ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਪ੍ਰੈਸ ਲਈ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਿਨ੍ਹਾ ਆਗੂਆਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ, ਉਹ ਬੱਬਰ ਖਾਲਸਾ ਵੱਲੋਂ ਨਹੀਂ ਭੇਜੇ ਗਏ ਪਰ ਜਿਹੜੇ ਲੋਕ ਆਪਣੀ ਝੂਠੀ ਸੋਹਰਤ ਦੇ ਲਈ ਆਪਣੀ ਸਕਿਉਰਟੀ ਵਧਾਉਣਾ ਚਾਹੁੰਦੇ ਹਨ, ਉਨ੍ਹਾ ਵੱਲੋਂ ਹੀ ਇਹ ਸ਼ੈਤਾਨੀ ਹੋ ਸਕਦੀ ਹੈ। ਫਿਰ ਵੀ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁੱਛਦੀ ਹੈ ਕਿ ਜਿਨ੍ਹਾ ਨੂੰ ਧਮਕੀਆਂ ਭਰੇ ਈਮੇਲ ਆਏ ਹਨ, ਉਹ ਆਪਣੇ ਪਿਛਲੇ ਅਤੇ ਮੌਜੂਦਾ ਸਮੇਂ ਦੇ ਕਿਰਦਾਰ ਵੱਲ ਝਾਤੀ ਮਾਰਨ ਅਤੇ ਆਪਣੇ ਆਪ ਨੂੰ ਪੁੱਛਣ ਕਿ ਵਾਕਿਆ ਹੀ ਉਨ੍ਹਾ ਨੇ ਸਿੱਖ ਕੌਮ ਉੱਤੇ ਜ਼ੁਲਮ ਕੀਤੇ ਜਾਂ ਕਰਵਾਏ ਹਨ, ਜਿਸ ਕਰਕੇ ਇਨ੍ਹਾ ਨੂੰ ਅਜਿਹੀ ਧਮਕੀ ਆਈ ਹੈ? ਸਾਡੀ ਪਾਰਟੀ ਦੀ ਜਾਣਕਾਰੀ ਮੁਤਾਬਿਕ ਅਜੇ ਤੱਕ ਕੋਈ ਖਾੜਕੂ ਜਥੇਬੰਦੀ ਮੈਦਾਨ ਵਿੱਚ ਨਹੀਂ ਆਈ। ਪਰ ਜੋ ਹਾਲਾਤ ਹਿੰਦੂ ਰਾਸ਼ਟਰ ਦੇ ਬਣਾਏ ਅਤੇ ਪਾਲੇ ਗਏ ਪਿੱਠੂਆਂ ਨੇ ਰਿਸ਼ਵਤਖੋਰੀ, ਠੱਗੀ ਠੋਰੀ ਕਰਕੇ, ਕੁਰਬਾਨੀ ਵਾਲੇ ਸਿੱਖਾਂ ਨੂੰ ਬੇਪੱਤ ਕਰਕੇ, ਸਿੱਖ ਕੌਮ ਦੀ ਨਸਲਕੁਸ਼ੀ ਕਰਕੇ, ਕਾਲੀਆਂ ਸੂਚੀਆਂ ਬਣਾ ਕੇ ਪੈਦਾ ਕੀਤੇ ਹਨ, ਇਹ ਸਾਰੇ ਸਿੱਖ ਕੌਮ ਨੂੰ ਇਨਕਲਾਬ ਵੱਲ ਵੱਧਣ ਸੁਚੇਤ ਕਰ ਰਹੇ ਹਨ। ਮਿਸਰ, ਟੁਨੇਸ਼ੀਆ, ਯਮਨ, ਸੁਡਾਨ ਆਦਿ ਅਰਬ ਮੁਲਕਾਂ ਵਿੱਚ ਬਹੁਤ ਵੱਡੇ ਪੈਮਾਨੇ ‘ਤੇ ਸਰਕਾਰ ਦੇ ਜ਼ਬਰ ਅਤੇ ਲੀਡਰਾਂ ਦੀ ਰਿਸ਼ਵਤਖੋਰੀ ਨੇ ਇਨ੍ਹਾ ਮੁਲਕਾਂ ਵਿੱਚ ਇਨਕਲਾਬ ਲੈ ਆਉਦਾ ਹੈ। ਇੱਥੇ ਸਿੱਖ ਕੌਮ ਦੇ ਅੰਦਰ ਵੀ ਅਜਿਹੀ ਭਾਵਨਾ ਆਉਣ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿਉਂਕਿ ਬਾਦਲ ਪਰਿਵਾਰ, ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ ਅਤੇ ਹੋਰ ਆਗੂਆਂ ਨੇ ਬੇਅੰਤ ਲੁੱਟ ਖਸੁੱਟ ਕਰਕੇ ਗਰੀਬਾਂ, ਰੰਗਰੇਟੇ ਸਿੱਖਾਂ, ਚਾਲੀ ਲੱਖ ਬੇਰੁਜ਼ਗਾਰਾਂ, ਟੀਚਰਾਂ ‘ਤੇ ਧੱਕੇਸ਼ਾਹੀ ਅਤੇ ਸਿੱਖ ਮਜ਼੍ਹਬ ਨੂੰ ਸੰਵਿਧਾਨ ਦੇ ਵਿੱਚ ਹਿੰਦੂ ਧਰਮ ਦਾ ਹਿੱਸਾ ਬਣਾ ਕੇ ਜੋੜ ਦੇਣਾ, ਇਹ ਸਾਰੀਆਂ ਆਫ਼ਤਾਂ ਨੂੰ ਦੇਖਦਿਆਂ ਹੋਇਆ ਸਾਡੀ ਪਾਰਟੀ ਸਮਝਦੀ ਹੈ ਹਾਲਾਤ ਵਿਗੜਣ ਦੇ ਕੰਡੇ ਆਏ ਪਏ ਹਨ।
ਦੂਜੇ ਪਾਸੇ ਸਰਕਾਰ ਨੂੰ ਵੀ ਇਹ ਸਾਰੀਆਂ ਗੱਲਾਂ ਦਾ ਇਲਮ ਹੈ। ਇਸੇ ਕਰਕੇ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪੰਜਾਬ ਪੁਲਿਸ ਨੂੰ ਇਜ਼ਰਾਇਲ ਦੇ ਫੌਜੀ ਅਫਸਰਾਂ ਅਤੇ ਇਜ਼ਰਾਈਲ ਦੀ ਖੂਫੀਆ ਏਜੰਸੀ ਮੁਸਾਦ ਦੇ ਮਾਹਿਰਾਂ ਨੂੰ ਬੁਲਾ ਕੇ ਪੁਲਿਸ ਨੂੰ ਟ੍ਰੇਨਿੰਗ ਦਿਵਾ ਰਹੇ ਹਨ। ਇਹ ਵੀ ਇੱਕ ਇਸ਼ਾਰਾ ਹੈ ਕਿ ਸਰਕਾਰ ਪੂਰੀ ਖਬਰਦਾਰੀ ਵਰਤ ਰਹੀ ਹੈ। ਪਰ ਜਿਹੜੇ ਹਾਲਾਤ ਮਿਸਰ ਅਤੇ ਹੋਰ ਅਰਬ ਮੁਲਕਾਂ ਵਿੱਚ ਦੇਖਦੇ ਹਾਂ ਕਿ ਉਨ੍ਹਾ ਮੁਤਾਬਿਕ ਜੋ ਸਾਡੇ ਲੀਡਰਾਂ ਨੇ ਲੁੱਟਾਂ ਖਸੁੱਟਾਂ, ਬੇਈਮਾਨੀਆਂ ਅਤੇ ਜੁਲਮ ਕੀਤੇ ਹਨ, ਪੁਲਿਸ ਅਤੇ ਫੌਜ ਵੀ ਲੋਕਾਂ ਦੇ ਗੁੱਸੇ ਅੱਗੇ ਖੜੀ ਨਹੀਂ ਹੋ ਸਕੇਗੀ। ਹੁਣ ਜਦੋਂ ਪੰਜਾਬ ਅਤੇ ਹਰਿਆਣੇ ਦੀ ਹਾਈਕੋਰਟ ਵੀ ਰਿਸ਼ਵਤਖੋਰੀ ਦੇ ਕੇਸਾਂ ਵਿੱਚ ਬਾਦਲ ਪਰਿਵਾਰ ਦੇ ਹੱਕ ਵਿੱਚ ਫੈਸਲੇ ਕਰਨ ਡਹਿ ਪਏ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਰਿਸ਼ਵਤਖੋਰੀ ਬਾਰੇ ਵਿਜੀਲੈਂਸ ਪੁਲਿਸ ਅੱਧ-ਪਚੱਦੀ ਛਾਣਬੀਣ ਕਰਕੇ ਤਫਤੀਸ ਨੂੰ ਨੇਪਰੇ ਨਾ ਚਾੜੇ ਤਾਂ ਅਰਬ ਮੁਲਕਾਂ ਦੀ ਤਰ੍ਹਾ ਪੰਜਾਬ ਦੇ ਵਿੱਚ ਇਨਕਲਾਬੀ ਹਾਲਾਤ ਪੈਦਾ ਹੋਣ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ।