ਲੁਧਿਆਣਾ:- ਆਸਟਰੇਲੀਆ ਤੋਂ ਨੀਲ ਸੀ ਟਰਨਰ ਨੇ ਵਿਸ਼ੇਸ਼ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਅੱਜ ਦੌਰਾ ਕੀਤਾ। ਪ੍ਰੋਫੈਸਰ ਟਰਨਰ ਪੱਛਮੀ ਆਸਟ੍ਰੇਲੀਆਈ ਯੂਨੀਵਰਸਿਟੀ ਦੇ ਕੁਦਰਤੀ ਸੋਮਿਆਂ ਅਤੇ ਖੇਤੀਬਾੜੀ ਵਿਗਿਆਨ ਵਿੱਚ ਬਤੌਰ ਸਾਇੰਸਦਾਨ ਸੇਵਾ ਨਿਭਾ ਰਹੇ ਹਨ। ਆਪਣੀ ਦੋ ਦਿਨਾਂ ਇਸ ਫੇਰੀ ਦੌਰਾਨ ਪ੍ਰੋਫੈਸਰ ਟਰਨਰ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਕਿ ਛੋਲਿਆਂ ਸੰਬੰਧੀ ਖੋਜ ਨੂੰ ਹੋਰ ਉਤਸ਼ਾਹਿਤ ਕਰਨ ਲਈ ਆਸਟ੍ਰੇਲੀਆਈ ਸਰਕਾਰ ਵੱਲੋਂ ਇੱਕ ਵੱਡਾ ਉੱਦਮ ਇਸ ਖੇਤਰ ਵਿੱਚ ਉਲੀਕਿਆ ਗਿਆ ਹੈ। ਇਸ ਪ੍ਰੋਜੈਕਟ ਤਹਿਤ ਛੋਲਿਆਂ ਵਿੱਚ ਬੀਮਾਰੀਆਂ ਅਤੇ ਕੀੜੇ ਮਕੌੜਿਆਂ ਪ੍ਰਤੀ ਸਹਿਨਸ਼ੀਲਤਾ, ਵੱਧ ਤਾਪਮਾਨ ਅਤੇ ਤੱਤਾਂ ਦੀ ਘਾਟ ਆਦਿ ਨੂੰ ਸਹਿਣ ਕਰਨ ਦੀ ਸ਼ਕਤੀ ਵਧਾਉਣ ਸੰਬੰਧੀ ਖੋਜ ਨੇਪਰੇ ਚਾੜੀ ਜਾਵੇਗੀ। ਡਾ: ਕੰਗ ਨੇ ਇਸ ਵਿਚਾਰ ਵਟਾਂਦਰੇ ਦੌਰਾਨ ਛੋਲਿਆਂ ਦੀ ਕਿਸਮ ਜੋ ਆਸਟ੍ਰੇਲੀਆ ਵਿੱਚ ਕਾਫੀ ਪਸੰਦ ਕੀਤੀ ਜਾਂਦੀ ਹੈ, ਸੰਬੰਧੀ ਕਾਸ਼ਤ ਦੀਆਂ ਪੰਜਾਬ ਵਿੱਚ ਸੰਭਾਵਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਆਸ ਜਿਤਾਈ ਕਿ ਭਵਿੱਖ ਵਿੱਚ ਦੋਹਾਂ ਮਿਆਰੀ ਅਦਾਰਿਆਂ ਵੱਲੋਂ ਇਸ ਦੀ ਕਾਸ਼ਤ ਸੰਬੰਧੀ ਖੋਜ ਪ੍ਰਾਪਤੀਆਂ ਦਾ ਆਦਾਨ ਪ੍ਰਦਾਨ ਵੀ ਆਰੰਭ ਕੀਤਾ ਜਾਵੇਗਾ।
ਆਸਟ੍ਰੇਲੀਅਨ ਵਿਗਿਆਨੀ ਨੀਲ ਸੀ ਟਰਨਰ ਨੇ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ
This entry was posted in ਖੇਤੀਬਾੜੀ.