ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਦੁਰਾਚਾਰ ਦੀ ਸਿਕਾਰ ਇੱਕ ਮਹਿਲਾ ਨੂੰ ਇੱਛਾ ਮ੍ਰਿਤੂ ਦੀ ਇਜ਼ਾਜ਼ਤ ਦੇਣ ਦੇ ਸਬੰਧ ਵਿੱਚ ਅਟਾਰਨੀ ਜਨਰਲ ਦੀ ਸਲਾਹ ਮੰਗੀ ਹੈ। ਅਰੁਣਾ ਰਾਮਚੰਦਰ 36 ਸਾਲਾਂ ਤੋਂ ਦਿਮਾਗੀ ਤੌਰ ਤੇ ਮਰੀ ਹੋਈ ਹੈ। ਦੇਸ਼ ਵਿੱਚ ਇੱਛਾ ਮ੍ਰਿਤੂ ਲੀਗਲ ਨਹੀਂ ਹੈ। ਇਸ ਲਈ ਇਸ ਗੁੰਝਲਦਾਰ ਮਾਮਲੇ ਤੇ ਕੋਰਟ ਨੇ ਰਾਏ ਮੰਗੀ ਹੈ।
ਕੋਰਟ ਵਲੋਂ ਡਾਕਟਰਾਂ ਦੀ ਇੱਕ ਤਿੰਨ ਮੈਂਬਰੀ ਟੀਮ ਵੀ ਨਿਯੁਕਤ ਕੀਤੀ ਗਈ ਹੈ ਜੋ ਅਰੁਣਾ ਦੀ ਸਿਹਤ ਦੀ ਜਾਂਚ ਕਰੇਗੀ ਅਤੇ ਅਗਲੀ ਸੁਣਵਾਈ ਤੱਕ ਉਸ ਦੀ ਸਿਹਤ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦੇਵੇਗੀ। ਇਸ ਮੁੱਦੇ ਤੇ ਸਹਾਇਤਾ ਲਈ ਸਪੈਸ਼ਲ ਵਕੀਲ ਟੀ.ਆਰ ਨੂੰ ਵੀ ਨਿਯੁਕਤ ਕੀਤਾ ਗਿਆ ਹੈ। ਜੱਜਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਪੇਚੀਦਾ ਮਾਮਲਾ ਹੈ ਅਤੇ ਅਦਾਲਤ ਇਸ ਮਾਮਲੇ ਤੇ ਇਸ ਤਰ੍ਹਾਂ ਮਹਿਸੂਸ ਕਰ ਰਹੀ ਹੈ ਜਿਸ ਤਰ੍ਹਾਂ ਕੋਈ ਜਹਾਜ਼ ਸਮੁੰਦਰ ਵਿੱਚ ਭੱਟਕ ਰਿਹਾ ਹੋਵੇ। ਕਨੂੰਨ ਅਤੇ ਬਾਹਰਲੇ ਦੇਸ਼ਾਂ ਵਿੱਚ ਇਸ ਸਬੰਧ ਵਿੱਚ ਦਿੱਤੇ ਗਏ ਫੈਸਲਿਆਂ ਕਰਕੇ ਅਸੀਂ ਵੀ ਮਾਰਗ ਦਰਸ਼ਨ ਚਾਹੁੰਦੇ ਹਾਂ।
ਜੱਜਾਂ ਦੇ ਬੈਂਚ ਨੇ ਇਹ ਟਿਪਣੀ ਅਰੁਣਾ ਦੀ ਸਹੇਲੀ ਪਿੰਕੀ ਵਲੋਂ ਦਿੱਤੀ ਗਈ ਅਰਜ਼ੀ ਤੇ ਕੀਤੀ ਗਈ। ਪਿੰਕੀ ਨੇ ਮੁੰਬਈ ਦੇ ਕਿੰਗ ਐਡਵਰਡ ਮੈਮੋਰੀਅਲ ਹਸਪਤਾਲ ਵਿੱਚ ਭਰਤੀ ਅਰੁਣਾ ਦੀ ਤਰਸਯੋਗ ਹਾਲਤ ਵੇਖ ਕੇ ਅਦਾਲਤ ਨੂੰ ਇਹ ਬੇਨਤੀ ਕੀਤੀ ਸੀ ਕਿ ਉਸ ਨੂੰ ਸ਼ਾਂਤੀ ਨਾਲ ਮਰਨ ਦੀ ਇਜ਼ਾਜਤ ਦਿੱਤੀ ਜਾਵੇ।
ਅਰੁਣਾ ਮੁੰਬਈ ਦੇ ਹਸਪਤਾਲ ਵਿੱਚ ਇੱਕ ਨਰਸ ਸੀ। 27 ਨਵੰਬਰ,1973 ਵਿੱਚ ਹਸਪਤਾਲ ਦੇ ਹੀ ਇੱਕ ਸਵੀਪਰ ਨੇ ਉਸ ਉਪਰ ਹਮਲਾ ਕੀਤਾ ਸੀ। ਉਸ ਦੇ ਗਲੇ ਵਿੱਚ ਕੁੱਤੇ ਦੀ ਸੰਗਲੀ ਪਾ ਕੇ ਉਸ ਨਾਲ ਕੁਕਰਮ ਕੀਤਾ ਗਿਆ ਤਾਂ ਕਿ ਉਹ ਸ਼ੋਰ ਨਾਂ ਮਚਾ ਸਕੇ। ਸੰਗਲੀ ਨਾਲ ਉਸ ਦੇ ਦਿਮਾਗ ਤੱਕ ਆਕਸੀਜਨ ਨਾਂ ਪਹੁੰਚਣ ਕਰਕੇ ਉਸ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਹ ਨਾਂ ਵੇਖ ਸਕਦੀ ਅਤੇ ਨਾਂ ਹੀ ਸੁਣ ਸਕਦੀ ਹੈ। ਉਹ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦੀ। ਹੁਣ ਉਸ ਦੀ ਉਮਰ 60 ਸਾਲ ਹੋ ਗਈ ਹੈ ਅਤੇ ਬਿਸਤਰੇ ਤੇ ਪਏ ਰਹਿਣ ਕਰਕੇ ਉਸ ਦੀ ਪਿੱਠ ਤੇ ਜਖਮ ਵੀ ਹੋ ਗਏ ਹਨ।