ਲੁਧਿਆਣਾ- ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਤਿ ਦੀ ਮਹਿੰਗਾਈ ਅਤੇ ਵਿਅਪਕ ਭ੍ਰਿਸ਼ਟਾਚਾਰ ਲਈ ਕਾਂਗਰਸ ਪਾਰਟੀ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾੳਦਿਆਂ ਕਿਹਾ ਕਿ ਕਾਂਗਰਸ ਦੇਸ਼ ਲਈ ਕੁਦਰਤੀ ਆਫਤਾਂ ਨਾਲੋਂ ਵੀ ਵੱਡੀ ਮੁਸੀਬਤ ਬਣ ਚੁੱਕੀ ਹੇ। ਉਹਨਾਂ ਦੋਸ਼ ਲਾਇਆ ਕਿ ਯੂ ਪੀ ਏ ਸਰਕਾਰ ਅਤੇ ਕਾਂਗਰਸ ਭ੍ਰਿਸ਼ਟਾਚਾਰੀਆਂ ਦਾ ਪਨਾਹਗਾਹ ਬਣ ਚੁਕਿਆ ਹੇ। ਉਹਨਾਂ ਕਿਹਾ ਕਿ ਕਾਂਗਰਸ ਅਤੇ ਕੇਂਦਰ ਸਰਕਾਰ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਤੇ ਕਾਬੂ ਪਾਵੇ ਜਾਂ ਫਿਰ ਐਨ ਡੀ ਏ ਲਈ ਰਾਹ ਸਾਫ ਕਰੇ।
ਅੱਜ ਇੱਥੇ ਜ਼ਿਲ੍ਹਾ ਯੂਥ ਅਕਾਲੀ ਦਲ ਲੁਧਿਆਣਾ (ਸ਼ਹਿਰੀ) ਦੀ ਇੱਕ ਵਿਸ਼ਾਲ ਇਤਿਹਾਸਕ ਰੈਲੀ ਜਿਸ ਦੌਰਾਨ ਜ਼ਿਲ੍ਹੇ ਭਰ ਤੋਂ ਆਏ ਹਜ਼ਾਰਾਂ ਯੂਥ ਅਕਾਲੀ ਦਲ ਦੇ ਵਰਕਰਾਂ ਦਾ ਉਤਸ਼ਾਹ ਤੇ ਜੋਸ਼ ਦੇਖਿਆਂ ਹੀ ਬਣਦਾ ਸੀ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਆਮ ਜਨਤਾ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦੀ ਚੱਕੀ ਵਿਚ ਬੁਰੀ ਤਰਾਂ ਪਿਸ ਰਹੀ ਹੈ।
ਉਹਨਾਂ ਕਿਹਾ ਕਿ ਇਕ ਤਰਫ ਕਾਂਗਰਸ ਦੇ ਜਨਰਲ ਸਕਤਰ ਰਾਹੁਲ ਗਾਂਧੀ ਵਲੋਂ ਗਰੀਬਾਂ ਦੇ ਘਰਾਂ ਵਿਚ ਇਕ ਟਾਈਮ ਰੋਟੀ ਖਾਕੇ ਸ਼ੋਸ਼ੇਬਾਜੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਕੇਂਦਰ ਵਲੋਂ ਬਹੂ-ਕੌਮੀ ਕੰਪਨੀਆਂ, ਕਾਲਾਬਜਾਰੀਆਂ ਅਤੇ ਜਮਾਖੋਰਾਂ ਨੂੰ ਆਮ ਜਨਤਾ ਦੀ ਰੋਟੀ ਰੋਜੀ ਖੋਹਣ ਅਤੇ ਉਹਨਾਂ ਦੀ ਖੱਲ ਲਾਹੁੰਣ ਦੀ ਖੁਲੀ ਛੋਟ ਦੇ ਦਿਤੀ ਗੱਈ ਹੈ । ਉਹਨਾਂ ਕਿਹਾ ਕਿ ਰਾਹੁਲ ਗਾਂਧੀ ਵਲੋਂ ਮਹਿੰਗਾਈ ਲਈ ਗਠਜੋੜ ਦੀ ਸਿਆਸਤ ਨੂੰ ਜਿੰਮੇਵਾਰ ਠਹਿਰਾਉਣ ਤੋਂ ਹੀ ਸਪਸ਼ਟ ਹੈ ਕਿ ਕਾਂਗਰਸ ਤੇ ਯੂ ਪੀ ਏ ਦਾ ਆਪਣੇ ਸਹਿਯੋਗੀਆਂ ’ਤੇ ਕੋਈ ਕੰਟਰੋਲ ਨਹੀਂ ਰਿਹਾ।
ਉਹਨਾਂ ਕਿਹਾ ਕਿ ਵਿਦੇਸ਼ਾਂ ਵਿਚ ਨਜਾਇਜ਼ ਰੂਪ ਵਿਚ ਕੁਝ ਲੋਕਾਂ ਵਲੋਂ ਜਮਾ ਕਰਾਏ ਗਏ ਕਾਲੇ ਧਨ ਦੀ ਵਾਪਸੀ ਸੰਬੰਧੀ ਸੁਪਰੀਮ ਕੋਰਟ ਅਤੇ ਵਿਰੋਧੀ ਧਿਰ ਦੀ ਮੰਗ ਦੇ ਬਾਵਜੂਦ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿਤ ਮੰਤਰੀ ਦੇ ਇਸ ਸੰਬੰਧੀ ਬਿਆਨਾਂ ਨੇ ਦੇਸ਼ ਵਾਸੀਆਂ ਨੂੰ ਨਿਰਾਸ਼ ਕੀਤਾ ਹੈ। ਉਹਨਾਂ ਕਿਹਾ ਕਿ ਵਿਦੀਸ਼ੀ ਬੈਕਾਂ ਵਿਚ ਕਾਲਾ ਧਨ ਜਮ੍ਹਾ ਕਰਾਉਣਾ ਦੇਸ਼ ਦੀ ਮਿੱਟੀ ਨਾਲ ਵਿਸ਼ਵਾਸ਼ਘਾਤ ਹੈ, ਇਕ ਰਿਪੋਰਟ ਮੁਤਾਬਕ ਇਕਲੇ ਸਵਿਸ ਬੈਕਾਂ ਵਿਚ ਹੀ ਭਾਰਤੀਆਂ ਦਾ 70 ਲੱਖ ਕਰੋੜ ਰੁਪੈ ਜਮ੍ਹਾ ਹੈ। ਉਹਨਾਂ ਕਿਹਾ ਕਿ ਇਸ ਵਡੀ ਰਕਮ ਨਾਲ ਦੇਸ਼ ਦੇ ਵਿਕਾਸ ਵਿਚ ਨਵੀਆਂ ਤਬਦੀਲੀਆਂ ਲਿਆਂਦੀਆਂ ਜਾ ਸਕਦੀਆਂ ਹਨ। 30 ਸਾਲ ਤੱਕ ਦੇਸ਼ ਦਾ ਟੈਕਸ ਰਹਿਤ ਬਜਟ ਪੇਸ਼ ਕੀਤਾ ਜਾ ਸਕਦਾ ਹੈ। ਗਰੀਬੀ ਤੇ ਬੇ ਰੁਜਗਾਰੀ ਗਾਇਬ ਕਰਨ ਤੋਂ ਇਲਾਵਾ ਹਰੇਕ ਪਿੰਡ ਨੂੰ ਸੜਕਾਂ ਨਾਲ ਜੋੜਿਆ ਜਾ ਸਕਦਾ ਹੈ।
ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਕੌਮੀ ਹਿਤਾਂ ਦੀ ਥਾਂ ਦੇਸ਼ ਦਾ ਖਜਾਨਾ ਲੁੱਟਣ ਵਾਲਿਆਂ ਨੂੰ ਬਚਾਉਣ ਵਿਚ ਲਗੀ ਹੋਈ ਹੇ, ਕਾਂਗਰਸ ਨਹੀਂ ਚਾਹੁੰਦੀ ਕਿ ਉਹਨਾਂ ਸਾਰਿਆਂ ਦੇ ਨਾਮ ਸਾਹਮਣੇ ਆਉਣ ਜੋ ਵਰਿਆਂ ਤੋਂ ਦੇਸ਼ ਨੂੰ ਲੁੱਟ ਦੇ ਆ ਰਹੇ ਹਨ, ਕਿਉਂਕਿ ਉਹਨਾਂ ਨਾਵਾਂ ਵਿਚ ਗਾਂਧੀ ਪਰਿਵਾਰ ਦਾ ਜਿਕਰ ਵੀ ਸ਼ਾਮਿਲ ਹੈ।
ਇਸ ਮੌਕੇ ਉਹਨਾਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਕੈਪਟਨ ਤੇਜੀ ਨਾਲ ਹੋ ਰਹੇ ਰਾਜ ਦੇ ਵਿਕਾਸ ਨੂੰ ਵੇਖ ਕੇ ਬੁਖਲਾ ਗਿਆ ਹੈ। ਉਹਨਾਂ ਕੈਪਟਨ ਵਲੋਂ ਬਠਿੰਡਾ ਰਿਫਾਨਰੀ ਦਾ ਵਿਰੋਧ ਕਰਨ, ਪੰਜਾਬ ਦੇ ਵਿਕਾਸ ਪ੍ਰਾਜੈਕਟਾਂ ਨੂੰ ਪੈਸਾ ਨਾ ਦੇਣ ਲਈ ਕਦੀ ਪ੍ਰਧਾਨ ਮੰਤਰੀ ਅਤੇ ਕਦੀ ਰਿਜਰਵ ਬੈਕ ਨੂੰ ਚਿੱਠੀਆਂ ਲਿਖ ਕੇ ਰਾਜ ਦੇ ਵਿਕਾਸ ਦੇ ਰਾਹ ਵਿਚ ਅੜਿਕੇ ਢਾਹੁਣ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ । ਉਹਨਾਂ ਸ਼ਾਇਰਾਨੇ ਅੰਦਾਜ਼ ਵਿਚ ਕਿਹਾ ਕਿ ਬਾਦਲ ਸਰਕਾਰ ਨੂੰ ਕੈਪਟਨ ਦੀਆਂ ਗਿੱਦੜ ਭਬਕੀਆਂ ਦੀ ਕੋਈ ਪਰਵਾਹ ਨਹੀਂ ।
ਉਹਨਾਂ ਕਿਹਾ ਕਿ ਕਰਜਾ ਇਕਲੇ ਪੰਜਾਬ ਸਿਰ ਨਹੀਂ ਹੈ , ਪਛਮੀ ਬੰਗਾਲ ਤੇ ਮਹਾਂਰਾਸ਼ਟਰਾ ਸਿਰ 2-2 ਲੱਖ ਕਰੋੜ ਤੇ ਯੂ ਪੀ ਸਿਰ 2. 21 ਲੱਖ ਕਰੋੜ ਦਾ ਕਰਜਾ ਹੈ। ਉਹਨਾਂ ਇੰਕਸਾਫ ਕੀਤਾ ਕਿ ਪੰਜਾਬ ਸਿਰ ਚੜੇ 64 ਹਜਾਰ ਕਰੋੜ ਕਰਜੇ ਦਾ ਤੀਜਾ ਹਿੱਸਾ ਕੈਪਟਨ ਦੀ ਦੇਣ ਹੈ, ਕੈਪਟਨ ਨੇ ਅਪਣੇ ਰਾਜ ਦੌਰਾਨ 19,620 ਕਰੋੜ ਰੁਪੈ ਦਾ ਕਰਜਾ ਲੈ ਕੇ ਸਰਕਾਰ ਚਲਾਈ। ਕੈਪਟਨ ਸਮੇਂ ਰਾਜ ਦੇ ਘਰੇਲੂ ਉਤਪਾਦਨ ਦਾ 45% ਕੇਦਰੀ ਕਰਜਾ ਸੀ, ਜੋ ਕਿ 2004 ਵਿਚ ਤਾਂ ਇਹ ਵੱਧ ਕੇ 47 % ਤੇ ਪਹੁੰਚ ਗਿਆ ਸੀ। ਉਹਨਾਂ ਦਸਿਆ ਕਿ ਅਜ ਮੌਜੂਦਾ ਸਮੇਂ ਇਹ ਕਰਜਾ ਕੁਲ ਘਰੇਲੂ ਉਤਪਾਦਨ ਦੀ ਸਿਰਫ 32 % ਰਹਿ ਗਈ ਹੈ।
ਸ: ਮਜਠੀਆ ਨੇ ਆਪਣੇ ਜੋਸ਼ੀਲੇ ਭਾਸ਼ਣ ਰਾਹੀਂ ਕੈਪਟਨ ਨੂੰ ਸਵਾਲਾਂ ਦੀ ਬੁਛਾੜ ਕਰਦਿਆਂ ਕਿਹਾ ਕਿ ਕੈਪਟਨ ਦਸੇ ਕਿ ਉਹ ਕੇਂਦਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰਿਆਂ ਬਾਰੇ ਚੁੱਪ ਕਿਉਂ ਹੈ। 35ਹਜਾਰ ਕਰੋੜ ਦਾ ਕਰਜਾ ਸਿਰ ਚੁੱਕ ਕੇ 60 ਫੀਸਦੀ ਕੇਂਦਰੀ ਅੰਨ ਭੰਡਾਰ ਵਿਚ ਹਿਸਾ ਪਾਉਣ ਵਾਲੇ ਪੰਜਾਬ ਦੇ ਕਿਸਾਨਾਂ ਦੀ ਕੇਂਦਰ ਵਲੋਂ ਅਣ ਦੇਖੀ, ਗੁਆਂਢੀ ਰਾਜਾਂ ਨੂੰ ਕੇਂਦਰ ਵਲੋਂ ਪਛਲੇ 10 ਸਾਲਾਂ ਤੋਂ ਦਿਤੀ ਜਾ ਰਹੀ ਸਨਅਤੀ ਰਿਆਇਤਾਂ ਦੀ ਮਿਆਦ ਵਿਚ ਕੀਤੇ ਗਏ ਵਧਾ ਬਾਰੇ ਕਿਉ ਉਹ ਖਾਮੋਸ਼ ਹੈ?
ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਭਾਰੀ ਪੰਡ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕੇਂਦਰ ਦੀ ਰਾਜਾਂ ਨਾਲ ਵਿੱਤੀ ਵੰਡ ਪ੍ਰਣਾਲੀ ਦੋਸ਼ ਪੂਰਨ ਅਤੇ ਰਾਜਨੀਤਿਕ ਸਰੋਕਾਰਾਂ ਨਾਲ ਲਬਰੇਜ਼ ਦਸਿਆ । ਉਹਨਾਂ ਦਸਿਆ ਕਿ ਕੇਂਦਰ ਪੰਜਾਬ ਵਿਚੋਂ ਸਭ ਤੋਂ ਵੱਧ ਮਾਲੀਆ ਇਕਠਾ ਕਰਦਾ ਹੈ ਪਰ ਦੇਣ ਸਮੇਂ ਪੰਜਾਬ ਨੂੰ ਕੇਂਦਰੀ ਟੈਕਸਾਂ ਵਿਚੋਂ ਸਿਰਫ 1. 29 ਫੀਸਦੀ ਹਿਸਾ ਅਤੇ ਗਰਾਂਟ ਵਿਚੋਂ ਸਿਰਫ 1.19 ਫੀਸਦੀ ਹਿੱਸਾ ਹੀ ਮਿਲਦਾ ਹੈ। ਜਦ ਕਿ ਕੇਂਦਰੀ ਟੇਕਸਾਂ ਵਿਚੋਂ ਯੂ ਪੀ ਨੂੰ 21 . 7 ਫੀਸਦੀ ਤੇ ਬਿਹਾਰ ਨੂੰ 12 ਫੀਸਦੀ ਤੋਂ ਵੱਧਠ ਗਰਾਂਟਾਂ ਵਿਚੋਂ ਯੂ ਪੀ ਤੇ ਮਹਾਰਾਸ਼ਟਰਾ ਨੂੰ 9 ਫੀਸਦੀ, ਅੰਧਰਾ ਪ੍ਰਦੇਸ਼ , ਜਮੂ ਕਸ਼ਮੀਰ, ਅਸਾਮ ਤੇ ਬਿਹਾਰ ਨੂੰ 6 ਤੋਂ 8 ਫੀਸਦੀ ਦਿਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਬਾਦਲ ਸਰਕਾਰ ਨੇ ਰਾਜ ਦੇ ਬੁਨਿਆਦੀ ਢਾਂਜੇ ਨੂੰ ਮਜਬੂਤ ਕੀਤਾ ਹੈ, ਜਿਸ ਕਾਰਨ ਕਈ ਨਾਮੀ ਕੰਪਨੀਆਂ ਰਾਜ ਵਿੱਚ ਪੂੰਜੀ ਨਿਵੇਸ਼ ਲਈ ਅੱਗੇ ਆ ਰਹੀਆਂ ਹਨ ਅਤੇ ਸਰਕਾਰ ਵਲੋਂ ਵੱਖ ਵੱਖ ਵਿਭਾਗਾਂ ’ਚ 70 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਰਾਜ ਨੂੰ ਬਿਜਲੀ ਸਰਪ੍ਰਸਤ ਬਣਾਉਣ ਲਈ 4 ਨਵੇਂ ਥਰਮਲ ਪਲਾਂਟ, ਕਿਸਾਨਾਂ ਨੂੰ ਬਿਜਲੀ ਫਰੀ ਤੇ ਗਰੀਬਾਂ ਨੂੰ ਆਟਾ ਦਾਲ ਸਕੀਮਾਂ, ਲਗਾਏ ਜਾ ਰਹੇ ਹਨ।
ਨੌਜਵਾਨਾਂ ਦੇ ਠਾਠਾਂ ਮਾਰਦੇ ਜੋਸ਼ ਵੇਖ ਕੇ ਉਤਸ਼ਾਹ ਨਾਲ ਭਰੇ ਸ: ਮਜੀਠੀਆ ਨੇ ਕਿਹਾ ਕਿ ਯੂਥ ਅਕਾਲੀ ਦਲ ਨੇ ਹਰੇਕ ਚੋਣਾਂ ਦੌਰਾਨ ਪਾਰਟੀ ਦੀ ਜਿੱਤ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਾਂਗਰਸ ਦਾ ਮੁਕੰਮਲ ਸਫਾਇਆ ਕਰਨ ਵਿੱਚ ਯੂਥ ਅਕਾਲੀ ਦਲ ਅਹਿਮ ਰੋਲ ਅਦਾ ਕਰੇਗਾ।
ਉਹਨਾਂ ਯੂਥ ਅਕਾਲੀ ਦਲ ਦੇ ਸਮਾਜਿਕ ਏਜੰਡੇ ਦੀ ਗਲ ਕਰਦਿਆਂ ਕਿਹਾ ਕਿ ਯੂਥ ਦਲ ਹੁਣ ਸਮਾਜਕ ਬੁਰਾਈਆਂ ਵਿਰੁੱਧ, ਦਾਜ, ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦਿਆਂ ਨੌਜਵਾਨ ਵਰਗ ਨੂੰ ਖੇਡਾਂ, ਖ਼ੂਨਦਾਨ ਤੇ ਮੈਡੀਕਲ ਕੈਪ ਲਾਉਣ, ਹਰ ਵਰਕਰ ਇੱਕ ਰੁੱਖ ਲਾਉਣ, 5 ਲੋੜਵੰਦ ਬਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਲ ਵਿਸ਼ੇਸ਼ ਤਵੱਜੋ ਦੇਵੇਗਾ। ਅੱਜ ਮਜੀਠੀਆ ਦੀ ਆਮਦ ਮੌਕੇ ਆਤਿਸ਼ਬਾਜ਼ੀ ਤੋਂ ਇਲਾਵਾ ਸਵਾਗਤ ਲਈ ਸੜਕਾਂ ’ਤੇ ਪੰਜ ਕਿੱਲੋ ਮੀਟਰ ਤੱਕ ਗੱਡੀਆਂ ਦਾ ਕਾਫਲਾ ਢੋਲ ਧਮਕੇ ਨਾਲ ਸ਼ਾਮਿਲ ਸੀ। ਇਸ ਮੌਕੇ ਹੋਰਨਾਂ ਸੀਨੀਅਰ ਅਕਾਲੀ ਆਗੂਆਂ ਨੇ ਵੀ ਸੰਬੋਧਨ ਕੀਤਾ।