ਲੁਧਿਆਣਾ: -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਖੇਤੀ ਇੰਜੀਨੀਅਰਿੰਗ ਕਾਲਜ ਦੇ ਕੋਆਰਡੀਨੇਟਰ ਖੋਜ ਡਾ: ਚਰਨਜੀਤ ਸਿੰਘ ਪਨੂੰ ਨੇ ਕਿਹਾ ਹੈ ਕਿ ਸੜਕ ਸੁਰੱਖਿਆ ਨਿਯਮਾਂ ਵਾਲੇ ਚਿੰਨ੍ਹ ਪੁਰਾਣੇ ਟਰੈਕਟਰਾਂ ਤੇ ਵੀ ਲਗਾਏ ਜਾਣ ਤਾਂ ਜੋ ਹੌਲੀ ਚੱਲਣ ਵਾਲੀ ਸਵਾਰੀ ਦੇ ਨਿਸ਼ਾਨ ਨੂੰ ਵੇਖ ਕੇ ਬਾਕੀ ਆਵਾਜਾਈ ਵਿੱਚ ਵਿਘਨ ਨਾ ਪਵੇ ਸਗੋਂ ਇਹ ਸਰਕਾਰੀ ਨਿਯਮਾਂ ਅਧੀਨ ਲਾਜ਼ਮੀ ਵੀ ਹੈ। ਡਾ: ਪਨੂੰ ਨੇ ਦੱਸਿਆ ਕਿ ਸਭ ਨਵੇਂ ਟਰੈਕਟਰਾਂ ਵਿੱਚ ਇਹ ਸੜਕ ਸੁਰੱਖਿਆ ਨਿਯਮਾਂ ਵਾਲੇ ਚਿੰਨ੍ਹ ਪਹਿਲਾਂ ਹੀ ਫਿੱਟ ਕੀਤੇ ਜਾ ਰਹੇ ਹਨ ਅਤੇ ਸੜਕ ਤੇ ਤੁਰਦਿਆਂ ਦੂਰੋਂ ਹੀ ਇਨ੍ਹਾਂ ਬਾਰੇ ਜਾਣਕਾਰੀ ਹਾਸਿਲ ਹੋ ਜਾਂਦੀ ਹੈ। ਡਾ: ਪਨੂੰ ਨੇ ਦੱਸਿਆ ਕਿ ਸੜਕ ਹਾਦਸਿਆਂ ਤੋਂ ਮੁਕਤੀ ਲਈ ਟਰੈਕਟਰਾਂ ਨੂੰ ਸੁਰੱਖਿਆ ਢਾਂਚੇ ਨਾਲ ਵੀ ਲੈਸ ਕੀਤਾ ਜਾਂਦਾ ਹੈ ਤਾਂ ਜੋ ਟਰਾਲੀ ਪਲਟਣ ਕਾਰਨ ਚਾਲਕ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਆਖਿਆ ਕਿ ਟਰੈਕਟਰ ਦੀ ਪਿਛਲੀ ਬਾਹੀ ਤੇ ਪੀਲੇ ਅਤੇ ਲਾਲ ਪੱਟੀ ਵਾਲੇ ਤਿਕੌਨੇ ਰਿਫੈਲਕਟਰ ਲਾਏ ਜਾਣ ਜੋ ਦੂਰੋਂ ਚਮਕਣ ਕਾਰਨ ਪਿਛੋਂ ਆਉਦੀਆਂ ਸਵਾਰੀਆਂ ਨੂੰ ਘੱਟੋ ਘੱਟ 30 ਮੀਟਰ ਦੇ ਫਾਸਲੇ ਤੋਂ ਸੁਚੇਤ ਕਰ ਸਕਣ।
ਖੇਤੀ ਮਸ਼ੀਨਰੀ ਵਿਭਾਗ ਦੇ ਡਾ: ਨਰਿੰਦਰ ਛੁਨੇਜਾ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਟਰੈਕਟਰ ਦੀਆਂ ਬਰੇਕਾਂ ਦੀ ਨਾਲੋਂ ਨਾਲ ਪਰਖ਼ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਲੱਦੀ ਹੋਈ ਟਰਾਲੀ ਨੂੰ ਵੀ ਹਾਈਡਰਾਲਿਕ ਬਰੇਕਾਂ ਨਾਲ ਕੰਟਰੋਲ ਕੀਤਾ ਜਾ ਸਕੇ। ਜੇਕਰ ਟਰਾਲੀ ਨੂੰ ਵੀ ਬਰੇਕਾਂ ਹੋਣਗੀਆਂ ਤਾਂ ਹਾਦਸੇ ਰੋਕੇ ਜਾ ਸਕਣਗੇ। ਲਾਈਟਾਂ ਵੀ ਠੀਕ ਸਥਿਤੀ ਵਿੱਚ ਚਾਹੀਦੀਆਂ ਹਨ।
ਟਰੈਕਟਰ ਦੀ ਸੁਰੱਖਿਅਤ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਡਾ: ਜੀ ਐਸ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਟਰੈਕਟਰ ਚਲਾਉਂਦੇ ਸਮੇਂ ਸ਼ਰਾਬ, ਅਫੀਮ ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਸ਼ੀਸ਼ੇ ਨੂੰ ਸਹੀ ਐਂਗਲ ਤੇ ਰੱਖਣਾ ਚਾਹੀਦਾ ਹੈ ਤਾਂ ਜੋ ਪਿਛੋਂ ਆਉਂਦੀ ਸਵਾਰੀ ਬਾਰੇ ਜਾਣਕਾਰੀ ਮਿਲ ਸਕੇ। ਇਵੇਂ ਹੀ ਘੋਨੇ ਫਾਟਕਾਂ ਤੇ ਦੋਹੀਂ ਪਾਸੀਂ ਦੇਖ ¦ਘਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਟਰੈਕਟਰ ਪੁਲੀ ਚਲਦੇ ਸਮੇਂ ਢਿੱਲੇ ਕੱਪੜੇ ਅਤੇ ਖੁੱਲੀ ਜੁੱਤੀ ਪਾਉਣੀ ਵੀ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ।
ਪੁਰਾਣੇ ਟਰੈਕਟਰਾਂ ਨੂੰ ਸੜਕ ਸੁਰੱਖਿਆ ਨਿਯਮਾਂ ਵਾਲੇ ਚਿੰਨ੍ਹ ਲਗਾਏ ਜਾਣ-ਡਾ: ਪਨੂੰ
This entry was posted in ਪੰਜਾਬ.