ਦੀ ਮਾਂ ਪਾਰਟੀ ਅਤੇ ਪ੍ਰਮੁੱਖ ਹਿੰਦੂ ਸਿਆਸੀ ਪਾਰਟੀ ਬੀ.ਜੇ.ਪੀ. ਦੀ ਜਿਸ ਪਾਰਟੀ ਬਾਦਲ ਦਲ ਅਤੇ ਉਸ ਦੇ ਆਗੂ: ਪ੍ਰਕਾਸ਼ ਸਿੰਘ ਬਾਦਲ ਨਾਲ ਸਾਂਝ ਹੈ ਉਸ ਨੇ ਦੋ ਦਹਾਕੇ ਪਹਿਲਾ ਯੂ.ਐਨ.ਓ. ਦੇ ਸਕੱਤਰ ਜਰਨਲ ਬੁਤਰਸ ਘਾਲੀ ਨੂੰ ਖ਼ਾਲਿਸਤਾਨ ਕਾਇਮ ਕਰਨ ਲਈ ਦਿੱਤੇ ਮੰਗ ਪੱਤਰ ਤੇ ਦਸਤਖਤ ਕੀਤੇ ਸਨ ਇਸ ਤੋਂ ਇਲਾਵਾ 1994 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਅੰਮ੍ਰਿਤਸਰ ਐਲਾਨਨਾਮਾਂ (ਖ਼ਾਲਿਸਤਾਨੀ ਦਸਤਾਵੇਜ) ਉੱਪਰ ਜਥੇਦਾਰ ਗੁਰਚਰਨ ਸਿੰਘ ਟੋਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸ਼੍ਰ: ਸੁਰਜੀਤ ਸਿੰਘ ਬਰਨਾਲਾ, ਭਾਈ ਮਨਜੀਤ ਸਿੰਘ, ਕੈਪਟਨ ਅਮਰਿੰਦਰ ਸਿੰਘ ਨੇ ਦਸਤਖਤ ਕੀਤੇ ਸਨ। ਸੋ ਹਿੰਦੂ ਵੀਰ ਹਮੇਸ਼ਾ ਇਨ੍ਹਾਂ ਪਾਰਟੀਆਂ ਨੂੰ ਵੱਧ ਚੜ ਕੇ ਵੋਟਾ ਪਾਉਦੇ ਹਨ। ਜਿੰਨਾ ਦੇ ਆਗੂ ਸਮੇਂ ਸਮੇਂ ਖ਼ਾਲਿਸਤਾਨ ਨੂੰ ਮਾਨਤਾ ਦੇ ਚੁੱਕੇ ਹਨ ਸੋ ਮੇਰੀ ਸ਼ਿਵ ਸੈਨਿਕਾ ਨੂੰ ਅਪੀਲ ਹੈ ਕਿ ਉਹ ਭੜਕਾਊ ਬਿਆਨਬਾਜ਼ੀ ਕਰਕੇ ਪੰਜਾਬ ਦੇ ਸੁਖਾਵੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ ਨਾ ਕਰਨ ਉਨ੍ਹਾਂ ਨੂੰ ਸਮਾਂ ਆਉਣ ਤੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਰਾਜੀ ਤਰੀਕੇ ਨਾਲ ਵਿਰੋਧ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ।
ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸ਼ਹੀਦ ਅਤੇ ਸਿੱਖ ਕੌਮ ਦੇ ਹੀਰੋ ਹਨ
This entry was posted in ਸਰਗਰਮੀਆਂ.