ਅੰਮ੍ਰਿਤਸਰ :- ਕੈਨੇਡੀਅਨ ਸੰਸਦ ਮੈਂਬਰ ਡਾ. ਰੂਬੀ ਢਾਲਾ ਨੇ ਅੱਜ ਆਪਣੇ ਪ੍ਰੀਵਾਰਕ ਮੈਂਬਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਡਾ: ਢਾਲਾ ਦੇ ਨਾਲ ਉਨ੍ਹਾਂ ਦੇ ਮਾਤਾ ਬੀਬੀ ਤਵਿੰਦਰ ਢੱਲਾ, ਉਨ੍ਹਾਂ ਦਾ ਭਰਾ ਡਾ. ਨੀਲ ਢੱਲਾ ਤੋਂ ਇਲਾਵਾ ਬੀਬਾ ਸਤਿੰਦਰ ਸੱਤੀ, ਮਿ: ਸੁਖਦੇਵ ਲਿਧੜ, ਮਿ: ਅਮਰਜੀਤ ਗਰੇਵਾਲ, ਮਿ: ਸੁਖੀ ਢਿੱਲੋਂ, ਮਿ: ਕੰਵਰਜੀਤ ਸਿੰਘ ਬਰਾੜ, ਮਿ: ਪੰਮਾ ਦਿਓਲ, ਮਿ: ਅਮਰਜੀਤ ਸ਼ਰਮਾ, ਮਿ: ਵਿਸ਼ਾਲ ਅਰੋੜਾ, ਮਿ: ਦਲਬੀਰ ਕਥੂਰੀਆ ਅਤੇ ਬਿਟੂ ਸਹੋਤਾ ਆਦਿ ਵੀ ਸਨ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾਂ ਅਧਿਕਾਰੀ ਸ. ਗੁਰਬਚਨ ਸਿੰਘ ਅਤੇ ਸ. ਜਸਵਿੰਦਰ ਸਿੰਘ ਜੱਸੀ ਵੱਲੋਂ ਸਿੱਖ ਧਰਮ ਇਤਿਹਾਸ ਤੇ ਲੰਗਰ ਦੀ ਸੰਸਥਾ ਬਾਰੇ ਦਿੱਤੀ ਜਾਣਕਾਰੀ ’ਚ ਉਨ੍ਹਾ ਨੇ ਡੂੰਘੀ ਦਿਲਚਸਪੀ ਦਿਖਾਈ।
ਬੀਬੀ ਢਾਲਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸਾਦਿ ਦੀ ਦੇਗ ਭੇਟ ਕੀਤੀ, ਮੱਥਾ ਟੇਕਿਆ ਅਤੇ ਇਲਾਹੀ ਬਾਣੀ ਦੇ ਕੀਰਤਨ ਦਾ ਅਨੰਦ ਮਾਣਿਆ। ਉਪਰੰਤ ਸੂਚਨਾਂ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਜਥੇ. ਅਵਤਾਰ ਸਿੰਘ ਦੇ ਨਿਜੀ ਸਹਾਇਕ ਤੇ ਮੀਤ ਸਕੱਤਰ ਸ. ਮਨਜੀਤ ਸਿੰਘ ਨੇ ਬੀਬੀ ਢਾਲਾ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ, ਧਾਰਮਿਕ ਪੁਸਤਕਾਂ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪਬਲੀਸਿਟੀ ਵਿਭਾਗ ਦੇ ਮੀਤ ਸਕੱਤਰ ਸ. ਰਾਮ ਸਿੰਘ, ਸੂਚਨਾਂ ਅਧਿਕਾਰੀ ਸ. ਗੁਰਬਚਨ ਸਿੰਘ, ਸ. ਜਸਵਿੰਦਰ ਸਿੰਘ ਜੱਸੀ, ਅੰਮ੍ਰਿਤਪਾਲ ਸਿੰਘ ਆਦਿ ਵੀ ਮੌਜੂਦ ਸਨ।
ਬੀਬੀ ਢਾਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਣ ਸਤਿਕਾਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਅੱਜ ਜੀਵਨ ਦੇ ਜਿਸ ਮੁਕਾਮ ’ਤੇ ਹਾਂ ਇਹ ਸਭ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ’ਚ ਵਿਸ਼ਵਾਸ਼ ਰੱਖਦਿਆਂ ਨਰੋਏ ਸਮਾਜ ਦੀ ਸਿਰਜਣਾ ਅਤੇ ਮਨੁੱਖਤਾ ਦੀ ਸੇਵਾ ਲਈ ਸਾਨੂੰ ਵੱਡਿਆਂ ਦਾ ਸਤਿਕਾਰ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਕਦੇ ਵੀ ਭੁਲਣਾ ਨਹੀਂ ਚਾਹੀਦਾ।
ਕੈਨੇਡੀਅਨ ਸੰਸਦ ਮੈਂਬਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
This entry was posted in ਪੰਜਾਬ.