ਲੁਧਿਆਣਾ:-ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਅਨੰਦ ਖੇਤੀਬਾੜੀ ਯੂਨੀਵਰਸਿਟੀ, ਅਨੰਦ (ਗੁਜਰਾਤ) ਵਿਖੇ ਆਯੋਜਿਤ ਕੀਤੇ ਗਏ 12ਵੇਂ ਸਰਵ ਭਾਰਤੀ ਅੰਤਰ ਖੇਤੀਬਾੜੀ ਯੂਨੀਵਰਸਿਟੀ ਯੁਵਕ ਮੇਲੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗਰੁੱਪ ਮਾਈਮ, ਸਮੂਹ ਗਾਨ ਅਤੇ ਦੇਸ਼ ਭਗਤੀ ਦੇ ਗੀਤ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਕੇ ਆਪਣੀ ਕਲਾ ਦੇ ਜੌਹਰ ਦਿਖਾਏ ਹਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਪਰਿਤਪਾਲ ਸਿੰਘ ਲੁਬਾਣਾ ਨੇ ਇਸ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਡਾ: ਲੁਬਾਣਾ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਕੋਈ ਸੰਗੀਤ, ਕਲਾ ਦਾ ਵਿਸ਼ਾ ਨਾ ਹੋਣ ਦੇ ਬਾਵਜੂਦ ਵੀ ਪੀ ਏ ਯੂ ਦੇ ਵਿਦਿਆਰਥੀਆਂ ਵੱਲੋਂ ਸਰਵੋਤਮ ਇਨਾਮ ਜਿੱਤਣਾ ਮਾਣ ਵਾਲੀ ਗੱਲ ਹੈ। ਡਾ: ਲੁਬਾਣਾ ਨੇ ਦੱਸਿਆ ਕਿ ਸਮੂਹ ਗਾਨ (ਭਾਰਤੀ) ਅਤੇ ਦੇਸ਼ ਭਗਤੀ ਦੇ ਗੀਤ ਦੀ ਵੰਨਗੀ ਵਿੱਚ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਵਿਕਾਸ ਤਿਵਾੜੀ, ਅਕਸ਼ੀ ਜੈਨ, ਮੋਨਿਕਾ, ਰਮਨੀਕ ਸਿੰਘ, ਪ੍ਰਦੀਪ ਕੁਮਾਰ ਅਤੇ ਅਮਨਦੀਪ ਕੌਂਡਲ ਨੇ ਖੂਬਸੂਰਤ ਪ੍ਰਦਰਸ਼ਨੀ ਦਿੱਤੀ । ਜਦੋਂ ਕਿ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਬਲਵਿੰਦਰ ਖੰਨਾ, ਚਰਨਜੀਤ ਸਿੰਘ, ਸਿਮਰਜੀਤ ਸਿੰਘ, ਪੁਸ਼ਪਿੰਦਰ ਪਾਲ ਸਿੰਘ, ਰਮਨ ਕਾਂਤ ਸਿੰਗਲਾ, ਨਵੇਦਰਾ ਮਿੱਤਲ ਨੇ ਮਨੁੱਖੀ ਵਿਕਾਸ ਦੇ ਅਹਿਮ ਅੰਸ਼ ਪੇਸ਼ ਕਰਦੀ ਹੋਈ ਗਰੁੱਪ ਮਾਈਮ ਪੇਸ਼ ਕਰਕੇ ਸਰਵੋਤਮ ਇਨਾਮ ਹਾਸਲ ਕੀਤਾ। ਡਾ: ਲੁਬਾਣਾ ਨੇ ਦੱਸਿਆ ਕਿ ਡਾ: ਸੁਖਜੀਤ ਕੌਰ, ਡਾ: ਨਿਰਮਲ ਜੌੜਾ, ਡਾ: ਵਿਸ਼ਾਲ ਬੈਕਟਰ ਅਤੇ ਸ਼੍ਰੀ ਸਤਵੀਰ ਸਿੰਘ ਦੀ ਅਗਵਾਈ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਥੀਏਟਰ, ਸਾਹਿਤਕ ਅਤੇ ਸੂਖਮ ਕਲਾਵਾਂ ਵਿੱਚ ਵੀ ਪੇਸ਼ਕਾਰੀ ਸਲਾਹੁਣਯੋਗ ਰਹੀ ਹੈ।
ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ ਅਤੇ ਸਭਿਆਚਾਰਕ ਗਤੀਵਿਧੀਆਂ ਕੋਆਡੀਨੇਟਰ ਡਾ: ਨਿਰਮਲ ਜੌੜਾ ਨੇ ਇਨਾਮ ਵੰਡ ਸਮਾਰੋਹ ਦੌਰਾਨ ਵਿਚਾਰ ਪੇਸ਼ ਕਰਦਿਆਂ ਪੰਜਾਬ ਅਤੇ ਗੁਜਰਾਤ ਦੀ ਸਭਿਆਚਾਰਕ ਸਾਂਝ ਤੇ ਚਾਨਣਾ ਪਾਇਆ ਅਤੇ ਯੁਵਕ ਮੇਲੇ ਦੇ ਅਹਿਮ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਡਾ: ਜੌੜਾ ਨੇ ਦੱਸਿਆ ਕਿ ਇਸ ਪੰਜ ਰੋਜ਼ਾ ਯੁਵਕ ਮੇਲ ਦੌਰਾਨ ਪੀ ਏ ਯੂ ਦੇ ਵਿਦਿਆਰਥੀਆਂ ਵੱਲੋਂ ਬਣਾਏ ਅਨੁਸਾਸ਼ਨ ਦੀ ਪ੍ਰਬੰਧਕਾਂ ਵੱਲੋਂ ਵਿਸੇਸ਼ ਸ਼ਲਾਘਾ ਕੀਤੀ ਗਈ।
ਰਾਸ਼ਟਰੀ ਯੁਵਕ ਮੇਲੇ ਵਿੱਚ ਪੀ ਏ ਯੂ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ
This entry was posted in ਸਰਗਰਮੀਆਂ.