ਨਵੀਂ ਦਿੱਲੀ :- ਸ. ਤਰਸੇਮ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਬਾਦਲਕਿਆਂ ਦੇ ਉਸ ਬਿਆਨ ਦਾ ਪੁਰਜ਼ੋਰ ਖੰਡਨ ਕੀਤਾ, ਜਿਸ ਵਿਚ ਉਨ੍ਹਾਂ ਦੋਸ਼ ਲਾਇਆ ਹੈ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਹ ਨਗਰ ਵਿਖੇ ‘ਸਿੱਖ ਧਰਮ ਦੀ ਮੁੱਢਲ਼ੀ ਜਾਣਕਾਰੀ’ ਪੁਸਤਕ ਲੈਣ ਲਈ ਬੱਚਿਆਂ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਦੇਣਾ ਲਾਜ਼ਮੀ ਕੀਤਾ ਗਿਆ ਹੈ, ਤੇ ਇਸ ਦੇ ਲਈ ਸਬੰਧਤ ਪੁਸਤਕ ਲੈਣ ਲਈ ਕਿਸੇ ਵੀ ਬੱਚੇ ਨੂੰ ਮਜ਼ਬੂਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ‘ਸਿੱਖ ਮਿਸ਼ਨਰੀ’ ਵਲੋਂ ਇਸੇ ਵਿਸ਼ੇ ਦੀ ਪ੍ਰਕਾਸ਼ਿਤ ਕੀਤੀ ਗਈ ਪੁਸਤਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਪੁਸਤਕ ਦੇ ਪੱਧਰ ਦੀ ਨਹੀਂ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸੇ ਵਿਸ਼ੇ ਤੇ ਪ੍ਰਕਾਸ਼ਿਤ ਕੀਤੀ ਗਈ ਪੁਸਤਕ ਇਸ ਪੱਧਰ ਦੀ ਹੈ, ਜੋ ਮੁਫਤ ਵੰਡੀ ਜਾ ਰਹੀ ਹੋਵੇ। ਸ. ਤਰਸੇਮ ਸਿੰਘ ਨੇ ਕਿਹਾ ਕਿ ਬਾਦਲਕਿਆਂ ਵਲੋਂ ਧਰਮ ਵਿਚ ਰਾਜਨੀਤੀ ਨੂੰ ਰਲਗਡ ਕਰਕੇ ਅੱਗੇ ਹੀ ਸਿੱਖੀ ਨੂੰ ਕਾਫੀ ਢਾਹੀ ਲਾਈ ਜਾ ਚੁੱਕੀ ਹੈ, ਜਿਸ ਤੋਂ ਉਨ੍ਹਾਂ ਨੂੰ ਘੱਟੋ-ਘਟ ਸਿੱਖੀ ਦੇ ਹਿਤ ਵਿਚ ਸੰਕੋਚ ਕਰ ਲੈਣਾ ਚਾਹੀਦਾ ਹੈ।
ਸ. ਤਰਸੇਮ ਸਿੰਘ ਨੇ ਕਿਹਾ ਕਿ ਡਾ. ਕਰਨ ਸਿੰਘ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੀਤੀ ਗਈ ਗਲਤ ਬਿਆਨੀ ਦਾ ਉਸੇ ਸਮੇਂ ਨੋਟਿਸ ਲੈ ਲਿਆ ਗਿਆ ਸੀ ਤੇ ਸਟੇਜ ਤੋਂ ਦੋ ਵਾਰ ਇਸ ਗਲਤ ਬਿਆਨੀ ਦਾ ਖੰਡਨ ਕੀਤਾ ਗਿਆ ਸੀ। ਉਨ੍ਹਾਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਹ ਨਗਰ ਦੀ ਇਮਾਰਤ ਸਬੰਧੀ ਲਾਏ ਗਏ ਦੂਸ਼ਣ ਦਾ ਜਵਾਬ ਦਿੰਦਿਆਂ ਦੱਸਿਆ ਕਿ ਸਕੂਲ ਦੀ ਇਮਾਰਤ ਦਾ ਇਕ ਹਿੱਸਾ ਜੋ ਬਾਦਲਕਿਆਂ ਦੇ ਸੱਤਾ ਕਾਲ ਵਿਚ ਬਣਵਾਇਆ ਗਿਆ ਸੀ, ਬੀਤੇ ਦਿਨੀਂ ਢਹਿ ਗਿਆ ਸੀ, ਜਿਸ ਕਾਰਣ ਸਕੂਲ ਦੀਆਂ ਸੀਨੀਅਰ ਜਮਾਤਾਂ ਹਰੀ ਨਗਰ ਸਥਿਤ ਸਕੂਲ ਵਿਚ ਸ਼ਿਫਟ ਕਰ ਦਿੱਤੀਆਂ ਗਈਆਂ ਸਨ ਤੇ ਕੁਝ ਵਿਦਿਆਰਥੀ ਹਰੀ ਨਗਰ ਸਕੂਲ ਦੂਰ ਹੋਣ ਕਾਰਣ ਨੇੜੇ ਦੇ ਦੂਜੇ ਸਕੂਲਾਂ ਵਿਚ ਚਲੇ ਗਏ ਸਨ। ਜਿਸ ਕਾਰਣ ਸਕੂਲ ਨੂੰ ਆਰਥਕ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਜਿਸ ਪੁਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਾਬੂ ਪਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਸਕੂਲ ਦੀ ਇਮਾਰਤ ਦਾ ਜਿਹੜਾ ਹਿੱਸਾ ਡਿੱਗ ਪਿਆ ਸੀ, ਉਸ ਦੀ ਉਸਾਰੀ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ ਤੇ ਛੇਤੀ ਉਸ ਦੇ ਮੁਕੰਮਲ ਹੋ ਜਾਣ ਤੇ ਉਥੋਂ ਸ਼ਿਫਟ ਹੋਈਆਂ ਜਮਾਤਾਂ ਮੁੜ ਵਾਪਸ ਲੈ ਆਂਦੀਆਂ ਜਾਣਗੀਆਂ।
ਸਕੂਲ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਦੇਣਾ ਲਾਜ਼ਮੀ
This entry was posted in ਪੰਜਾਬ.