ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਗੁਰੂ ਨਾਨਕ ਦੇਵ ਜੀ ਦੀ ਬਗਦਾਦ ਫੇਰੀ ਦੀ ਯਾਦ ਵਿੱਚ ਉਥੇ ਸਥਿਤ ਗੁਰਦੁਆਰਾ ਸਹਿਬ ਦੀ ਇਮਾਰਤ ਦੀ ਹਾਲਤ ਮਿਟਣ ਕਿਨਾਰੇ ਪੁਜਣ ਦੀਆਂ ਖ਼ਬਰਾਂ ਪੁਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ ਯਾਦਗਾਰ ਨੂੰ ਮਿਟਣ ਤੋਂ ਬਚਾਉਣ ਲਈ ਹਰ ਹੀਲਾ ਵਰਤਿਆ ਜਾਇਗਾ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਦੀ ਇਸ ਯਾਦਗਾਰ ਦੀ ਸੁਰੱਖਿਅਤਾ ਨਿਸ਼ਚਿਤ ਕਰਵਾਉਣ ਲਈ ਤੁਰੰਤ ਹੀ ਰਾਜਸੀ ਪਧੱਰ ਤੇ ਕਦਮ ਉਠਾਏ।
ਸ. ਸਰਨਾ ਨੇ ਇਸ ਸਬੰਧ ਵਿੱਚ ਇਥੇ ਜਾਰੀ ਇਕ ਬਿਆਨ ਵਿੱਚ ਦਸਿਆ ਕਿ ਤਕਰੀਬਨ ਤਿੰਨ ਸਾਲ ਪਹਿਲਾਂ ਵੀ ਉਨ੍ਹਾਂ ਦਾ ਧਿਆਨ ਗੁਰੂ ਨਾਨਕ ਦੇਵ ਜੀ ਦੀ ਇਸ ਯਾਦਗਾਰ ਦੀ ਹਾਲਤ ਚਿੰਤਾ-ਜਨਕ ਹੋਣ ਵਲ ਦੁਆਇਆ ਗਿਆ ਸੀ। ਉਸ ਸਮੇਂ ਗੁਰਦੁਆਰਾ ਕਮੇਟੀ ਅਤੇ ਦਿੱਲੀ ਅਕਾਲੀ ਦਲ ਦੇ ਪ੍ਰਤੀਨਿਧੀਆਂ ਨੇ ਉਥੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਸੀ ਤੇ ਦਸਿਆ ਸੀ ਕਿ ਇਸ ਯਾਦਗਾਰ ਨੂੰ ਸੁਰਖਿਅਤ ਰਖਣ ਦੇ ਮੁਨਾਸਬ ਪ੍ਰਬੰਧ ਕਰ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਬਗਦਾਦ ਵਿੱਚ ਗੁਰੂ ਨਾਨਕ ਦੇਵ ਜੀ ਦੀ ਇਹ ਯਾਦਗਾਰ ਕੇਵਲ ਗੁਰੂ ਸਾਹਿਬ ਦੀ ਬਗਦਾਦ ਯਾਤਰਾ ਦੀ ਹੀ ਨਿਸ਼ਾਨੀ ਨਹੀਂ ਹੈ, ਸਗੋਂ ਭਾਰਤ ਅਤੇ ਇਰਾਕ ਦੇ ਪ੍ਰਾਚੀਨ ਸਬੰਧਾਂ ਦੀ ਵੀ ਇਕ ਅਮਿਟ ਯਾਦਗਾਰ ਹੈ, ਜਿਸਨੂੰ ਕਾਇਮ ਤੇ ਸੁਰਖਿਅਤ ਰਖਣਾ ਦੋਹਾਂ ਦੇਸ਼ਾਂ ਦੀ ਜ਼ਿਮੇਂਦਾਰੀ ਬਣਦੀ ਹੈ।
ਸ. ਪਰਮਜੀਤ ਸਿੰਘ ਸਰਨਾ ਨੇ ਦਸਿਆ ਕਿ ਬਗਦਾਦ ਸਥਿਤ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਦੀ ਸੁਰੱਖਿਆ ਨਿਸ਼ਚਿਤ ਕਰਵਾਉਣ ਲਈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛੇਤੀ ਹੀ ਜਿਥੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਅਤੇ ਇਰਾਕ ਦੇ ਭਾਰਤ ਸਥਿਤ ਦੂਤਾਵਾਸ ਤਕ ਪਹੁੰਚ ਕਰ ਇਸ ਯਾਦਗਾਰ ਦੇ ਨਾਲ ਸਮੁਚੇ ਸਿੱਖ ਜਗਤ ਦੀਆਂ ਜੁੜੀਆਂ ਭਵਾਨਾਵਾਂ ਤੋਂ ਜਾਣੂ ਕਰਵਾਇਆ ਜਾਇਗਾ ਅਤੇ ਇਸਦੀ ਸੁਰਖਿਅਤਾ ਨਿਸ਼ਚਿਤ ਕਰਵਾਉਣ ਲਈ ਇਰਾਕ ਸਰਕਾਰ ਪੁਰ ਦਬਾਉ ਬਣਾਉਣ ਦੇ ਜਤਨ ਕੀਤੇ ਜਾਣਗੇ, ਉਥੇ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਨਿਧੀ ਮੰਡਲ ਮੌਕੇ ਤੇ ਭੇਜ ਕੇ ਹਾਲਾਤ ਦਾ ਜਾਇਜ਼ਾ ਲਿਆ ਜਾਇਗਾ ਅਤੇ ਯਾਦਗਾਰ ਦੀ ਸੁਰੱਖਿਅਤਾ ਲਈ ਹੋਰ ਵੀ ਮੁਨਾਸਬ ਤੇ ਲੌੜੀਂਦੇ ਕਦਮ ਚੁਕੇ ਜਾਣਗੇ। ਸ. ਸਰਨਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਇਸ ਯਾਦਗਾਰ ਦੀ ਸੁਰਖਿਆ ਹਰ ਹਾਲਤ ਵਿੱਚ ਨਿਸ਼ਚਿਤ ਕਰਵਾਈ ਜਾਇਗੀ।