ਵਾਸਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਇਸ ਲਈ ਅਮਰੀਕਾ ਮਿਸਰ ਦੀ ਜਨਤਾ ਦੇ ਨਾਲ ਹੈ।
ਰਾਸ਼ਟਰਪਤੀ ਓਬਾਮਾ ਨੇ ਕਿਹਾ, “ਅਸੀਂ ਮਿਸਰ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਮਾਨਵ ਅਧਿਕਾਰਾਂ ਦਾ ਖਿਆਲ ਰੱਖੇ ਅਤੇ ਉਨ੍ਹਾਂ ਦੇ ਖਿਲਾਫ਼ ਹਿੰਸਾ ਅਤੇ ਤਾਕਤ ਦੀ ਵਰਤੋਂ ਨਾਂ ਕਰੇ। ਵਿਖਾਵਾਕਾਰੀਆਂ ਨੂੰ ਵੀ ਸਾਡੀ ਇਹ ਅਪੀਲ ਹੈ ਕਿ ਉਹ ਸ਼ਾਂਤੀਪੂਰਣ ਢੰਗ ਨਾਲ ਆਪਣੀ ਗੱਲ ਸਰਕਾਰ ਤਕ ਪਹੁੰਚਾਉਣ।” ਓਬਾਮਾ ਨੇ ਕਿਹਾ ਕਿ ਰਾਸ਼ਟਰ ਦੇ ਨਾਂ ਤੇ ਸੰਦੇਸ਼ ਤੋਂ ਬਾਅਦਉਨ੍ਹਾਂ ਨੇ ਹੋਸਨੀ ਮੁਬਾਰਕ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੋਸਨੀ ਨੇ ਮਿਸਰ ਵਿੱਚ ਸੁਧਾਰਾਂ ਨੂੰ ਲੈ ਕੇ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਿਆਂ ਕਰਨਾ ਮੁਬਾਰਕ ਦੀ ਜਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਲੋਕਤੰਤਰ ਦਾ ਹਿੱਸਾ ਹਨ ਅਤੇ ਇਨ੍ਹਾਂ ਸੇਵਾਵਾਂ ਨੂੰ ਜਲਦੀ ਬਹਾਲ ਕੀਤਾ ਜਾਵੇ।
ਅਮਰੀਕਾ ਵਲੋਂ ਮਿਸਰ ਨੂੰ ਭਾਰੀ ਆਰਥਿਕ ਮਦਦ ਮਿਲਦੀ ਹੈ। ਮਿਸਰ ਦੇ ਤਾਜ਼ਾ ਹਾਲਾਤ ਨੂੰ ਵੇਖਦੇ ਹੋਏ ਅਮਰੀਕਾ ਨੇ ਇਹ ਐਲਾਨ ਕੀਤਾ ਸੀ ਕਿ ਮਿਸਰ ਨੂੰ ਦਿੱਤੀ ਜਾਣ ਵਾਲੀ 1.5 ਅਰਬ ਡਾਲਰ ਦੀ ਮਦਦ ਤੇ ਫਿਰ ਸੋਚ ਵਿਚਾਰ ਕਰੇਗਾ। ਕੁਝ ਦੇਸ਼ਾਂ ਨੇ ਮਿਸਰ ਜਾਣ ਵਾਲੀਆਂ ਉਡਾਣਾ ਬੰਦ ਕਰ ਦਿੱਤੀਆਂ ਹਨ ਅਤੇ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਹਿਦਾਇਤਾਂ ਜਾਰੀ ਕੀਤੀਆਂ ਹਨ।