ਅੰਮ੍ਰਿਤਸਰ-ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰ ਰਹੇ ਐਸਜੀਪੀਸੀ ਦੇ ਮੈਂਬਰ ਅਤੇ ਹਰਿਆਣੇ ਦੀ ਐਡਹਾਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰੈਸ ਕਾਨਫਰੰਸ ਕਰਨ ਲਈ ਭਾਈ ਗੁਰਦਾਸ ਹਾਲ ਵਿਚ ਨਾ ਵੜਣ ਦਿੱਤਾ ਗਿਆ। ਸ: ਝੀਂਡਾ ਉਥੇ ਪ੍ਰੈਸ ਕਾਨਫਰੰਸ ਕਰਨ ਲਈ ਪਹੁੰਚੇ ਤਾਂ ਵੇਖਿਆ ਕਿ ਭਾਈ ਗੁਰਦਾਸ ਹਾਲ ਦੇ ਦਰਵਾਜਿਆਂ ਨੂੰ ਤਾਲੇ ਲੱਗੇ ਹੋਏ ਹਨ। ਜਿਸ ਕਰਕੇ ਉਹ ਅੱਧੇ ਘੰਟੇ ਤੱਕ ਹਾਲ ਦੇ ਬਾਹਰ ਖੜੇ ਰਹੇ। ਅੰਤ ਵਿਚ ਉਨ੍ਹਾਂ ਨੇ ਜਦੋ ਐਸਜੀਪੀਸੀ ਦੇ ਪ੍ਰਧਾਨ ਸ: ਅਵਤਾਰ ਸਿੰਘ ਮੱਕੜ ਨੂੰ ਫੋਨ ਕੀਤਾ ਤਾਂ ਕਿਤੇ ਜਾਕੇ ਦਰਵਾਜ਼ੇ ਖੋਲ੍ਹੇ ਗਏ।
ਜਿਕਰਯੌਗ ਹੈ ਕਿ ਮੌਜੂਦਾ ਸਮੇਂ ਹਰਿਆਣੇ ਦੇ ਸਿੱਖਾਂ ਲੀਡਰਾਂ ਵਲੋਂ ਹਰਿਆਣੇ ਦੇ ਗੁਰਦੁਆਰਿਆਂ ਦੇ ਪ੍ਰਬੰਧਾਂ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸ: ਜਗਦੀਸ਼ ਸਿੰਘ ਝੀਂਡਾ ਇਨ੍ਹਾਂ ਦੋ ਮੋਹਰੀ ਹਨ। ਉਨ੍ਹਾਂ ਨੇ ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਗੁਰਦਾਸ ਹਾਲ ਵਿਚ ਇਕ ਪ੍ਰੈਸ ਕਾਨਫੰਰਸ ਰੱਖੀ ਸੀ। ਲੇਕਨ ਉਥੋਂ ਦੇ ਪ੍ਰਬੰਧਕਾਂ ਵਲੋਂ ਭਾਈ ਗੁਰਦਾਸ ਹਾਲ ਨੂੰ ਬੰਦ ਕਰ ਦਿੱਤਾ ਗਿਆ, ਜਿਸ ਕਰਕੇ ਸ: ਝੀਂਡਾ ਨੂੰ ਅੱਧੇ ਘੰਟੇ ਤੱਕ ਬਾਹਰ ਖੜੇ ਰਹਿਣਾ ਪਿਆ।
ਐਸਜੀਪੀਸੀ ਉਪਰ ਇਲਜ਼ਾਮ ਲਾਉਂਦੇ ਹੋਏ ਸ: ਝੀਂਡਾ ਨੇ ਇਸ ਕਾਰਵਾਈ ਦੀ ਤੁਲਨਾ ਮੰਹਤ ਨਾਰਾਇਣ ਦਾਸ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਵੀ ਸਿੱਖ ਸੰਗਤ ਨੂੰ ਗੁਰਦੁਆਰਿਆਂ ਵਿਚ ਦਾਖ਼ਲ ਨਹੀਂ ਸੀ ਹੋਣ ਦਿੰਦਾ ਅਤੇ ਇਹੀ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ। ਜਿਵੇਂ ਮਹੰਤ ਗੁਰਦੁਆਰਿਆਂ ਨੂੰ ਆਪਣੀ ਜਾਗੀਰ ਸਮਝਦਾ ਸੀ ਇਹੀ ਰਵਈਆ ਐਸਜੀਪੀਸੀ ਵਲੋਂ ਅਖ਼ਤਿਆਰ ਕੀਤਾ ਗਿਆ ਹੈ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਸਬੰਧੀ ਸ: ਝੀਂਡਾ ਨੇ ਕਿਹਾ ਕਿ ਵੱਖਰੀ ਕਮੇਟੀ ਲਈ ਸਾਡੀ ਜੱਦੋ ਜਹਿਦ ਪਿਛਲੇ 10 ਸਾਲਾਂ ਤੋਂ ਜਾਰੀ ਹੈ ਅਤੇ ਵੱਖਰੀ ਕਮੇਟੀ ਬਣ ਜਾਣ ਤੱਕ ਜਾਰੀ ਰਹੇਗੀ। ਇਸ ਬਾਰੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਐਸਜੀਪੀਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਉਪਰ ਵੀ ਇਲਜ਼ਾਮ ਲਾਏ। ਇਸਦੇ ਨਾਲ ਹੀ ਉਨ੍ਹਾਂ ਨੇ ਹਰਿਆਣੇ ਵਿਖੇ ਹੁੱਡਾ ਦੀ ਕਾਂਗਰਸ ਸਰਕਾਰ ਉਪਰ ਵੀ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਸਾਰੇ ਹੀ ਨਹੀਂ ਚਾਹੁੰਦੇ ਕਿ ਹਰਿਆਣੇ ਵਿਚ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇ ਪਰ ਸਾਡੀ ਇਹ ਜੱਦੋ ਜਹਿਦ ਵੱਖਰੀ ਕਮੇਟੀ ਬਣਨ ਤੱਕ ਜਾਰੀ ਰਹੇਗੀ।